ਇਹ ਆਖਿਆ ਜਾ ਸਕਦਾ ਹੈ ਕਿ ਸਦਭਾਵਨਾ, ਸਦਾਚਾਰ ਅਤੇ ਸਹਾਨੁਭੂਤੀ ਆਦਿਕ ਨੂੰ ਸਤਿਕਾਰਯੋਗ ਬਣਨ ਲਈ 'ਸੱਚੇ' ਹੋਣ ਦੀ ਲੋੜ ਹੈ; ਅਸਲੀ ਹੋਣ ਦੀ ਲੋੜ ਹੈ। ਇਨ੍ਹਾਂ ਵਿਚਲੀ ਸੱਚ ਦੀ ਮਾਤਰਾ ਹੀ ਇਨ੍ਹਾਂ ਦੇ ਸਤਿਕਾਰ ਅਤੇ ਇਨ੍ਹਾਂ ਦੀ ਉਪਯੋਗਿਤਾ ਦਾ ਆਧਾਰ ਹੈ। ਸੱਚ ਨਾਲੋਂ ਨਾਤਾ ਤੋੜ ਕੇ ਇਹ ਭਾਵ ਜੀਵਨ ਦਾ ਕੁਝ ਸੰਵਾਰਨ ਦੀ ਥਾਂ ਬਹੁਤਾ ਵਿਗਾੜ ਹੀ ਕਰਨਗੇ।
ਦੂਜੇ ਪਾਸਿਓਂ ਵੇਖਿਆਂ ਇਹ ਗੱਲ ਵੀ ਓਨੀ ਹੀ ਠੀਕ ਹੈ ਕਿ ਸਦਭਾਵਨਾ, ਸਦਾਚਾਰ ਅਤੇ ਸਹਾਨੁਭੂਤੀ ਨਾਲ ਸੰਬੰਧ ਰੱਖਣ ਵਾਲਾ ਸੱਚ ਹੀ ਜੀਵਨ ਲਈ ਉਪਯੋਗੀ ਅਤੇ ਸਤਿਕਾਰਯੋਗ ਹੈ। ਇਨ੍ਹਾਂ ਭਾਵਾਂ ਨਾਲੋਂ ਟੁੱਟਾ ਹੋਇਆ ਸੱਚ ਨਿਰੋਲ ਹੈਂਕੜ ਬਣ ਜਾਂਦਾ ਹੈ। ਅਤੇ ਜੀਵਨ ਵਿੱਚ ਕਲੇਸ਼ ਪੈਦਾ ਕਰਦਾ ਹੈ। ਸੱਚ ਨੂੰ ਇਨ੍ਹਾਂ ਭਾਵਾਂ ਦੇ ਸਾਥ ਦੀ ਓਨੀ ਹੀ ਲੋੜ ਹੈ, ਜਿੰਨੀ ਇਨ੍ਹਾਂ ਭਾਵਾਂ ਨੂੰ ਸੱਚ ਦੇ ਸਾਧ ਦੀ ਲੋੜ ਹੈ।
ਸੱਚ ਮਨੁੱਖੀ ਮਨ ਦੇ ਇਨ੍ਹਾਂ ਭਾਵਾਂ ਅਤੇ ਮਨੁੱਖੀ ਜੀਵਨ ਦੀਆਂ ਮਾਨਤਾਵਾਂ ਦਾ ਸੰਬੰਧੀ ਬਣਿਆ ਰਹੇ, ਇਸੇ ਗੱਲ ਵਿੱਚ ਜੀਵਨ ਦੀ ਖ਼ੁਸ਼ੀ ਅਤੇ ਖੂਬਸੂਰਤੀ ਦਾ ਭੇਤ ਹੈ। ਜੀਵਨ ਦਾ ਦੁਖਾਂਤ ਇਹ ਹੈ ਕਿ ਇਹ ਸੰਬੰਧ ਓਨਾ ਪੱਕਾ ਨਹੀਂ ਜਿੰਨਾ ਹੋਣਾ ਚਾਹੀਦਾ ਹੈ। ਇਹ ਰਿਸ਼ਤਾ ਪੈਰ ਪੈਰ ਉੱਤੇ ਟੁੱਟਦਾ ਰਹਿੰਦਾ ਹੈ ਅਤੇ ਇਸ ਟੁੱਟ-ਭੱਜ ਦੀ ਜ਼ਿੰਮੇਦਾਰੀ ਸੱਚ ਦੇ ਸਿਰ ਆਉਂਦੀ ਹੈ।
ਇਹ ਇਸ ਲਈ ਕਿ 'ਸੱਚ' ਇਹ ਮੰਨਣ ਨੂੰ, ਛੇਤੀ ਛੇਤੀ, ਤਿਆਰ ਨਹੀਂ ਕਿ ਉਸ ਨੂੰ ਸਦਭਾਵਨਾ ਅਤੇ ਸਹਾਨੁਭੂਤੀ ਆਦਿਕ ਦੀ ਓਨੀ ਹੀ ਲੋੜ ਹੈ, ਜਿੰਨੀ ਇਨ੍ਹਾਂ ਭਾਵਾਂ ਨੂੰ ਉਸ ਦੀ ਹੈ। ਸੱਚ ਨੂੰ ਇਹ ਪਤਾ ਹੈ ਕਿ "ਮੈਂ ਇਨ੍ਹਾਂ ਭਾਵਾਂ ਨਾਲੋਂ ਪਰੇ ਹੋ ਕੇ ਵੀ ਸੱਚ ਬਣਿਆ ਰਹਿ ਸਕਦਾ ਹਾਂ, ਜਦ ਕਿ ਇਹ ਭਾਵ ਮੇਰੇ ਨਾਲੋਂ ਪਰੇ ਹੋ ਕੇ ਪਾਖੰਡ ਬਣ ਜਾਂਦੇ ਹਨ।" ਇਸ ਭਰੋਸੇ ਕਾਰਨ ਸੱਚ ਨਿੰਮ੍ਰਤਾ ਨਾਲੋਂ ਨਾਤਾ ਤੋੜਨ ਦੀ ਦਲੇਰੀ ਕਰ ਲੈਂਦਾ ਹੈ। ਨਿੰਮ੍ਰਤਾਹੀਣ ਸੱਚ ਹਉਮੈ ਦਾ ਸਹਿਯੋਗੀ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਜੀਵਨ ਨਾਲੋਂ ਵਡੇਰਾ ਮੰਨਣ ਲੱਗ ਪੈਂਦਾ ਹੈ। ਰਜੋਗੁਣੀ ਬੌਧਿਕਤਾ ਸੱਚ ਦੀ ਇਸ ਮਨੌਤ ਦਾ ਸਮਰਥਨ ਕਰਦੀ ਆਈ ਹੈ। ਇਸ ਦਾ ਨਤੀਜਾ ਇਹ ਹੈ ਕਿ ਸੱਚ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਜੀਵਨ ਦਾ ਇੱਕ ਹਿੱਸਾ ਹੈ; ਹੋਰ ਸਾਰੀਆਂ ਭਾਵਨਾਵਾਂ ਅਤੇ ਮਾਨਤਾਵਾਂ ਵਾਂਗ ਜੀਵਨ ਦਾ ਸੇਵਕ ਹੈ, ਸਹਾਇਕ ਹੈ, ਸਵਾਮੀ ਨਹੀਂ, ਸਿਰਜਣਹਾਰ ਨਹੀਂ, ਰੱਬ ਨਹੀਂ; ਜੀਵਨ ਉਸ ਨਾਲੋਂ ਪਹਿਲੋਂ ਦਾ ਹੈ ਅਤੇ ਜੀਵਨ ਦੀਆਂ ਪਰਿਸਥਿਤੀਆਂ ਨੇ ਉਸ ਦੇ ਸੰਕਲਪ ਨੂੰ ਜਨਮ ਦਿੱਤਾ ਹੈ। ਸੱਤਾ ਅਤੇ ਜਿੱਤ ਦਾ ਸਹਿਯੋਗੀ-ਸੰਬੰਧੀ ਸੱਚ ਇਹ ਭੁੱਲ ਜਾਂਦਾ ਹੈ ਕਿ ਸੁਰੱਖਿਆ, ਸੁਖ ਅਤੇ ਪ੍ਰਸੰਨਤਾ ਦੀ ਇੱਛਾ ਉਸ ਨਾਲੋਂ ਪੁਰਾਣੀ ਹੈ ਅਤੇ ਜੀਵਨ ਉਦੋਂ ਸੱਚ