ਉਪਰੋਕਤ ਸ਼ਬਦ ਵਿਚ ਆਈ, ਆਏ, ਊਏ ਸ੍ਵਰ ਸੰਯੋਗ ਦੇ ਨਮੂਨੇ ਹਨ।
ਪ੍ਰਸ਼ਨ- ਅੰਦਰਲੇ ਗੁੱਟ ਦੇ ਸ੍ਵਰ ਕੀ ਹੁੰਦੇ ਹਨ ? ਪੰਜਾਬੀ ਵਿਚ ਇਹ ਕਿਹੜੇ- ਕਿਹੜੇ ਹਨ ?
ਉੱਤਰ- ਉਹ ਸ੍ਵਰ ਜਿਨ੍ਹਾਂ ਦਾ ਉਚਾਰਨ ਮੂੰਹ ਪੋਲ ਦੇ ਅੰਦਰ ਵਰਤੀ ਹਿੱਸੇ ਵਿਚ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਅੰਦਰਲੇ ਗੁੱਟ ਦੇ ਸ੍ਵਰ ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਇ, ਅ, ਉ ਅੰਦਰਲੇ ਗੁੱਟ ਦੇ ਸ੍ਵਰ ਹਨ। ਇਹ ਸ੍ਵਰ ਲਘੂ ਸ੍ਵਰਾਂ ਦੀ ਵੰਨਗੀ ਵਿਚ ਵੀ ਰੱਖੇ ਜਾਂਦੇ ਹਨ।
ਪ੍ਰਸ਼ਨ- ਪੰਜਾਬੀ ਦੀਆਂ ਖੰਡੀ ਧੁਨੀਆਂ ਸੰਬੰਧੀ ਚਰਚਾ ਕਰੋ।
ਉੱਤਰ- ਧੁਨੀਆਂ ਨੂੰ ਭਾਸ਼ਾਈ ਪ੍ਰਕਾਰਜ ਦੀ ਦ੍ਰਿਸ਼ਟੀ ਤੋਂ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ। ਇਕ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜੋ ਭਾਸ਼ਾ ਵਿਚ ਸੁਤੰਤਰ ਰੂਪ ਵਿਚ ਵਰਤੀਆਂ ਜਾ ਸਕਦੀਆਂ ਹਨ, ਇਨ੍ਹਾਂ ਧੁਨੀਆਂ ਦਾ ਆਪਣਾ ਵੱਖਰਾ ਸੁਤੰਤਰ ਵਜੂਦ ਹੁੰਦਾ ਹੈ। ਇਨ੍ਹਾਂ ਧੁਨੀਆਂ ਨੂੰ ਖੰਡੀ ਧੁਨੀਆਂ ਆਖਿਆ ਜਾਂਦਾ ਹੈ। ਅਰਥਾਤ ਖੰਡੀ ਧੁਨੀਆਂ ਉਹ ਧੁਨੀਆਂ ਹਨ ਜੋ ਭਾਸ਼ਾ ਵਿਚ ਸੁਤੰਤਰ ਰੂਪ ਵਿਚ ਵਰਤੀਆਂ ਜਾਂਦੀਆਂ ਹਨ। ਖੰਡੀ ਧੁਨੀਆਂ ਵਿਚ ਸ੍ਵਰਾਂ, ਵਿਅੰਜਨ ਅਤੇ ਅਰਧ ਸ੍ਵਰਾਂ ਦੀ ਗੱਲ ਕੀਤੀ ਜਾਂਦੀ ਹੈ;
ਸ੍ਵਰ (Vowels) ਸ੍ਵਰ ਅਜਿਹੀਆਂ ਖੰਡੀ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਫੇਫੜਿਆਂ ਚੋਂ ਉਤਪੰਨ ਹੋਈ ਵਾਯੂਧਾਰਾ ਮੂੰਹ ਖੋਲ੍ਹ ਵਿਚੋਂ ਬੇਰੋਕ ਬਾਹਰ ਨਿਕਲਦੀ ਹੈ। ਪੰਜਾਬੀ ਭਾਸ਼ਾ ਵਿਚ ਕੁਲ 10 ਸ੍ਵਰ ਹਨ ਇਨ੍ਹਾਂ ਸ੍ਵਰਾਂ ਨੂੰ ਜੀਭ ਦੀ ਉਚਾਈ, ਜੀਭ ਦੀ ਸਥਿਤੀ ਅਤੇ ਬੁੱਲ੍ਹਾਂ ਦੀ ਸਥਿਤੀ ਦੇ ਅਧਾਰ ਤੇ ਵਿਭਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ।
ਜੀਭ ਦੀ ਉਚਾਈ- ਜੀਭ ਦੀ ਉਚਾਈ ਦੇ ਆਧਾਰ ਤੇ ਪੰਜਾਬੀ ਦੇ ਸ੍ਵਰਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾਂਦਾ ਹੈ।
ਉੱਚੇ ਸ੍ਵਰ
ਅਰਧ ਉੱਚੇ ਸ੍ਵਰ
ਅਰਧ ਨੀਵੇਂ ਸ੍ਵਰ
ਨੀਵੇਂ ਸ੍ਵਰ
ਪੰਜਾਬੀ ਦੇ ਸ੍ਵਰ ਵਿਚੋਂ ਈ, ਊ ਉੱਚੇ ਸ੍ਵਰ ਹਨ, ਇ, ਉ, ਅਰਧ-ਉੱਚੇ ਸ੍ਵਰ, ਏ, ਅਤੇ ਓ ਅਰਧ ਨੀਵੇਂ ਅਤੇ ਐ, ਆ, ਔ ਨੀਵੇਂ ਸ੍ਵਰ ਹਨ।