ਸੱਚ ਤੇ ਪ੍ਰਸੰਨਤਾ
ਪ੍ਰਸੰਨਤਾ ਤੋਂ ਮੇਰਾ ਭਾਵ ਪਰਮ ਆਨੰਦ ਨਹੀਂ, ਸਗੋਂ ਸੁਹਣੀ, ਸੁਚੱਜੀ ਜੀਵਨ-ਜਾਚ ਵਿਚੋਂ ਉਪਜਣ ਵਾਲੀ ਸਾਧਾਰਣ ਖ਼ੁਸ਼ੀ ਹੈ। ਪਰਮਾਨੰਦ ਕਿਸੇ ਵਿਰਲੇ ਦਾ ਵਿਲੱਖਣ ਆਦਰਸ਼ ਹੈ; ਪ੍ਰਸੰਨਤਾ ਹਰ ਕਿਸੇ ਦੀ ਸੁਭਾਵਕ ਇੱਛਾ ਹੈ। ਸਾਧਾਰਣ ਮਨੁੱਖਾਂ ਦੀ ਸਾਧਾਰਣ ਜਿਹੀ ਸੰਸਾਰਕ ਇੱਛਾ ਨੂੰ ਸੱਚ ਦੇ ਪੜੋਸ ਵਿੱਚ ਰੱਖ ਕੇ, ਸੱਚ ਦੀ ਮਹਾਨਤਾ ਘਟਾਉਣਾ ਮੇਰਾ ਮਨੋਰਥ ਨਹੀਂ। ਹਾਂ, ਸਾਧਾਰਣ ਲੋਕਾਂ ਦੀ ਇਸ ਸਾਧਾਰਣ ਇੱਛਾ ਵਿੱਚ ਸਮਾਈ ਹੋਈ ਅਸਾਧਾਰਣ ਸੁੰਦਰਤਾ ਨੂੰ ਪ੍ਰਗਟ ਕਰਨਾ ਮੇਰਾ ਮਨੋਰਥ ਆਖਿਆ ਜਾ ਸਕਦਾ ਹੈ।
ਪ੍ਰਸੰਨਤਾ ਦੀ ਇੱਛਾ ਸਰਬਵਿਆਪਕ ਹੈ। ਹੋਰ ਕਈ ਇੱਛਾਵਾਂ ਵੀ ਸਰਬਵਿਆਪਕ ਹਨ, ਪਰੰਤੂ ਪ੍ਰਸੰਨਤਾ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਕੋਈ ਜੀਵ ਇਸ ਦੇ ਵਿਪ੍ਰੀਤ, ਵਿਰੁੱਧ ਜਾਂ ਉਲਟ ਇੱਛਾ ਨਹੀਂ ਕਰ ਸਕਦਾ। ਅਸੀਂ ਧਨਵਾਨ ਹੋਣ ਦੀ ਇੱਛਾ ਕਰਦੇ ਹਾਂ। ਜੇ ਧਨ ਦੀ ਪ੍ਰਾਪਤੀ ਨਾਲ ਸਾਡੀਆਂ ਚਿੰਤਾਵਾਂ ਵਧ ਜਾਣ, ਸਾਡੇ ਜੀਵਨ ਵਿੱਚ ਕਾਹਲ ਪਰਵੇਸ਼ ਕਰ ਜਾਵੇ: ਸਾਡੇ ਪਰਿਵਾਰ ਨਾਲ ਸਾਡਾ ਪਹਿਲੇ ਵਰਗਾ ਸੁਖਾਵਾਂ ਸੰਬੰਧ ਕਾਇਮ ਰੱਖਣ ਲਈ ਸਾਨੂੰ ਸਮਾਂ ਨਾ ਮਿਲੇ: ਇਸ ਦੌੜ ਵਿੱਚ ਪਿੱਛੇ ਰਹਿ ਗਏ ਮਿੱਤ੍ਰਾਂ ਦੇ ਮਨਾਂ ਵਿੱਚ ਸਾਡੀ ਮਿੱਤ੍ਰਤਾ ਸੰਬੰਧੀ ਮੌਕੇ ਪੈਦਾ ਹੋ ਜਾਣ ਤਾਂ ਹੋ ਸਕਦਾ ਹੈ ਅਸੀਂ ਨਿਰਧਨ ਹੋਣ ਦੀ ਇੱਛਾ ਵੀ ਕਰਨ ਲੱਗ ਪਈਏ। ਅਜਿਹੀ ਇੱਛਾ ਜੋ ਵਾਸਤਵਿਕ ਨਹੀਂ ਤਾਂ ਵੀ ਸੰਭਾਵਕ ਜ਼ਰੂਰ ਹੈ। ਪ੍ਰਸੰਨਤਾ ਦੇ ਕਿਸੇ ਵਿਰੋਧੀ ਭਾਵ (ਚਿੰਤਾ, ਸੋਗ ਜਾਂ ਉਦਾਸੀ ਆਦਿਕ) ਦੀ ਇੱਛਾ ਕੀਤੀ ਜਾਣੀ ਸੰਭਵ ਹੀ ਨਹੀਂ।
ਜੀਵਨ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਤਾਂ ਵੀ ਕਿੰਨੇ ਆਦਮੀ ਇਸ ਦੇ ਉਲਟ (ਮੌਤ ਦੀ) ਇੱਛਾ ਕਰਦੇ ਹਨ ਅਤੇ ਅਜਿਹੀ ਇੱਛਾ ਕਰਨ ਵਾਲਿਆਂ ਦੀ ਬਹੁਗਿਣਤੀ ਆਪਣੀ ਇੱਛਾ ਪੂਰੀ ਕਰਨ ਵਿੱਚ ਕਾਮਯਾਬ ਵੀ ਹੁੰਦੀ ਹੈ। ਇਸ ਇੱਛਾ ਦੀ ਪੂਰਤੀ ਦੀ ਸਫਲ ਕੋਸ਼ਿਸ਼ ਨੂੰ ਆਤਮ-ਹੱਤਿਆ ਆਖਿਆ ਜਾਂਦਾ ਹੈ।
ਕੀ ਸੱਚ ਸਰਬਵਿਆਪਕ ਹੈ? ਕੀ ਸੱਚ ਦੇ ਵਿਰੋਧੀ ਭਾਵ (ਝੂਠ) ਦੀ ਇੱਛਾ ਨਹੀਂ ਕੀਤੀ ਜਾਂਦੀ ? ਕੀ ਸੱਚ ਸਦਾ ਸੁੰਦਰ ਹੈ ? ਕੀ ਇਹ ਕਦੇ ਕੌੜਾ, ਕੋਝਾ ਅਤੇ ਹਾਨੀਕਾਰਕ ਨਹੀਂ ਹੁੰਦਾ ? ਕੀ ਸੱਚ ਸਦਭਾਵਨਾ ਅਤੇ ਸਦਾਚਾਰ ਨਾਲੋਂ ਜ਼ਿਆਦਾ ਜ਼ਰੂਰੀ ਹੈ ? ਕੀ ਸੱਚ ਬੋਲਣ ਵਾਲੇ ਦੇ ਮਨ ਵਿੱਚ ਇਹ ਖ਼ਿਆਲ ਕਦੇ ਨਹੀਂ ਆ ਸਕਦਾ-"ਕਾਸ਼! ਇਸ ਮੁਆਮਲੇ ਵਿੱਚ ਮੈਂ ਸੱਚ ਨਾ ਬੋਲਿਆ ਹੁੰਦਾ ?" ਕੀ ਖ਼ੁਸ਼ੀ ਦਾ ਮਨੁੱਖੀ ਹਉਮੈ ਨਾਲ ਉਸੇ ਪ੍ਰਕਾਰ ਦਾ ਰਿਸ਼ਤਾ ਹੈ, ਜਿਸ ਪ੍ਰਕਾਰ ਦਾ ਰਿਸ਼ਤਾ ਸੱਚ ਦਾ ਹਉਮੈ ਨਾਲ ਹੈ ? ਜੇ ਕਿਸੇ ਦੀ ਖ਼ੁਸ਼ੀ ਦੂਜਿਆ ਦੀ ਖੁਸ਼ੀ ਦਾ ਰਾਹ ਰੋਕਦੀ ਹੋਵੇ ਤਾਂ ਉਸ ਖ਼ੁਸ਼ੀ ਨੂੰ ਖ਼ੁਦਗਰਜ਼ੀ ਕਹਿ ਕੇ ਨਿੰਦਿਆ ਜਾ ਸਕਦਾ ਹੈ: ਕੀ ਸੱਚ ਇਸ ਪ੍ਰਕਾਰ ਦੀ ਆਲੋਚਨਾ ਬਰਦਾਸ਼ਤ ਕਰ ਸਕਦਾ ਹੈ ? ਕੀ ਖ਼ੁਸ਼ੀ ਨੇ ਜੀਵਨ ਵਿੱਚ ਉਨੇ ਹੀ ਵਿਰੋਧ, ਵਿਤਕਰੇ ਅਤੇ ਕਲੇਸ਼ ਪੈਦਾ ਕੀਤੇ ਹਨ, ਜਿੰਨੇ ਸੱਚ ਨੇ ?