ਪ੍ਰਸੰਸਕ ਹੋਣਾ ਬਹੁਤ ਉੱਚੀ ਅਵਸਥਾ ਦੇ ਮਾਲਕ ਹੋਣਾ ਹੈ। ਪ੍ਰਸੰਸਕ ਪ੍ਰਸੰਨਤਾ ਦੇ ਮਾਨ ਸਰੋਵਰ ਵਿੱਚ ਤਾਰੀਆਂ ਲਾਉਣ ਵਾਲਾ ਹੰਸ ਹੈ। ਇਸ ਮਾਨ ਸਰੋਵਰ ਵਿੱਚੋਂ ਬਾਹਰ ਆ ਕੇ ਜਦੋਂ ਉਹ ਆਪਣੇ ਖੰਭ ਫੈਲਾਉਂਦਾ ਅਤੇ ਹਿਲਾਉਂਦਾ ਹੈ ਤਾਂ ਉਨ੍ਹਾਂ ਵਿੱਚੋਂ ਪ੍ਰਸੰਨਤਾ ਰੂਪੀ ਜਲ ਦੇ ਮੋਤੀ ਵਾਤਾਵਰਣ ਵਿੱਚ ਫੈਲ ਕੇ ਪ੍ਰਸੰਨਤਾ ਦੀ ਫਸਲ ਬੀਜਦੇ ਹਨ।
ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪ੍ਰਸੰਸਕ ਦੇ ਮਨ ਵਿੱਚ ਉਹ ਪ੍ਰਸੰਨਤਾ ਕਿਥੋਂ ਆਉਂਦੀ ਹੈ, ਜਿਸ ਦੇ ਪ੍ਰਗਟਾਵੇ ਲਈ ਉਹ ਪ੍ਰਸੰਸਾ ਦਾ ਮਾਧਿਅਮ ਵਰਤਦਾ ਹੈ ? ਨੌਂ ਦਸ ਮਹੀਨੇ ਦੇ ਬੱਚੇ ਨੇ ਪਹਿਲੀ ਉਲਾਂਘ ਪੁੱਟੀ ਹੈ, ਸਾਲ ਸਵਾ ਸਾਲ ਦੇ ਬੱਚੇ ਨੇ ਪਹਿਲੀ ਵੇਰ ਪਾਪਾ-ਮਾਮਾ ਕਹਿ ਕੇ ਬੁਲਾਇਆ ਹੈ। ਗਦਗਦ ਹੋਈ ਮਾਂ ਦਾ ਖਿੜਿਆ ਚਿਹਰਾ ਅਤੇ ਉਸ ਦੀਆਂ ਫੈਲੀਆਂ ਬਾਹਾਂ ਪ੍ਰਸੰਸਾ ਦਾ ਰੂਪ ਧਾਰ ਗਈਆਂ ਹਨ। ਇਸ ਪ੍ਰਸੰਸਾ ਰਾਹੀਂ ਪਰਗਟ ਹੋਣ ਵਾਲੀ ਪ੍ਰਸੰਨਤਾ ਦਾ ਸਰੋਤ ਮਮਤਾ ਹੈ ਅਤੇ ਮਮਤਾ ਮਾਂ-ਪੁੱਤ ਦੇ ਰਿਸ਼ਤੇ ਨੂੰ ਦਿੱਤਾ ਗਿਆ ਨਾਂ ਹੈ। ਮਾਪਿਆਂ ਦੇ ਮਨ ਵਿਚਲੀ ਮਮਤਾ ਵਿਅਕਤੀਗਤ (ਜਾਂ ਪਰਿਵਾਰ ਤੱਕ ਸੀਮਿਤ) ਹੁੰਦਿਆਂ ਹੋਇਆ ਵਿਸ਼ਵ-ਵਿਆਪਕ ਹੈ। ਮਨੁੱਖੀ ਸਮਾਜਾਂ ਦਾ ਜੀਵਨ ਅਤੇ ਇਸ ਪ੍ਰਕਾਰ ਦਾ ਸੱਭਿਅ, ਸਾਊ ਅਤੇ ਸੁੰਦਰ ਨਹੀਂ ਬਣਾਇਆ ਜਾ ਸਕਿਆ ਕਿ ਮਨੁੱਖੀ ਹਿਰਦੇ ਵਿਚਲੀ ਮਮਤਾ ਆਪਣੇ ਵਿਸ਼ਵ-ਵਿਆਪੀ ਅਸਲੇ ਦੀ ਅਭਿਵਿਅਕਤੀ ਕਰ ਸਕੇ।
