ਪ੍ਰਸੰਸਾ ਦੇ ਸੰਬੰਧ ਵਿੱਚ ਇੱਕ ਹੋਰ ਗੱਲ ਕਹਿ ਕੇ ਇਸ ਲੇਖ ਦੀ ਸਮਾਪਤੀ ਕਰਾਂਗਾ। ਈਰਖਾ ਅਤੇ ਭੈ ਨੂੰ ਪ੍ਰਸੰਨਤਾ ਦੇ ਵੱਡੇ ਵਿਰੋਧੀ ਮੰਨਿਆ ਜਾਣਾ ਚਾਹੀਦਾ ਹੈ। ਈਰਖੀ ਸਦੀਵੀ ਤੌਰ ਉੱਤੇ ਅਸੰਤੁਸ਼ਟ ਹੁੰਦਾ ਹੈ ਅਤੇ ਅਸੰਤੁਸ਼ਟ ਹੋਣ ਕਰਕੇ ਅਪ੍ਰਸੰਨ ਹੁੰਦਾ ਹੈ। ਈਰਖਾ ਦੇ ਰੋਗ ਦਾ ਸਭ ਤੋਂ ਚੰਗਾ ਇਲਾਜ ਹੈ ਪ੍ਰਸੰਸਾ, ਜੀਵਨ-ਲੀਲ੍ਹਾ ਦੀ ਪ੍ਰਸੰਸਾ। ਪਰੰਤੂ ਪ੍ਰਸੰਸਾ ਨੂੰ ਮੈਂ ਪ੍ਰਸੰਨਤਾ ਦਾ ਪ੍ਰਗਟਾਵਾ ਆਖਿਆ ਹੈ। ਈਰਖੀ ਕੋਲ ਪ੍ਰਸੰਨਤਾ ਨਹੀਂ ਹੁੰਦੀ; ਉਹ ਪ੍ਰਸੰਸਾ ਕਿਵੇਂ ਕਰੇ ? ਉਹ ਉਸਤਤ ਤੋਂ ਸ਼ੁਰੂ ਕਰੋ। ਉਸਤਤ ਪ੍ਰਸੰਸਾ ਦਾ ਇੱਕ ਹਿੱਸਾ ਹੈ। ਇਸ ਇੱਕ ਅੰਗ ਨੂੰ ਹੱਥ ਪਾਇਆਂ ਪ੍ਰਸੰਸਾ ਦੇ ਸਮੁੱਚੇ ਪਸਾਰੇ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਸਾਹਾਂ ਉੱਤੇ ਕਾਬੂ ਪਾਉਣ ਨਾਲ ਸਰੀਰ ਦੇ ਸਾਰੇ ਪ੍ਰਾਣਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ ਜਾਂਦਾ ਹੈ, ਠੀਕ ਉਵੇਂ ਹੀ ਉਸਤਤ ਸਾਨੂੰ ਪ੍ਰਸੰਸਕ ਬਣਾ ਸਕਦੀ ਹੈ।
ਇਸ ਕੰਮ ਵਿੱਚ ਸਫਲ ਹੋਣ ਲਈ ਇਹ ਜ਼ਰੂਰੀ ਹੈ ਕਿ ਉਸਤਤ ਕਿਸੇ ਵਸਤੂ, ਵਿਚਾਰ ਜਾਂ ਵਿਅਕਤੀ ਦੇ ਗੁਣਾਂ ਦੀ ਹੋਵੇ । ਉਹ ਵਸਤੂ ਜਾਂ ਵਿਅਕਤੀ ਸਾਡੇ ਆਲੇ-ਦੁਆਲੇ ਦੇ ਜੀਵਨ ਤੋਂ ਪਰੇ ਦਾ ਹੋਵੋ ਵਿਚਾਰ ਉਚੇਰਾ ਆਦਰ ਸਰੂਪ ਹੋਵੇ; ਆਪਣੇ ਕਾਰੋਬਾਰ ਨਾਲ ਸੰਬੰਧਤ ਨਾ ਹੋਵੇ; ਭਾਵ ਇਹ ਹੈ ਕਿ ਜੇ ਅਸੀਂ ਵਕੀਲ ਹਾਂ ਤਾਂ ਸਾਡਾ ਉਸਤਤਯੋਗ ਵਿਚਾਰ ਕਾਨੂੰਨ ਨਾਲ ਨਹੀਂ, ਸਗੋਂ ਕਲਾ ਜਾਂ ਵਿਗਿਆਨ ਆਦਿਕ ਨਾਲ ਸੰਬੰਧਤ ਹੋਵੇ। ਇਨ੍ਹਾਂ ਦੀ ਉਸਤਤ ਹੌਲੀ ਹੌਲੀ ਸਾਨੂੰ ਪ੍ਰਸੰਨਤਾ ਦੇਣ ਲੱਗ ਪਵੇਗੀ । ਪ੍ਰਸੰਨਤਾ ਏਨੀ ਤੀਬਰ ਵੀ ਹੋ ਸਕਦੀ ਹੈ ਕਿ ਅਸੀਂ ਗਟਾਵੇ ਲਈ ਵਿਵਸ਼ ਹੋ ਕੇ ਪ੍ਰਸੰਸਕ ਬਣ ਜਾਈਏ। ਸਫ਼ਰ ਜ਼ਰਾ ਲੰਮਾ ਹੋਵੇਗਾ: ਪਹਿਲਾ ਕਦਮ ਪੁੱਟਣਾ ਬਹੁਤ ਮੁਸ਼ਕਲ ਹੈ, ਕਿਉਂਜੁ ਸਾਨੂੰ ਇਹ ਮੰਨ ਕੇ ਤੁਰਨਾ ਪਵੇਗਾ ਕਿ ਸਾਡੀ ਅਪ੍ਰਸੰਨਤਾ ਸਾਡੀ ਈਰਖਾ ਦੇ ਕਾਰਨ ਹੈ। ਕੀ ਅਸੀਂ ਆਪਣੇ ਆਪ ਨੂੰ ਈਰਖੀ ਮੰਨ ਸਕਾਂਗੇ ? ਉਂਞ ਈਰਖਾ ਹੈ ਬਹੁਤ ਆਮ।