ਚੰਡੀਗੜ੍ਹ ਤੋਂ ਇਲਾਵਾ ਮੋਹਾਲੀ ਅਤੇ ਪੰਚਕੂਲਾ ਆਦਿ ਅਤਿ ਆਧੁਨਿਕ ਸ਼ਹਿਰ ਵੱਸਣ ਕਾਰਨ ਹੁਣ ਇਹ ਖੇਤਰ ਪੰਜਾਬ ਦੇ ਬਾਕੀ ਖੇਤਰਾਂ ਨਾਲੋਂ ਵੱਧ ਵਿਕਾਸ ਕਰ ਰਿਹਾ ਹੈ ਪਰ ਕਿਸੇ ਸਮੇਂ ਇਹ ਇਲਾਕਾ ਬਹੁਤ ਪਛੜਿਆ ਹੋਇਆ ਸੀ। ਜਿਸ ਦਾ ਪ੍ਰਮੁੱਖ ਕਾਰਨ ਇਥੋਂ ਦੇ ਇਲਾਕੇ ਵਿਚ ਸਿਰਫ਼ ਇਕ ਹੀ ਬਰਸਾਤੀ ਘੱਗਰ ਦਰਿਆ ਹੋਣ ਕਾਰਨ ਬਹੁਤੀ ਖੇਤੀ ਬਰਸਾਤ 'ਤੇ ਨਿਰਭਰ ਸੀ। ਖੇਤੀ ਬਰਸਾਤ 'ਤੇ ਅਧਾਰਿਤ ਹੋਣ ਕਰਕੇ ਦੂਜਾ ਕਾਰਨ ਇਥੋਂ ਦੀ ਜ਼ਮੀਨ ਦਾ ਬਹੁਤਾ ਉਪਜਾਊ ਨਾ ਹੋਣਾ ਹੈ। ਆਵਾਜਾਈ ਦੇ ਸਾਧਨ ਵੀ ਅਣਵਿਕਸਿਤ ਹੋਣ ਕਾਰਨ ਵਿਦਿਆ ਦੇ ਸਾਧਨ ਵੀ ਨਾਮਾਤਰ ਹੀ ਸਨ। ਮਹਾਰਾਜਾ ਰਣਜੀਤ ਸਿੰਘ ਦੇ ਖੁਸ਼ਹਾਲ ਸ਼ਾਸਨ ਕਾਲ ਪੱਖੋਂ ਵੀ ਇਹ ਇਲਾਕਾ ਅਵੇਸਲਾ ਰਿਹਾ ਹੈ। ਉਸ ਵਕਤ ਪੁਆਧ ਦੇ ਇਲਾਕੇ ਦੇ ਕਿਸੇ ਬੰਦੇ ਦਾ ਰਣਜੀਤ ਸਿੰਘ ਦੇ ਰਾਜ ਵਿਚ ਮੁਲਾਜ਼ਮ ਬਣ ਸਕਣਾ ਸੁਖਾਲਾ ਨਹੀਂ ਸੀ, ਕਿਉਂਕਿ ਇਹ ਇਲਾਕਾ ਅੰਗਰੇਜ਼ਾਂ ਅਧੀਨ ਹੋਣ ਕਾਰਨ ਉਸ ਦੀ ਵਫ਼ਾਦਾਰੀ 'ਤੇ ਸਿੱਧਾ ਸ਼ੱਕ ਜਾਂਦਾ ਸੀ। ਇਸ ਲਿਹਾਜ਼ ਕਰਕੇ ਵੀ ਪੁਆਧ ਦਾ ਇਲਾਕਾ ਪਛੜਿਆ ਹੋਣ ਕਾਰਨ ਇਥੋਂ ਦੀ ਸਥਾਨਿਕ ਭਾਸ਼ਾ ਕੋਈ ਬਹੁਤੀ ਤਰੱਕੀ ਨਹੀਂ ਕਰ ਸਕੀ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਖੇਤਰ ਵਿਚ ਕੁਝ ਕੁ ਚੰਗੇ ਗਵੱਈਏ ਅਤੇ ਲੇਖਕ ਹੋਏ ਹਨ ਜਿਨ੍ਹਾਂ ਕਾਰਨ ਇਥੋਂ ਦੀ ਉਪ-ਭਾਸ਼ਾ ਦੀ ਵੱਖਰੀ ਪਛਾਣ ਬਣ ਸਕੀ ਹੈ। ਗਵੱਈਆਂ ਵਿਚੋਂ ਬਹੁਤ ਅਰਸਾ ਪਹਿਲਾਂ ਸੁਹਾਣੇ ਦੇ ਜੰਮਪਲ ਭਗਤ ਆਸਾ ਰਾਮ ਨੂੰ ਬਹੁਤ ਵਡਿਆਈ ਪੁਆਧੀਆਂ ਨੇ ਦਿੱਤੀ ਸੀ, ਜਿਨ੍ਹਾਂ ਦੇ ਬੋਲ ਅੱਜ ਤੱਕ ਪੁਆਧੀਆਂ ਦੇ ਸਾਹਾਂ ਵਿਚ ਰਚੇ ਪਏ ਹਨ। ਪੰਜਾਬੀ ਭਾਸ਼ਾ ਦੀ ਪੱਤਰਕਾਰੀ ਦੇ ਮੁਢਲੇ ਅਖ਼ਬਾਰਾਂ ਵਿਚੋਂ 'ਖ਼ਾਲਸਾ ਅਖ਼ਬਾਰ ਲਾਹੌਰ' ਦੇ ਸੰਪਾਦਕ ਅਤੇ 'ਸਿੰਘ ਸਭਾ ਲਹਿਰ' ਦੇ ਚੋਟੀ ਦੇ ਲੇਖਕ ਭਾਈ ਦਿੱਤ ਸਿੰਘ ਦਾ ਸੰਬੰਧ ਪੁਆਧ ਖੇਤਰ ਨਾਲ ਹੈ। ਭਾਈ ਦਿੱਤ ਸਿੰਘ ਦਾ ਪਿੰਡ ਕਲੋੜ ਪਹਿਲਾਂ ਰਿਆਸਤ ਪਟਿਆਲਾ ਵਿਚ ਸੀ। ਰਿਆਸਤਾਂ ਟੁੱਟਣ ਉਪਰੰਤ ਇਹ ਜ਼ਿਲ੍ਹਾ ਪਟਿਆਲਾ ਵਿਚ ਅਤੇ ਇਹ ਪਿੰਡ ਹੁਣ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਆਉਂਦਾ ਹੈ।
ਪੁਆਧੀ ਉਪ-ਭਾਸ਼ਾ ਵਿਚ ਹੋਇਆ ਖੋਜ ਕਾਰਜ ਅਤੇ ਲੇਖਕ/ਵਿਦਵਾਨ:-
ਪੁਆਧ ਖੇਤਰ ਇਕ ਪਾਸੇ ਕੇਂਦਰੀ ਪੰਜਾਬ ਅਤੇ ਦੂਜੇ ਪਾਸੇ ਪੱਛਮੀ ਹਿੰਦੀ ਨਾਲ ਜੁੜਿਆ ਹੋਣ ਕਰਕੇ ਭਾਸ਼ਾ ਅਤੇ ਵਿਆਕਰਨਕ ਪੱਧਰ ਤੋਂ ਇਹ ਇਕ ਬਹੁਤ ਮਹੱਤਵਪੂਰਨ ਭਾਸ਼ਾਈ ਖਿੱਤਾ ਹੈ। ਇਸ ਖੇਤਰ ਦੀ ਵੱਖਰਤਾ ਧਨੀ ਪਬੰਧ ਸਵਰ ਪ੍ਰਬੰਧ ਅਤੇ ਸ਼ਬਦਾਵਲੀ ਪੱਖੋਂ ਹੈ। ਭਾਵੇਂ ਕੇਂਦਰੀ ਪੰਜਾਬੀ ਅਤੇ ਪੱਛਮੀ ਹਿੰਦੀ ਦੋਹਾਂ ਦਾ ਨਿਕਾਸ ਵੈਦਿਕ ਸੰਸਕ੍ਰਿਤੀ ਵਿਚੋਂ ਹੋਇਆ ਹੈ ਪਰ ਫਿਰ ਵੀ ਦੋਵਾਂ ਵਿਚ ਕਾਫ਼ੀ ਵੱਖਰਤਾ ਹੈ। ਇਹ ਤੱਥ ਸਪੱਸ਼ਟ ਹੈ ਕਿ ਭਾਸ਼ਾ ਅਧਿਐਨ ਤੇ ਅਧਿਆਪਨ ਦੇ ਪੱਖ ਤੋਂ ਪੁਆਧੀ ਭਾਸ਼ਾ ਦਾ ਖੇਤਰ ਹੁਣ ਤੱਕ ਬਹੁਤਾ ਅਣਗੌਲਿਆ ਹੀ ਰਿਹਾ ਹੈ। ਨਤੀਜੇ ਵਜੋਂ ਬਹੁਤ ਘੱਟ ਵਿਦਵਾਨਾਂ ਨੇ