ਅਕੇਵਾਂ (ਉਕਤੇਵਾਂ)
ਅਕੇਵਾਂ ਮਨੁੱਖੀ ਖੁਸ਼ੀ ਦੇ ਵੱਡੇ ਵਿਰੋਧੀਆਂ ਵਿੱਚ ਇੱਕ ਹੈ। ਬਹੁਤਾ ਵਧ ਜਾਣ ਉੱਤੇ ਇਹ ਦਬਾਅ ਜਾਂ ਡਿਪ੍ਰੈਸ਼ਨ ਦਾ ਰੂਪ ਧਾਰ ਲੈਂਦਾ ਹੈ ਅਤੇ ਇਸ ਤੋਂ ਨਸ਼ਿਆਂ ਦੀ ਗੁਲਾਮੀ ਅਤੇ ਆਤਮ-ਹੱਤਿਆ ਦੇ ਕਲੇਸ਼ ਉਪਜਦੇ ਹਨ। ਕਈ ਪ੍ਰਕਾਰ ਦੇ ਅਪਰਾਧਾਂ ਨੂੰ ਅਕੇਵੇਂ ਨਾਲ ਸੰਬੰਧਤ ਮੰਨਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਘੱਟ ਮਹਿਸੂਸੀ ਗਈ ਹੈ। ਇਸ ਦੇ ਵਿਕਸਿਤ ਰੂਪ, ਦਬਾਅ ਜਾਂ ਡਿਪ੍ਰੈਸ਼ਨ ਬਾਰੇ ਸੋਚਿਆ ਜਾਣ ਲੱਗ ਪਿਆ ਹੈ, ਪਰ ਸਿਆਣਪ ਇਸ ਗੱਲ ਵਿੱਚ ਹੈ ਕਿ ਇਸ ਨੂੰ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਪਛਾਣਿਆ ਜਾਵੇ।
ਪਰ ਇਹ ਸੌਖਾ ਕੰਮ ਨਹੀਂ। ਅਕੇਵਾਂ ਕੀ ਹੈ ? ਇਸ ਪ੍ਰਸ਼ਨ ਦਾ ਉੱਤਰ ਓਨਾ ਸੋਖਾ ਨਹੀਂ, ਜਿੰਨਾ ਅਕੇਵਾਂ ਆਮ ਹੈ। ਨਾ ਹੀ ਇਸ ਦੀ ਅਸਲੀਅਤ ਜਾਣੇ ਬਿਨਾਂ ਇਸ ਦਾ ਇਲਾਜ ਸੰਭਵ ਹੈ। ਉਦਾਸੀ ਨੂੰ ਅਕੇਵਾਂ ਨਹੀਂ ਆਖਿਆ ਜਾ ਸਕਦਾ, ਹਾਂ, ਅਕੇਵਾਂ ਉਦਾਸੀ ਪੈਦਾ ਕਰ ਸਕਦਾ ਹੈ। ਮੂਲ ਰੂਪ ਵਿੱਚ ਉਦਾਸੀ ਮਨੁੱਖੀ ਰਿਸ਼ਤਿਆਂ ਉੱਤੇ ਰੱਖੀਆਂ ਹੋਈਆਂ ਆਸਾਂ ਪੂਰੀਆਂ ਨਾ ਹੋਣ ਦਾ ਨਤੀਜਾ ਹੁੰਦੀ ਹੈ। ਚਿੰਤਾ ਅਤੇ ਉਦਾਸੀ ਵਿੱਚ ਵੱਡਾ ਫ਼ਰਕ ਇਹ ਹੈ-ਚਿੰਤਾ ਕਿਸੇ ਅਗਾਮੀ ਖ਼ਤਰੇ ਦੇ 'ਅਹਿਸਾਸ' ਅਤੇ ਉਸ ਖ਼ਤਰੇ ਦਾ ਟਾਕਰਾ ਕਰ ਸਕਣ ਦੀ ਆਪਣੀ 'ਅਯੋਗਤਾ' ਦੀ ਉਪਜ ਹੈ, ਜਦ ਕਿ ਉਦਾਸੀ ਕਿਸੇ ਨਿੱਜੀ ਅਯੋਗਤਾ ਦੀ ਉਪਜ ਨਹੀਂ ਹੁੰਦੀ। ਸਗੋਂ ਕਿਸੇ ਰਿਸ਼ਤੇ ਉੱਤੇ ਰੱਖੀ ਹੋਈ ਆਸ ਪੂਰੀ ਨਾ ਹੋਣ ਦੇ ਕਾਰਨਾਂ ਵਿੱਚ ਸਾਡੀ ਆਪਣੀ ਕਿਸੇ ਕਮਜ਼ੋਰੀ ਦੀ ਹੋਂਦ ਦਾ ਗਿਆਨ ਸਾਡੀ ਉਦਾਸੀ ਦਾ ਇਲਾਜ ਕਰ ਦਿੰਦਾ ਹੈ। ਜਦੋਂ ਅਸੀਂ ਇਹ ਜਾਣ ਲੈਂਦੇ ਹਾਂ ਕਿ ਅਸੀਂ ਆਪ ਵੀ ਆਪਣੇ ਕਈ ਇੱਕ ਸੰਬੰਧੀਆਂ ਦੀਆਂ ਆਸਾਂ ਉੱਤੇ ਪੂਰਾ ਨਹੀਂ ਉਤਰਦੇ ਤਾਂ ਉਨ੍ਹਾਂ ਦੀ ਕਿਸੇ ਬੇਵਫ਼ਾਈ ਦਾ ਗਿਲਾ ਕਰਨ ਦਾ ਅਧਿਕਾਰ ਸਾਡੇ ਕੋਲੋਂ ਖੁੱਸ ਜਾਂਦਾ ਹੈ।
ਉਦਰੇਵਾਂ ਅਕੇਵੇਂ ਅਤੇ ਉਕਤੇਵੇਂ ਦਾ ਹਮਸ਼ਕਲ ਭਾਵੇਂ ਹੋਵੇ, ਹਮ-ਜਿਨਸ ਨਹੀਂ ਹੈ। ਇਹ ਕਿਸੇ ਇੱਛਿਤ ਵਸਤੂ, ਵਿਅਕਤੀ ਜਾਂ ਪਰਿਸਥਿਤੀ ਤੋਂ ਪਰੇ ਚਲੇ ਜਾਣ ਕਰਕੇ ਉਪਜਦਾ ਹੈ। ਕਿਸੇ ਦੂਜੀ ਵਸਤੂ ਜਾਂ ਕਿਸੇ ਦੂਜੇ ਵਿਅਕਤੀ ਜਾਂ ਕਿਸੇ ਵੱਖਰੀ ਪਰਿਸਥਿਤੀ ਨਾਲ ਲਗਾਉ ਹੋ ਜਾਣ ਉੱਤੇ ਉਦਰੇਵਾਂ ਦੂਰ ਹੋ ਜਾਂਦਾ ਹੈ। ਜੇ ਇਉਂ ਨਾ ਹੋਵੇ ਤਾਂ ਵੀ ਸਮੇਂ ਦੇ ਬੀਤਣ ਨਾਲ ਉਦਰੇਵਾਂ ਖ਼ਤਮ ਹੋ ਜਾਂਦਾ ਹੈ। ਉਦਰੇਵੇਂ ਦੇ ਬੀਜ ਭੂਤਕਾਲ ਵਿੱਚ ਹਨ, ਅਕੇਵੇਂ ਦੇ ਵਰਤਮਾਨ ਵਿੱਚ।
ਥਕਾਵਟ ਵੀ ਅਕੇਵਾਂ ਨਹੀਂ। ਬਹੁਤੀ ਲਗਨ, ਦਿਲਚਸਪੀ ਅਤੇ ਮਿਹਨਤ ਨਾਲ ਕੀਤੇ ਜਾਣ ਵਾਲੇ ਕੰਮ ਕਰਕੇ ਅਸੀਂ ਹੱਕ ਭਾਵੇਂ ਜਾਈਏ ਪਰ ਅੱਕਦੇ ਨਹੀਂ। ਵਿਹਲ ਨੂੰ ਅਕੇਵੇਂ ਦਾ ਕਾਰਨ ਮੰਨਣਾ ਇੱਕ ਭੁੱਲ ਹੋਵੇਗੀ। ਰੁਝੇਵਿਆਂ ਦੀ ਦੌੜ-ਭੱਜ ਵਿੱਚ ਵਿਹਲ ਇਉਂ ਹੈ, ਜਿਵੇਂ ਕਿਸੇ ਰੇਗਿਸਤਾਨ ਵਿਚਲਾ ਨਖ਼ਲਿਸਤਾਨ। ਅਜੋਕੀ ਦੌੜ-ਭੱਜ ਵਿੱਚ ਉਲਝੇ ਹੋਏ