ਉਪਲਬੱਧ ਨਿਕਟ-ਅੰਗ ਵਿਸ਼ਲੇਸ਼ਣ ਦਾ ਇਕ-ਇਕ ਰੂਪ ਹਨ।
ਵਾਕੰਸ਼ ਉਸਾਰੀ ਨੇਮ-
ਵਾਕ -> ਨਾਵ ਵਾਕੰਸ਼ + ਕਿਰਿਆ ਵਾਕੰਸ਼
ਨਾਂਵ ਵਾਕੰਸ਼ -> ਵਿਸ਼ੇਸ਼ਣ + ਨਾਂਵ + ਸੰਬੰਧਕ
ਵਿਸ਼ੇਸ਼ਣ -> ਵਿਸ਼ੇਸ਼ਣ1 + ਵਿਸ਼ੇਸ਼ਣ2 + ਵਿਸ਼ੇਸ਼ਣ3 + ਵਿਸ਼ੇਸ਼ਣ4,
ਸਬੰਧਕ -> ਨੇ/ਨੂੰ
ਕਿਰਿਆ ਵਾਕੰਸ਼ -> ਨਾਂਵ ਵਾਕੰਸ਼ + ਕਿਰਿਆ ਵਾਕੰਸ਼
ਨਾਂਵ ਵਾਕੰਸ਼ -> ਨਾਂਵ + ਸੰਬੰਧਕ (ਤੋਂ/ਲਈ/ਵੱਲ ਨੂੰ)
ਕਿਰਿਆ ਵਾਕੰਸ਼ -> ਮੁੱਖ ਕਿਰਿਆ + ਸੰਚਾਲਕ ਕਿਰਿਆ + ਸਹਾਇਕ ਕਿਰਿਆ
ਭਾਸ਼ਾਈ ਯੋਗਤਾ ਅਤੇ ਭਾਸ਼ਾਈ ਨਿਭਾਅ- ਫਰਦੀਨਾ ਦ ਸੋਸਿਓਰ ਦੁਆਰਾ ਪ੍ਰਸਤੁਤ ਲਾਂਗ ਅਤੇ ਪੋਰੋਲ ਨੂੰ ਨੋਮ ਚੋਮਸਕੀ ਨੇ ਰੂਪਾਂਤਰੀ ਸਿਰਜਨਾਤਮਕ ਭਾਸ਼ਾ ਵਿਗਿਆਨ ਵਿਚ ਯੋਗਤਾ ਅਤੇ ਨਿਭਾਅ ਦੇ ਸੰਕਲਪਾਂ ਰਾਹੀਂ ਪੇਸ਼ ਕੀਤਾ ਹੈ। ਦੋਨੋਂ ਸੰਕਲਪ ਹੀ ਭਾਸ਼ਾਈ ਬੋਧ ਦੇ ਕ੍ਰਮਵਾਰ ਸਮੂਹਿਕ ਅਤੇ ਵਿਅਕਤੀਗਤ ਪਾਸਾਰ ਹਨ। ਜਿੱਥੇ ਸੋਸਿਓਰ ਦੁਆਰਾ ਪ੍ਰਸਤੁਤ ਲਾਂਗ ਅਤੇ ਪੈਰੋਲ ਸਮਾਜਿਕ ਹਨ, ਉਥੇ ਭਾਸ਼ਾਈ ਯੋਗਤਾ ਅਤੇ ਭਾਸ਼ਾਈ ਨਿਭਾਅ ਨਿਰੋਲ ਮਨੋਵਿਗਿਆਨਕ ਸੰਕਲਪ ਹਨ।
ਚੋਮਸਕੀ ਦਾ ਇਹ ਮੱਤ ਹੈ ਕਿ ਬੱਚੇ ਦੀ ਭਾਸ਼ਾ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਜਮਾਂਦਰੂ ਹੁੰਦੀ ਹੈ ਅਤੇ ਸਰੀਰਕ ਤੌਰ ਤੇ ਵਿਕਸਤ ਹੁੰਦੀ ਹੈ। ਇਸ ਵਿਕਸਤ ਭਾਸ਼ਾਈ ਯੋਗਤਾ ਦਾ ਨਿਭਾਅ ਅਤੇ ਰੂਪਾਂਤਰਣ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ। ਇਸ ਲਈ ਚੋਮਸਕੀ ਅਨੁਸਾਰ ਭਾਸ਼ਾ ਮਨੁੱਖੀ ਵਰਤਾਰੇ ਦਾ ਸਮੁੱਚ ਨਹੀਂ ਹੈ ਸਗੋਂ ਮਨੁੱਖੀ ਦਿਮਾਗ ਦੀ ਯੋਗਤਾ ਹੈ। ਚੋਮਸਕੀ ਦਾ ਮੱਤ ਹੈ ਕਿ ਭਾਸ਼ਾ ਨੂੰ ਗ੍ਰਹਿਣ ਕਰਨ ਦੀ ਯੋਗਤਾ ਸੀਮਤ ਹੁੰਦੀ ਹੈ ਜੋ ਅਸੀਮਤ ਭਾਸ਼ਾਈ ਨਿਯਮਾਂ ਰਾਹੀਂ ਰੂਪਮਾਨ ਹੁੰਦੀ ਹੈ। ਚੋਮਸਕੀ ਨੇ ਮਨੁੱਖੀ ਮਨ ਅੰਦਰ ਭਾਸ਼ਾ ਦੀ ਯੋਗਤਾ ਨੂੰ ਗਣਿਤ ਵਿਚ ਉਪਲਬਧ ਹਿੰਦਸਿਆਂ ਦੀ ਗਿਣਤੀ ਰਾਹੀਂ ਸਪੱਸ਼ਟ ਕੀਤਾ ਹੈ। ਗਣਿਤ ਵਿਚ ਇਕ ਤੋਂ ਲੈ ਕੇ 9 ਤੱਕ (1-9) ਹਿੰਦਸੇ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਰਾਹੀਂ ਅਣਗਿਣਤ ਰਕਮਾਂ ਬਣਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਹੀ ਭਾਸ਼ਾ ਦੇ ਸੀਮਤ ਨੇਮ ਅਸੀਮਤ ਵਾਕਾਤਮਿਕ ਬਣਤਰਾਂ ਨੂੰ ਸਾਕਾਰ ਕਰਦੇ ਹਨ। ਇਸ ਲਈ ਰੂਪਾਂਤਰੀ ਸਿਰਜਨਾਤਮਿਕ ਵਿਆਕਰਨ/ਭਾਸ਼ਾ ਵਿਗਿਆਨ ਵਿਚ ਮੂਲ ਸਰੋਕਾਰ ਸਿਰਜੇ ਗਏ ਵਾਕ ਨਹੀਂ ਸਗੋਂ ਵਾਕਾਂ ਨੂੰ ਸਿਰਜਨ ਦੀ ਸੰਭਾਵਨਾ ਹੈ। ਚੋਮਸਕੀ ਅਨੁਸਾਰ ਭਾਸ਼ਾਈ ਬੁਲਾਰੇ ਕੋਲ ਇਸ ਆਂਤਰਿਕ ਨੇਮ ਪਰਨਾਲੀ ਹੁੰਦੀ ਹੈ ਜਿਨ੍ਹਾਂ ਦੀ ਵਰਤੋਂ ਰਾਹੀਂ ਉਹ ਅਨੇਕ ਵਾਕਾਂ ਦੀ ਸਿਰਜਨਾ ਕਰ ਸਕਦਾ ਹੈ। ਆਂਤਰਿਕ ਨੇਮ ਪਰਨਾਲੀ ਭਾਸ਼ਾਈ ਯੋਗਤਾ ਹੈ ਅਤੇ ਸਿਰਜੇ ਗਏ ਵਾਕ ਭਾਸ਼ਾਈ ਨਿਭਾਅ।
ਪ੍ਰਸ਼ਨ- ਪ੍ਰਕਾਰਜੀ ਭਾਸ਼ਾ ਵਿਗਿਆਨ ਦੀ ਪਰਿਭਾਸ਼ਾ ਦਿਓ ਅਤੇ ਇਸ ਦੇ ਅਧਿਐਨ ਖੇਤਰ ਬਾਰੇ ਵੀ ਚਰਚਾ ਕਰੋ।
ਉੱਤਰ- ਭਾਸ਼ਾ ਦੀ ਬਣਤਰ ਪਿੱਛੇ ਭਾਸ਼ਾਈ ਕਾਰਜ ਨਿਹਿਤ ਹੁੰਦਾ ਹੈ। ਭਾਸ਼ਾ ਵਿਚ ਅਲੱਗ-ਅਲੱਗ ਪ੍ਰਕਾਰ ਦੇ ਪਰਵਚਨਾਂ ਦੀ ਵਿਵਸਥਾ ਭਾਸ਼ਾਈ ਪ੍ਰਕਾਰਜ ਦੀ ਵਿਭਿੰਨਤਾ ਕਾਰਨ ਹੀ ਹੁੰਦੀ ਹੈ। ਭਾਸ਼ਾਈ ਸਰੂਪ ਅਤੇ ਸੰਰਚਨਾ ਦੇ ਪ੍ਰਕਾਰਜੀ ਪਹਿਲੂ ਨਾਲ ਸਬੰਧਿਤ ਭਾਸ਼ਾ ਵਿਗਿਆਨ ਨੂੰ ਪ੍ਰਕਾਰਜੀ ਭਾਸ਼ਾਵਿਗਿਆਨ ਕਿਹਾ ਜਾਂਦਾ ਹੈ। ਪ੍ਰਕਾਰਜੀ ਭਾਸ਼ਾ ਵਿਗਿਆਨ ਦਾ ਮੁੱਖ ਸੰਚਾਲਕ ਅਤੇ ਮੋਢੀ ਭਾਸ਼ਾ ਵਿਗਿਆਨ ਐਮ ਏ ਕੇ ਹੈਲੀਡੇ ਹੈ।