ਸਾਧਾਰਣ ਆਦਮੀ ਦਾ ਉੱਤਰ ਹੋਵੇਗਾ ਕਿ ਡਰ ਦੀ ਮਾੜ੍ਹਾ ਇਸ ਅੰਤਰ ਦਾ ਆਧਾਰ ਹੈ। ਇਹ ਉੱਤਰ ਬਹੁਤ ਹੱਦ ਤਕ ਠੀਕ ਹੈ। ਇਹ 'ਠੀਕ ਉੱਤਰ' ਵੱਲ ਪੁੱਟਿਆ ਗਿਆ ਪਹਿਲਾ ਕਦਮ ਹੈ। ਆਉ, ਦੂਸਰਾ ਕਦਮ ਪੁੱਟੀਏ ਅਤੇ ਇਹ ਜਾਣਨ ਦਾ ਜਤਨ ਕਰੀਏ ਕਿ ਡਰ ਦੀ ਬਹੁਤੀ ਮਾਤਾ ਅਜਿਹਾ ਕੀ ਕਰਦੀ ਹੈ ਕਿ ਮਨੁੱਖੀ ਮਨ ਇੱਕ ਵੱਡੀ ਪ੍ਰਾਪਤੀ ਵਿੱਚੋਂ ਖੁਸ਼ੀ ਹਾਸਲ ਕਰਨ ਦੇ ਯੋਗ ਨਹੀਂ ਰਹਿੰਦਾ।
ਆਪਣੀ ਜਾਨ ਦਾ ਖ਼ਤਰਾ ਸਾਡੇ ਵਿੱਚ ਏਨਾ ਪ੍ਰਬਲ ਤੇ ਪੈਦਾ ਕਰ ਦਿੰਦਾ ਹੈ ਕਿ ਅਸੀਂ ਆਪਣੇ ਆਪ ਤਕ ਸੀਮਿਤ ਹੋ ਕੇ ਰਹਿ ਜਾਂਦੇ ਹਾਂ। ਅਸੀਂ ਆਪਣੇ ਤੋਂ ਬਾਹਰ ਦੀ ਦੁਨੀਆ ਵਿਚਲੀ ਕਿਸੇ ਵਸਤੂ ਜਾਂ ਕਿਸੇ ਵਿਚਾਰ ਜਾਂ ਕਿਸੇ ਵਿਅਕਤੀ ਬਾਰੇ ਨਹੀਂ ਸੋਚ ਸਕਦੇ। ਅਸੀਂ ਸ੍ਵੈ-ਕੇਂਦ੍ਰਿਤ ਜਾਂ ਅਤਿਅੰਤ ਅੰਤਰਮੁਖੀ ਹੋ ਜਾਂਦੇ ਹਾਂ। ਅਤਿਅੰਤ ਭਿਆਨਕ ਪਰਿਸਥਿਤੀਆਂ ਦੀ ਯਾਦ ਵੀ ਸਾਨੂੰ ਸ੍ਵੈ ਵਿੱਚ ਸੀਮਿਤ ਜਾਂ ਅਤਿਅੰਤ ਅੰਤਰਮੁਖੀ ਕਰ ਦਿੰਦੀ ਹੈ। ਅਜਿਹੀਆਂ ਸਾਰੀਆਂ ਪਰਿਸਥਿਤੀਆਂ ਅਤੇ ਉਨ੍ਹਾਂ ਦੀ ਯਾਦ ਸਾਨੂੰ ਖ਼ੁਸ਼ੀ ਦੇ ਅਯੋਗ ਬਣਾ ਦਿੰਦੀ ਹੈ।
ਜਿਹੜੀਆਂ ਪਰਿਸਥਿਤੀਆਂ ਅਤੇ ਘਟਨਾਵਾਂ, ਜਿਹੜੀਆਂ ਸੋਚਾਂ ਅਤੇ ਸਫਲਤਾਵਾਂ ਸਾਨੂੰ ਸਾਡੇ ਤੋਂ ਬਾਹਰਲੇ ਜਗਤ ਨਾਲ ਜੋੜੀ ਰੱਖਦੀਆਂ ਹਨ ਉਹ ਸਾਡੀ ਖੁਸ਼ੀ ਦਾ ਆਧਾਰ ਬਣ ਸਕਦੀਆਂ ਹਨ। ਬਾਹਰਮੁਖਤਾ ਖੁਸ਼ੀ ਦੀ ਪਹਿਲੀ ਸ਼ਰਤ ਹੈ। ਆਪਣੇ ਆਪ ਵਿੱਚ ਘਿਰਿਆ ਹੋਇਆ ਆਦਮੀ ਅਮਲੀ ਜਾਂ ਮਸਤ ਮੌਲਾ ਜਾਂ ਨਿਹਕੇਵਲ ਬੇਸ਼ਕ ਹੋ ਸਕਦਾ ਹੈ ਪਰ ਉਸ ਨੂੰ ਸਾਧਾਰਣ ਅਰਥਾਂ ਵਿੱਚ ਖ਼ੁਸ਼ ਆਦਮੀ ਆਖਿਆ ਜਾਣਾ ਔਖਾ ਹੈ।
