ਇਕ ਕੋਸ਼ਗਤ ਇਕਾਈ ਵਜੋਂ ਸਾਕਾਰ ਹੁੰਦੇ ਹਨ । ਇਸੇ ਅਰਥਾਂ ਨੂੰ ਕੋਸ਼ਗਤ ਅਰਥ (lexical meaning) ਕਿਹਾ ਜਾਂਦਾ ਹੈ। ਜਿਵੇਂ "ਕਾਂ" ਦੇ ਕੋਸ਼ਗਤ ਅਰਥ ਇਕ ਜਾਨਵਰ ਨੂੰ ਸਾਕਾਰ ਕਰਦੇ ਹਨ। ਪ੍ਰੰਤੂ ਜਦੋਂ ਜ਼ਿਆਦਾ ਬੋਲਣ ਵਾਲੇ ਵਿਅਕਤੀ ਲਈ "ਕਾਂ" ਸ਼ਬਦ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨੂੰ ਪ੍ਰਸੰਗਿਕ ਅਰਥ (Contextual) ਕਿਹਾ ਜਾਂਦਾ ਹੈ ।
ਸ਼ਬਦ ਦੀ ਵਰਤੋਂ ਸਿਰਫ ਕਿਸੇ ਇਕ ਪ੍ਰਸੰਗ ਵਿਚ ਹੀ ਨਹੀਂ ਕੀਤੀ ਜਾਂਦੀ । ਭਾਸ਼ਾਈ ਵਰਤੋਂ ਦੇ ਕਈ ਪ੍ਰਸੰਗ ਹਨ। ਘਰ ਵਿਚ ਵਰਤੇ ਜਾਂਦੇ ਸ਼ਬਦ ਪਾਣੀ, ਰੋਟੀ ਕਿਸੇ ਧਾਰਮਿਕ ਅਸਥਾਨ ਤੇ "ਜਲ" ਅਤੇ "ਪਰਸ਼ਾਦਾ" ਵਿਚ ਪਰਵਰਤਿਤ ਹੋ ਜਾਂਦੇ ਹਨ । ਇਸ ਤਰ੍ਹਾਂ ਹੀ "ਜੁੱਤੀ" "ਜੋੜਾ" ਬਣ ਜਾਂਦੀ ਹੈ। ਇਹ ਭਾਸ਼ਾਈ ਵਰਤੋਂ ਦਾ ਸਾਮਾਜਿਕ ਪ੍ਰਸੰਗ ਹੈ।
ਪ੍ਰੰਤੂ ਕਈ ਵਾਰ ਜਦੋਂ ਇਕ ਸ਼ਬਦ ਨੂੰ ਇਕ ਤੋਂ ਵਧੇਰੇ ਭਾਸ਼ਾਈ ਪ੍ਰਸੰਗਾਂ ਵਿਚ ਵਰਤਿਆ ਜਾਵੇ ਤਾਂ ਉਨ੍ਹਾਂ ਦੇ ਅਰਥ ਤਬਦੀਲ ਹੋ ਜਾਂਦੇ ਹਨ।
(ੳ) ਮੁੰਡਾ ਘਰ ਜਾਂਦਾ ਹੈ।
(ਅ) ਮੁੰਡਾ ਰੋਈ ਜਾਂਦਾ ਹੈ।
ਉਪਰੋਕਤ ਵਾਕਾਂ ਵਿਚ (ੳ) ਵਾਕ ਵਿਚ ਆਇਆ ਸ਼ਬਦ "ਜਾਂਦਾ" ਦੇ ਅਰਥ "ਜਾਣ" ਦੇ ਹਨ ਜਦੋਂ ਕਿ (ਅ) ਵਾਕ ਵਿਚ ਆਇਆ ਸ਼ਬਦ "ਜਾਦਾ” ਨਿਰੰਤਰਤਾ, ਲਗਾਤਾਰਤਾ ਦਾ ਸੂਚਕ ਹੈ । ਸ਼ਬਦ ਦੇ ਇਸ ਪ੍ਰਸੰਗ ਨੂੰ ਵਿਆਕਰਨਕ ਪ੍ਰਸੰਗ ਕਿਹਾ ਜਾਂਦਾ ਹੈ।
ਇਸ ਪ੍ਰਕਾਰ ਭਾਸ਼ਾ ਵਿਗਿਆਨ ਅਜਿਹਾ ਵਿਗਿਆਨ ਹੈ ਜਿਸ ਵਿਚ ਭਾਸ਼ਾਈ ਦੀ ਅੰਦਰੂਨੀ ਬਣਤਰ ਦਾ ਅਧਿਐਨ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕੀਤਾ ਜਾਂਦਾ ਹੈ। ਭਾਸ਼ਾਈ ਅਧਿਐਨ ਪ੍ਰਕਿਰਿਆ ਦੌਰਾਨ ਭਾਸ਼ਾ ਵਿਗਿਆਨ ਧੁਨੀ ਤੋਂ ਅਰਥ ਤੱਕ ਦਾ ਸਫਰ ਤਹਿ ਕਰਦਾ ਹੈ।
ਪ੍ਰਸ਼ਨ- ਕੀ ਭਾਸ਼ਾ ਵਿਗਿਆਨ ਵਿਗਿਆਨ ਹੈ ?
