ਇਸ ਸ੍ਰਿਸ਼ਟੀ ਦੀ ਕਿਰਿਆ ਨੂੰ ਜਾਰੀ ਰੱਖਣ ਲਈ ਪਰਮਾਤਮਾ ਨੇ ਇੱਕ ਵਿਧਾਨ ਬਣਾਇਆ ਹੋਇਆ ਹੈ। ਉਸ ਵਿਧਾਨ ਵਿੱਚ ਕਿਸੇ ਪ੍ਰਕਾਰ ਦਾ ਫੇਰ-ਬਦਲ ਸੰਭਵ ਨਹੀਂ, ਤਾਂ ਵੀ ਅਜਿਹਾ ਮੰਨਿਆ ਜਾਂਦਾ ਹੈ ਕਿ ਕੁਝ ਖ਼ਾਸ ਕਿਸਮ ਦੇ ਆਦਮੀਆਂ ਲਈ, ਖ਼ਾਸ ਖ਼ਾਸ ਮੌਕਿਆਂ ਉੱਤੇ ਪਰਮਾਤਮਾ ਸ੍ਰਿਸ਼ਟੀ ਦੇ ਨੇਮ ਵੀ ਬਦਲ ਦਿੰਦਾ ਹੈ। ਇਸ ਮਨੋਰਥ ਲਈ ਉਨ੍ਹਾਂ ਖ਼ਾਸ ਆਦਮੀਆਂ ਨੂੰ ਪਰਮਾਤਮਾ ਦੀ ਉਸਤਤ ਅਤੇ (ਉਸ ਅੱਗੇ) ਅਰਦਾਸ ਬੇਨਤੀ ਕਰਨੀ ਹੁੰਦੀ ਹੈ। ਕਿਸੇ ਕੋਲੋਂ ਉਸ ਦੇ ਆਪਣੇ ਬਣਾਏ ਹੋਏ ਅਟੱਲ, ਪ੍ਰਮਾਣਿਤ ਅਤੇ ਸਰਬ ਸਾਂਝੇ ਨੇਮਾਂ ਦਾ ਨਿਰਾਦਰ ਕਰਵਾਉਣ ਲਈ ਕੀਤੀ ਹੋਈ ਉਸਤਤ ਨਿਰੋਲ ਚਾਪਲੂਸੀ ਜਾਂ ਖੁਸ਼ਾਮਦ ਹੈ। ਖੈਰ, ਅਸੀਂ ਰੱਬ ਦੇ ਭਗਤਾਂ ਜਾਂ ਪੁਜਾਰੀਆਂ ਨੂੰ ਖ਼ੁਸ਼ਾਮਦੀ ਕਹਿ ਕੇ ਪਾਪ ਦੇ ਭਾਗੀ ਨਹੀਂ ਹੋਣਾ ਚਾਹੁੰਦੇ।
ਇਹ ਵੀ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੀ ਉਸਤਤ ਕਰਨ ਨਾਲ ਉਸਤਤ-ਕਰਤਾ ਵਿੱਚ ਰੱਬ ਦੇ ਗੁਣ ਪਰਵੇਸ਼ ਕਰ ਜਾਂਦੇ ਹਨ। ਇਸ ਬਾਰੇ ਮੈਂ ਭਰੋਸੇ ਨਾਲ ਕੁਝ ਨਹੀਂ ਕਹਿ ਸਕਦਾ। ਜੇ 'ਕਰ ਜਾਂਦੇ ਹੋਣ ਤਾਂ ਪਰਮਾਤਮਾ ਦਾ ਉਹ ਗੁਣ ਵੀ ਪਰਵੇਸ਼ ਕਰ ਜਾਂਦਾ ਹੋਵੇਗਾ, ਜਿਸ ਦਾ ਲਾਭ ਲੈਂਦਿਆ ਹੋਇਆ ਉਸ ਨੂੰ ਆਪਣੇ ਬਣਾਏ ਵਿਧਾਨ ਦੀ ਉਲੰਘਣਾ ਕਰਨ ਲਈ ਪ੍ਰੇਰਿਆ ਜਾਂ ਵਰਗਲਾਇਆ ਜਾ ਸਕਦਾ ਹੈ। ਏਨੀ ਲੰਮੀ ਘਾਲਣਾ ਨਾਲ ਏਨਾ ਆਮ ਜਿਹਾ ਗੁਣ ਗ੍ਰਹਿਣ ਕਰਨਾ ਕੋਈ ਲਾਹੇਵੰਦਾ ਸੌਦਾ ਨਹੀਂ।
ਕਹਿਣ ਤੋਂ ਭਾਵ ਇਹ ਹੈ ਕਿ ਉਸਤਤ ਪ੍ਰਸੰਸਾ ਨਹੀਂ: ਪ੍ਰਸੰਸਾ ਦਾ ਇੱਕ ਨਿੱਕਾ ਜਿਹਾ ਜੁਜ਼ ਜਾ ਹਿੱਸਾ ਜ਼ਰੂਰ ਹੈ।
ਉਸਤਤ ਅਤੇ ਪ੍ਰਸੰਸਾ ਦੇ ਇੱਕ ਹੋਰ ਅੰਤਰ ਵੱਲ ਇਸ਼ਾਰਾ ਕਰ ਕੇ ਅੱਗੇ ਤੁਰਾਂਗਾ। ਆਮ ਤੌਰ ਉੱਤੇ ਅਸੀਂ ਕਿਸੇ ਦੀ ਉਸਤਤ ਉਸ ਨੂੰ ਪ੍ਰਸੰਨ ਕਰਨ ਲਈ ਕਰਦੇ ਹਾਂ। ਹੋ ਸਕਦਾ ਹੈ ਉਸ ਨੂੰ (ਉਸਤਤ ਰਾਹੀਂ) ਪ੍ਰਸੇਨ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਕੇ ਅਸੀਂ ਆਪ ਵੀ ਪ੍ਰਸੰਨ ਹੋਈਏ। ਪਰੰਤੂ ਪ੍ਰਸੰਸਾ ਕਿਸੇ ਨੂੰ ਪ੍ਰਸੰਨ ਕਰਨ ਲਈ ਨਹੀਂ ਕੀਤੀ ਜਾਂਦੀ, ਨਾ ਹੀ ਪ੍ਰਸੰਸਾ ਕਰਨ ਵਾਲੇ ਦਾ ਮਨੋਰਥ ਕਿਸੇ ਕਿਸਮ ਦੀ ਖੁਸ਼ੀ ਹਾਸਲ ਕਰਨਾ ਹੁੰਦਾ ਹੈ। ਪ੍ਰਸੰਸਾ ਪ੍ਰਸੰਨਤਾ ਦਾ ਕਾਰਨ ਨਹੀਂ ਹੁੰਦੀ, ਸਗੋਂ ਪ੍ਰਸੰਨਤਾ ਦਾ ਪ੍ਰਗਟਾਵਾ ਹੁੰਦੀ ਹੈ। ਅਸੀਂ ਪ੍ਰਸੰਨ ਪਹਿਲਾਂ ਹੁੰਦੇ ਹਾਂ ਅਤੇ ਆਪਣੀ ਪ੍ਰਸੰਨਤਾ ਨੂੰ ਪਰਗਟ ਕਰਨ ਲਈ ਪ੍ਰਸੰਸਾ ਕਰਦੇ ਹਾਂ।
ਪ੍ਰਸ਼ੰਸਾ ਦਾ ਇਸ ਤੋਂ ਵੱਖਰਾ ਕੋਈ ਮਨੋਰਥ ਨਹੀਂ ਹੁੰਦਾ ਤਾਂ ਵੀ ਪ੍ਰਸੰਸਾ ਉਸ ਵਿਅਕਤੀ