ਮਨੁੱਖ ਨੂੰ ਬੁਢਾਪੇ ਵਿੱਚ ਵੀ ਪ੍ਰਸੰਸਾ ਦੀ ਓਨੀ ਹੀ ਲੋੜ ਹੁੰਦੀ ਹੈ, ਜਿੰਨੀ ਬਚਪਨ ਅਤੇ ਜਵਾਨੀ ਵਿੱਚ। ਸੱਭਿਅ ਸਮਾਜਾਂ ਵਿੱਚ ਮਨੁੱਖ ਦੇ ਬਚਪਨ ਨੂੰ ਛੋਟਾ ਕਰਨ ਦੇ ਉਪਰਾਲੇ ਹੋ ਰਹੇ ਹਨ। ਤਿੰਨ ਸਾਲ ਦੇ ਬੱਚੇ ਨੂੰ ਸਕੂਲ ਭੇਜਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਅਜਿਹਾ ਹੋਣ ਨਾਲ ਉਸ ਕੋਲੋਂ ਪ੍ਰਸੰਸਾ-ਪ੍ਰਾਪਤੀ ਦੇ ਅਵਸਰ ਖੁੱਸ ਜਾਣ ਦਾ ਖ਼ਤਰਾ ਹੈ। ਸੱਭਿਅ ਸੰਸਾਰ ਵਿੱਚ ਅਪਰਾਧ ਦੇ ਵਾਧੇ ਦੇ ਕਈ ਕਾਰਨਾਂ ਵਿੱਚੋਂ 'ਬਚਪਨ ਵਿੱਚ ਪ੍ਰਸੰਸਾ ਦੀ ਘਾਟ' ਵੀ ਇੱਕ ਕਾਰਨ ਹੈ। ਬੁਢਾਪੇ ਦੀ ਉਦਾਸੀ ਦੇ ਕਈ ਕਾਰਨਾਂ ਵਿੱਚੋਂ ਵੀ ਇਹ ਘਾਟ ਇੱਕ ਕਾਰਨ ਹੈ। ਬਚਪਨ ਨੂੰ ਥੋੜੀ ਬਹੁਤੀ ਪ੍ਰਸੰਸਾ ਮਿਲ ਜਾਂਦੀ ਹੈ, ਪਰੰਤੂ ਬੁਢਾਪਾ ਇਸ ਸੰਜੀਵਨੀ ਤੋਂ ਵੰਚਿਤ ਰਹਿ ਜਾਂਦਾ ਹੈ। ਬੁਢਾਪਾ ਬਚਪਨ ਜਿੰਨਾ ਨਿਰਬਲ ਹੋ ਸਕਦਾ ਹੈ, ਪਰ ਓਨਾ ਨਿਰਮਲ ਅਤੇ ਨਿਰਛਲ ਨਹੀਂ ਹੋ ਸਕਦਾ। ਪ੍ਰਸੰਸਾ ਦੀ ਪ੍ਰਾਪਤੀ ਲਈ ਇਨ੍ਹਾਂ ਗੁਣਾਂ ਦੀ ਲੋੜ ਹੈ। ਜੀਵਨ ਵਿਚਲਾ ਸੰਘਰਸ਼ ਇਨ੍ਹਾਂ ਗੁਣਾਂ ਦੀ ਹਾਨੀ ਕਰਦਾ ਹੈ। ਪ੍ਰਸੰਸਾ ਕਰਨ ਅਤੇ ਪ੍ਰਸੰਸਾ ਦੇ ਪਾਤਰ ਬਣਨ ਲਈ ਮਨੁੱਖ ਲਈ ਜ਼ਰੂਰੀ ਹੈ ਕਿ ਥੋੜਾ ਜਿਹਾ ਬਚਪਨ ਸਾਂਭ ਕੇ ਰੱਖੋ।
ਇਹ ਕੰਮ ਬਹੁਤ ਔਖਾ ਹੈ, ਪਰ ਇਸ ਦਾ ਇਹ ਭਾਵ ਨਹੀਂ ਕਿ ਇਸ ਕੰਮ ਨੂੰ ਨਾ ਕਰ ਸਕਣ ਕਰਕੇ ਬੁਢਾਪੇ ਕੋਲੋਂ ਪ੍ਰਸੰਸਾ ਪ੍ਰਾਪਤੀ ਦਾ ਹੱਕ ਖੋਹ ਲਿਆ ਜਾਵੇ। ਜੇ ਬੁਢਾਪਾ ਬਚਪਨ ਦੀ ਪ੍ਰਸੰਸਾ ਕਰਦਾ ਹੈ ਤਾਂ ਉਸ ਨੂੰ ਪ੍ਰਸੰਸਾ ਪ੍ਰਾਪਤੀ ਦਾ ਵੀ ਹੱਕ ਹੈ। ਆਪਣੇ ਇਸ ਹੱਕ ਦੀ ਮੰਗ ਕਰਨ ਦਾ ਤਰੀਕਾ ਜ਼ਰਾ ਵੱਖਰਾ ਹੁੰਦਾ ਹੈ, ਬੁਢਾਪੇ ਕੋਲ। ਉਹ ਆਪਣੇ ਬੀਤੇ ਜੀਵਨ ਦੀਆਂ ਗੱਲਾਂ ਕਰ ਕੇ; ਆਪਣੀਆਂ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਨੂੰ ਦੁਹਰਾਅ ਕੇ; ਆਪਣੇ ਸਕੇ ਸੰਬੰਧੀਆਂ ਦੀ ਵਡਿਆਈ ਕਰ ਕੇ; ਆਪਣੇ ਬੱਚਿਆਂ ਨੂੰ ਪਾਲਣ-ਪੋਸਣ ਵਿੱਚ ਜਾਲੇ ਜਫ਼ਰਾਂ ਦਾ ਜ਼ਿਕਰ ਕਰ ਕੇ; ਜੀਵਨ ਵਿੱਚ ਆਈਆਂ ਔਕੜਾਂ ਨੂੰ ਪਾਰ ਕਰਨ ਦੀ ਸੂਰਮਗਤੀ ਦੱਸ ਕੇ; ਆਪਣੇ ਵਿੱਛੜੇ ਜੀਵਨ ਸਾਥੀ ਦੀ ਵਫ਼ਾਅ ਦੀ ਉਸਤਤ ਕਰ ਕੇ; ਅਤੇ ਕਈ ਵੇਰ ਆਪਣੀਆਂ ਕਮਜ਼ੋਰੀਆਂ ਅਤੇ ਨਾਕਾਮੀਆਂ ਦਾ ਇਕਬਾਲ ਕਰ ਕੇ ਆਪਣੇ ਧੀਆਂ-ਪੁੱਤਾਂ ਕੋਲੋਂ, ਅਚੇਤ ਹੀ ਪ੍ਰਸੰਸਾ ਦੀ ਆਸ ਕਰ ਰਿਹਾ ਹੁੰਦਾ ਹੈ।
ਬਾਪੂ ਦਾ ਬੀਤਿਆ ਸਮਾਂ ਧੀਆਂ-ਪੁੱਤਾਂ ਲਈ ਬਹੁਤ ਮਹੱਤਵ ਨਹੀਂ ਰੱਖਦਾ। ਉਹ ਭਵਿੱਖ ਦੇ ਸੁਪਨੇ ਉਲੀਕ ਰਹੇ ਹਨ। ਜੇ ਉਹ ਭੂਤ ਕਾਲ ਵਿੱਚ ਝਾਤੀ ਪਾਉਂਦੇ ਵੀ ਹਨ ਤਾਂ ਤਾਜ ਮਹੱਲ, ਸਵਰਨ ਮੰਦਰ ਅਤੇ ਸੋਮਨਾਥ ਆਦਿ ਦੇ ਗੌਰਵ ਵਿੱਚ ਗੁਆਚਣਾ ਪਸੰਦ ਕਰਦੇ ਹਨ ਜਾਂ ਕੁਰੂਕਸ਼ੇਤਰ, ਪਾਣੀਪਤ ਅਤੇ ਜਲ੍ਹਿਆਂਵਾਲੇ ਬਾਗ਼ ਆਦਿਕ ਵਿੱਚ ਬੀਜੀ ਗਈ ਨਫ਼ਰਤ ਨੂੰ ਖਾਦ-ਪਾਣੀ ਦੇ ਕੇ ਦੇਸ਼-ਭਗਤ ਹੋਣ ਦਾ ਭਰਮ ਪਾਲਦੇ ਹਨ। ਇਨ੍ਹਾਂ ਵੱਡੇ ਵੱਡੇ ਰੋਲਿਆਂ ਵਿੱਚ ਬੁਢਾਪੇ ਦੀਆਂ ਨਿੱਕੀਆਂ, ਨਿਗੁਣੀਆਂ, ਪੁਰਾਣੀਆਂ, ਬੇ-ਲੋੜੀਆਂ ਗੱਲਾਂ ਕੌਣ ਸੁਣੇ। ਬੁਢਾਪਾ ਸਿਰਫ਼ ਸੁਣਾਉਣਾ ਚਾਹੁੰਦਾ ਹੈ; ਇਸ ਦੇ ਬਦਲੇ ਵਿੱਚ ਕਿਸੇ ਪ੍ਰਸੰਸਾ ਦੀ ਚੇਤਨ ਮੰਗ ਨਹੀਂ ਕਰਦਾ। ਉਹ ਸੁਣੇ ਜਾਣ ਨੂੰ ਹੀ ਪ੍ਰਸੰਸਾ ਸਮਝਦਾ ਹੈ। ਪਰੰਤੂ ਸਾਡੇ ਕੋਲ ਸਮਾਂ ਨਹੀਂ। ਬੁਢਾਪਾ ਉਹੋ ਗੱਲਾਂ ਘਰੋਂ ਬਾਹਰ ਕਰਨ ਲੱਗ ਪੈਂਦਾ ਹੈ। ਮਾਹੌਲ ਮੁਤਾਬਿਕ ਗੱਲਾਂ ਦਾ ਰੂਪ ਕੁਝ ਬਦਲ ਜਾਂਦਾ ਹੈ। ਰੋਸਿਆਂ, ਝਗੜਿਆਂ ਅਤੇ ਵਿਛੋੜਿਆਂ ਦੀ ਨੋਬਤ ਆ ਜਾਂਦੀ ਹੈ।