ਮਿੱਤ੍ਰਤਾ ਵੀ ਇਸੇ ਪ੍ਰਕਾਰ ਦਾ ਇੱਕ ਹੋਰ ਰਿਸ਼ਤਾ ਹੈ। ਜਿਹੜਾ ਆਦਮੀ ਆਪਣੇ ਅਸਲੇ ਵਜੋਂ ਮਿੱਤ੍ਰ ਹੈ, ਉਸ ਦੀ ਮਿੱਤ੍ਰਤਾ ਵਿਸ਼ਵ-ਵਿਆਪਕ ਹੈ; ਉਹ ਵਿਸ਼ਵਾਮਿੱਤ੍ਰ ਹੈ। ਮਿੱਤ੍ਰਤਾ ਦੇ ਕਈ ਰੂਪ ਹਨ। ਪਰਵਿਰਤੀਆਂ, ਭਾਵਾਂ, ਵਿਸ਼ਵਾਸਾਂ ਅਤੇ ਵਿਚਾਰਾਂ ਦੇ ਵੱਖ ਵੱਖ ਆਧਾਰਾਂ ਉੱਤੇ ਆਧਾਰਿਤ ਹੋਣ ਕਰਕੇ ਇਹ ਵੱਖ ਵੱਖ ਰੂਪ ਧਾਰਣ ਕਰਦੀ ਹੈ। ਵਿਚਾਰਾਂ ਉੱਤੇ ਆਧਾਰਿਤ ਮਿੱਤ੍ਰਤਾ ਨੂੰ ਸਭ ਤੋਂ ਵੱਧ ਸੂਖਮ ਆਖਿਆ ਜਾ ਸਕਦਾ ਹੈ। ਇਸ ਨਾਜ਼ੁਕ ਮਿੱਤ੍ਰਤਾ ਨੂੰ ਕਾਇਮ ਰੱਖਣ ਲਈ ਸ੍ਰੇਸ਼ਟ ਅਤੇ ਲਚਕਦਾਰ ਬੌਧਿਕਤਾ ਦੀ ਲੋੜ ਹੁੰਦੀ ਹੈ। ਜਿਸ ਕਿਸੇ ਕੋਲ ਇਹ ਕੁਝ ਹੈ, ਉਸ ਦੀ ਮਿੱਤ੍ਰਤਾ ਦਾ ਘੇਰਾ ਬਹੁਤ ਵਿਸ਼ਾਲ ਹੋ ਸਕਦਾ ਹੈ। ਜਿਸ ਦੀ ਮਿੱਤ੍ਰਤਾ ਦਾ ਘੇਰਾ ਵਿਸ਼ਾਲ ਹੈ, ਉਸ ਨੂੰ ਵਿਚਾਰਾਂ ਦੀ ਨਿੱਕੀ ਜਹੀ ਸਾਂਝ ਵੱਡੀ ਸਾਰੀ ਪ੍ਰਸੰਨਤਾ ਦੇ ਜਾਂਦੀ ਹੈ ਅਤੇ ਉਸ ਪ੍ਰਸੰਨਤਾ ਦਾ ਭਾਸ਼ਾਈ ਪ੍ਰਗਟਾਵਾ ਉਸ ਪ੍ਰਸੰਸਾ ਦਾ ਰੂਪ ਧਾਰ ਸਕਦਾ ਹੈ, ਜਿਸ ਵਿੱਚ ਉਦਾਸੀਆਂ ਨੂੰ ਖੁਸ਼ੀਆਂ ਦਾ ਰੂਪ ਦੇ ਦੇਣ ਦੀ ਸਮਰਥਾ ਹੁੰਦੀ ਹੈ।
ਮਨੁੱਖੀ ਜੀਵਨ ਦੇ ਵਿਕਾਸ ਵਿੱਚ ਸੱਤਾ, ਸੰਘਰਸ਼ ਅਤੇ ਪ੍ਰਭੁਤਾ ਦੀਆਂ ਪਸ਼ੂ- ਪਰਵਿਰਤੀਆਂ ਦੀ ਪ੍ਰਧਾਨਤਾ ਰਹੀ ਹੈ, ਜਿਸ ਕਰਕੇ ਪ੍ਰਸੰਸਾ ਵਰਗੀ ਸ੍ਰੇਸ਼ਟ ਪਰਵਿਰਤੀ ਨਾਲ ਕਈ ਇੱਕ ਨੀਚ ਭਾਵਨਾਵਾਂ ਵੀ ਸੰਬੰਧਿਤ ਹੋ ਗਈਆਂ ਹਨ। 'ਇਨਾਮ' ਇਸੇ ਤਰ੍ਹਾਂ ਦੀ ਭਾਵਨਾ ਹੈ। ਇਨਾਮ ਪ੍ਰਸੰਸਾ ਨਹੀਂ, ਕਿਉਂਜੁ ਇਹ ਕਿਸੇ ਪ੍ਰਸੰਨਤਾ ਦਾ ਪ੍ਰਗਟਾਵਾ ਨਹੀਂ ਹੁੰਦੇ ਅਤੇ ਨਾ ਹੀ ਆਲੇ-ਦੁਆਲੇ ਦੇ ਜੀਵਨ ਵਿੱਚ ਪ੍ਰਸੰਨਤਾ ਖਿਲਾਰਦੇ ਹਨ। ਇਸ ਦੇ ਉਲਟ ਇਹ ਇੱਕ ਜੇਤੂ ਦੀ ਹਉਮੈ ਨੂੰ ਮਿਲੀ ਹੋਈ ਉਹ ਹੱਲਾਸ਼ੇਰੀ ਹਨ, ਜਿਸ ਤੋਂ ਜੀਵਨ ਵਿੱਚ ਈਰਖਾ, ਘਿਰਣਾ ਅਤੇ ਮੁਕਾਬਲੇ ਦੇ ਰੋਗ ਉਪਜਦੇ ਅਤੇ ਫੈਲਦੇ ਹਨ। ਪ੍ਰਸੰਸਾ ਅਣਮੰਗੀ ਪ੍ਰਾਪਤੀ ਹੈ;