ਉੱਤਰ- ਵਿਗਿਆਨ ਇਕ ਵਿਆਪਕ ਸੰਕਲਪ ਹੈ ਜਿਸ ਦੀ ਵਰਤੋਂ ਮੁੱਖ ਰੂਪ ਵਿੱਚ ਪ੍ਰਾਕਿਰਤਕ ਅਤੇ ਸ਼ੁੱਧ ਵਿਗਿਆਨ (Natural and pure science) ਦੇ ਪ੍ਰਸੰਗ ਵਿਚ ਹੀ ਕੀਤੀ ਜਾਂਦੀ ਰਹੀ ਹੈ। ਅੱਜ ਵਿਗਿਆਨ ਨੂੰ ਸਮਾਜ ਅਤੇ ਵਿਹਾਰਕ ਵਿਗਿਆਨਾਂ ਦੇ ਪ੍ਰਸੰਗ ਵਿਚ ਵੀ ਵਰਤਿਆ ਜਾਣ ਲੱਗਾ ਹੈ । ਭਾਸ਼ਾ ਵਿਗਿਆਨ ਵੀ ਇਕ ਅਜਿਹਾ ਪ੍ਰਤੱਖ ਵਿਗਿਆਨ (empirical) ਹੈ ਜੋ ਭਾਸ਼ਾ ਦੇ ਅਧਿਐਨ ਵੇਲੇ ਵਿਗਿਆਨਕ ਮਾਪ ਦੰਡਾਂ ਨੂੰ ਅਧਾਰ ਬਣਾ ਕੇ ਭਾਸ਼ਾਈ ਸੰਰਚਨਾ ਦੇ ਨੇਮਾਂ ਨੂੰ ਸਥਾਪਿਤ ਕਰਦਾ ਹੈ। ਵਿਗਿਆਨਕ ਨੇਮ ਸਰਵਵਿਆਪਕ ਜਾਂ ਅਬਦਲ ਨਹੀਂ ਹੁੰਦੇ ਸਗੋਂ ਇਨ੍ਹਾਂ ਵਿਚ ਪ੍ਰਸਥਿਤੀਆਂ ਦੇ ਪਰਿਵਰਤਨ ਨਾਲ ਬਦਲਾਵ ਆਉਂਦੇ ਰਹਿੰਦੇ ਹਨ। ਭਾਸ਼ਾ ਵਿਗਿਆਨ ਵੀ ਅਜਿਹਾ ਵਿਗਿਆਨ ਹੈ ਜੋ ਭਾਸ਼ਾ ਦੀ ਵਰਤੋਂ ਤੇ ਵਰਤਾਰੇ ਅਨੁਸਾਰ ਭਾਸ਼ਾਈ ਨੇਮਾਂ ਦਾ ਨਿਰਮਾਣ ਕਰਦਾ ਹੈ । ਭਾਸ਼ਾ ਵਿਗਿਆਨ ਦੀ ਨੇਮ ਨਿਰਮਾਣ ਵਿਧੀ (Methodology) ਵਿਗਿਆਨ ਹੈ।