ਬਾਹਰਮੁਖਤਾ ਕਈ ਪ੍ਰਕਾਰ ਦੀ ਹੋ ਸਕਦੀ ਹੈ। ਆਪਣੇ ਇਸ ਲੇਖ ਦੀ ਲੋੜ ਲਈ ਅਸੀਂ ਇਸ ਦੀਆਂ ਸਾਰੀਆਂ ਪ੍ਰਕਾਰਾਂ ਨੂੰ ਦੋ ਵੱਡੀਆਂ ਵੱਟਾਂ ਵਿੱਚ ਵੰਡ ਸਕਦੇ ਹਾਂ। ਆਪਣੇ ਤੋਂ ਬਾਹਰਲੇ ਜੀਵਨ ਨੂੰ ਆਪਣੇ ਹੁਕਮ ਵਿੱਚ ਤਰਨ ਦੀ ਜਾਂ ਆਪਣੇ ਹਿਤਾਂ ਲਈ ਵਰਤਣ ਦੀ ਇੱਛਾ ਵੀ ਬਾਹਰਮੁਖੀ ਹੈ ਅਤੇ ਇਸ 'ਫੁੱਲਾਂ ਕੀ ਬਾਗਾਤ' ਦੇ ਖੇੜਿਆਂ ਦੀ ਖੂਬਸੂਰਤੀ ਦਾ ਆਨੰਦ ਮਾਣਦਿਆਂ ਹੋਇਆ ਇਸ ਨੂੰ ਆਪਣੇ ਵਿਚਲੀ ਸੁੰਦਰਤਾ ਦੀ ਆਪਣੇ ਢੰਗ ਨਾਲ ਅਭੀਵਿਅੰਜਨਾ ਕਰਨ ਦੇਣਾ ਅਤੇ ਜੇ ਹੋ ਸਕੇ ਤਾਂ ਇਸ ਕੰਮ ਵਿੱਚ ਸਹਾਇਤਾ ਕਰਨ ਦੀ ਇੱਛਾ ਅਤੇ ਕੋਸ਼ਿਸ਼ ਕਰਨਾ ਵੀ ਬਾਹਰਮੁਖਤਾ ਹੈ।
ਪਹਿਲੀ ਪ੍ਰਕਾਰ ਦੀ ਬਾਹਰਮੁਖਤਾ ਮੁਕਾਬਲਾ, ਜਿੱਤ, ਹਾਰ, ਹਾਨੀ, ਲਾਭ, ਈਰਖਾ, ਘਿਰਣਾ, ਕ੍ਰੋਧ, ਭੈ ਅਤੇ ਬੇ-ਵਸਾਹੀ ਪੈਦਾ ਕਰਦੀ ਹੈ। ਇਨ੍ਹਾਂ ਦੀ ਕਿਰਪਾ ਨਾਲ ਅਸੀਂ ਆਪਣੇ ਆਪ ਵਿੱਚ ਸੀਮਿਤ ਹੋ ਜਾਂਦੇ ਹਾਂ, ਖ਼ੁਸ਼ੀ ਸਾਡੇ ਤੋਂ ਦੂਰ ਚਲੇ ਜਾਂਦੀ ਹੈ। ਖੁਸ਼ੀ ਸੀਮਿਤ ਹੋਣ ਵਿੱਚ ਨਹੀਂ ਸਗੋਂ ਵਿਕਸਣ ਅਤੇ ਸਦਾ ਵਿਕਸਦੇ ਰਹਿਣ ਵਿੱਚ ਹੈ। ਵਿਕਸਣ ਅਤੇ ਸਦਾ ਵਿਕਸਦੇ ਰਹਿਣ ਲਈ ਇਹ ਜ਼ਰੂਰੀ ਹੈ ਕਿ ਜਿਸ ਜਗਤ ਬਾਰੇ ਸੋਚ ਕੇ ਅਸਾਂ ਸਿਆਣੇ ਅਤੇ ਸੁਹਣੇ ਬਣਨਾ ਹੈ; ਜਿਸ ਜੀਵਨ ਨੂੰ ਵੇਖ ਕੇ ਅਸਾਂ ਵਿਕਸਣਾ ਹੈ, ਉਹ ਜੀਵਨ ਵੀ ਸੁਹਣਾ ਹੋਵੇ ਖ਼ੁਸ਼ ਹੋਵੇ। ਮੁਕਾਬਲੇ ਅਤੇ ਸੁਆਰਥ ਵਾਲੇ ਜੀਵਨ ਦੀਆਂ ਪ੍ਰਾਪਤੀਆਂ ਇੱਕ ਪਾਸੀਆਂ