ਉੱਚੇ ਸ੍ਵਰ - ਈ ਊ
ਅਰਧ ਉੱਚੇ - ਇ ਉ
ਅਰਧ ਨੀਵੇਂ- ਏ, ਅ, ਓ
ਨੀਵੇਂ ਸ੍ਵਰ - ਐ, ਆ, ਔ
ਜੀਭ ਦੀ ਸਥਿਤੀ- ਜੀਭ ਦੀ ਸਥਿਤੀ ਦੇ ਆਧਾਰ 'ਤੇ ਪੰਜਾਬੀ ਦੇ ਸੁਰ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ । ਅਗਲੇ ਸ੍ਵਰ, ਪਿਛਲੇ ਸ੍ਵਰ ਅਤੇ ਵਿਚਲੇ ਸ੍ਵਰ । ਜਿਨ੍ਹਾਂ ਸ੍ਵਰਾਂ ਦਾ ਉਚਾਰਨ ਮੂੰਹ ਦੇ ਅਗਲੇ ਪਾਸੇ ਵੱਲ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਅਗਲੇ ਸ੍ਵਰ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਸ੍ਵਰਾਂ ਦਾ ਉਚਾਰਨ ਮੂੰਹ ਦੇ ਪਿਛਲੇ ਪਾਸੇ ਵੱਲ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਪਿਛਲੇ ਸ੍ਵਰ ਕਿਹਾ ਜਾਂਦਾ ਹੈ । ਅਗਲੇ ਅਤੇ ਪਿਛਲੇ ਸ੍ਵਰਾਂ ਦੇ ਦਰਮਿਆਨ ਵਿਚਰਦੇ ਸ੍ਵਰਾਂ ਨੂੰ ਵਿਚਲੇ ਸ੍ਵਰ ਕਿਹਾ ਜਾਂਦਾ ਹੈ। ਅਗਲੇ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ ਜਦੋਂ ਕਿ ਪਿਛਲੇ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ। ਵਿਚਲੇ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਦਾ ਵਿਚਕਾਰਲੇ ਹਿੱਸਾ ਕਾਰਜਸ਼ੀਲ ਰਹਿੰਦਾ ਹੈ। ਪੰਜਾਬੀ ਭਾਸ਼ਾ ਦੇ ਅਗਲੇ, ਪਿਛਲੇ ਅਤੇ ਵਿਚਲੇ ਸ੍ਵਰ ਨਿਮਨ ਅਨੁਸਾਰ ਹਨ;
ਅਗਲੇ ਈ, ਏ, ਐ
ਵਿਚਲੇ ਇ, ਅ, ਉ, ਆ
ਪਿਛਲੇ ਊ, ਔ, ਓ
ਬੁੱਲ੍ਹਾਂ ਦੀ ਸਥਿਤੀ- ਬੁੱਲ੍ਹਾਂ ਦੀ ਸਥਿਤੀ ਅਨੁਸਾਰ ਪੰਜਾਬੀ ਸ੍ਵਰਾਂ ਨੂੰ ਦੋ ਹਿੱਸਿਆ ਵਿੱਚ ਵੰਡਿਆ ਜਾਂਦਾ ਹੈ। ਗੁਲਾਈਦਾਰ ਸ੍ਵਰ ਅਤੇ ਗੁਲਾਈ ਰਹਿਤ ਸ੍ਵਰ । ਪੰਜਾਬੀ ਭਾਸ਼ਾ ਵਿਚ ਕਈ ਸ੍ਵਰ ਐਸੇ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਬੁੱਲਾਂ ਦੀ ਸਥਿਤੀ/ਸ਼ਕਲ ਗੋਲ ਹੋ ਜਾਂਦੀ ਹੈ। ਇਨ੍ਹਾਂ ਸ੍ਵਰਾਂ ਨੂੰ ਗੁਲਾਈਦਾਰ ਸ੍ਵਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਊ, ਉ, ਓ, ਔ ਸ੍ਵਰ ਗੁਲਾਈਦਾਰ ਸ੍ਵਰ ਹਨ। ਪਰੰਤੂ ਜਿਨ੍ਹਾਂ ਸ੍ਵਰਾਂ ਦੇ ਉਚਾਰਨ ਵੇਲੇ ਬੁੱਲਾਂ ਦੀ ਸਥਿਤੀ ਚਪਟੀ ਰਹਿੰਦੀ ਹੈ, ਉਨ੍ਹਾਂ ਨੂੰ ਗੁਲਾਈ ਰਹਿਤ ਸ੍ਵਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਈ, ਏ, ਐ, ਇ, ਆ, ਅ ਗੁਲਾਈ ਰਹਿਤ ਸ੍ਵਰ ਹਨ।
ਗੁਲਾਈਦਾਰ ਸ੍ਵਰ - ਊ, ਉ, ਓ, ਔ
ਗੁਲਾਈ ਰਹਿਤ ਸ੍ਵਰ - ਈ, ਏ, ਐ, ਇ, ਆ, ਅ
2. ਵਿਅੰਜਨ (Consonants)- ਵਿਅੰਜਨ ਧੁਨੀਆਂ ਅਜਿਹੀਆਂ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਕਿਸੇ ਨਾ ਕਿਸੇ ਉਚਾਰਨ ਸਥਾਨ ਉੱਤੇ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿਚ 'ਡੱਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਉਨ੍ਹਾਂ ਧੁਨੀਆਂ ਨੂੰ ਵਿਅੰਜਨ ਕਿਹਾ ਜਾਂਦਾ ਹੈ। ਜਦੋਂ ਵਿਅੰਜਨਾਂ ਦਾ ਉਚਾਰਨ ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਨੂੰ ਮੁਕੰਮਲ ਰੂਪ ਵਿੱਚ ਰੋਕ ਕੇ ਕੀਤਾ ਜਾਵੇ ਤਾਂ ਇਹ ਵਿਅੰਜਨ ਡੱਕਵੇਂ ਵਿਅੰਜਨ ਹੁੰਦੇ ਹਨ। ਪਰੰਤੂ ਜਦੋਂ ਧੁਨੀਆਂ ਦੇ ਉਚਾਰਨ ਵੇਲੇ ਅੰਸ਼ਕ ਰੂਪ ਵਿਚ ਵਾਯੂਧਾਰਾ ਨੂੰ ਰੋਕਿਆ ਜਾਵੇ ਤਾਂ ਉਚਾਰੀਆਂ ਗਈਆਂ ਧੁਨੀਆਂ ਅਡੱਕਵੇਂ ਵਿਅੰਜਨ ਦੀ ਵੰਨਗੀ ਵਿਚ ਆਉਂਦੀਆਂ ਹਨ।
ਪੰਜਾਬੀ ਵਿੱਚ ਪ, ਫ, ਬ, ਭ, ਤ, ਥ, ਦ, ਧ, ਠ, ਡ, ਢ, ਚ, ਛ, ਜ, ਝ, ਕ, ਖ, ਗ, ਘ ਡੱਕਵੇਂ ਵਿਅੰਜਨ ਅਤੇ ਇਹਨਾਂ ਤੋਂ ਇਲਾਵਾ ਬਾਕੀ ਸਾਰੇ ਵਿਅੰਜਨ ਅਡੱਕਵੇਂ ਵਿਅੰਜਨ ਹਨ। ਡੱਕਵੇਂ ਅਤੇ ਅਡੱਕਵੇਂ ਵਿਅੰਜਨਾਂ ਨੂੰ ਅੱਗੋਂ ਉਚਾਰਨ ਸਥਾਨ ਅਤੇ ਉਚਾਰਨ ਲਹਿਜ਼ੇ ਦੇ ਲਿਹਾਜ਼ ਨਾਲ ਵਿਭਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ। ਇਨ੍ਹਾਂ ਦੀ ਵਰਗ ਵੰਡ ਨੂੰ ਨਿਮਨ ਚਾਰਟ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ-