ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਰਤਮਾਨ ਸਥਿਤੀ
-ਡਾ. ਬੂਟਾ ਸਿੰਘ ਬਰਾੜ
ਪ੍ਰੋ: ਤੇ ਮੁਖੀ ਪੀ.ਜੀ.ਸਟੱਡੀਜ਼ ਵਿਭਾਗ,
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ, ਮੋਬਾ: 94630-79356
ਮਾਣਯੋਗ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬ, ਵਿਦਵਾਨ ਦੋਸਤੋ ਅਤੇ ਵਿਦਿਆਰਥੀਓ, ਸਭ ਤੋਂ ਪਹਿਲਾਂ ਮੈਂ ਇਸ ਸੈਮੀਨਾਰ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਇਕ ਬਹੁਤ ਹੀ ਅਹਿਮ ਵਿਸ਼ੇ ਉੱਤੇ ਸੈਮੀਨਾਰ ਦੇ ਆਯੋਜਨ ਬਾਰੇ ਸੋਚਿਆ ਹੈ। ਇਸ ਸੈਮੀਨਾਰ ਵਿੱਚ ਇਸ ਕਾਲਜ ਵੱਲੋਂ ਮੈਨੂੰ ਤੁਹਾਡੇ ਨਾਲ ਥੀਮ- ਭਾਸ਼ਣ ਦੇ ਰੂਪ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਲਈ ਬੁਲਾਇਆ ਗਿਆ ਹੈ, ਇਸ ਲਈ ਮੈਂ ਪ੍ਰਬੰਧਕਾਂ ਦਾ ਵੀ ਸ਼ੁਕਰਗੁਜ਼ਾਰ ਹਾਂ।
ਮੁਅਜਜ਼ ਹਾਜ਼ਰੀਨ, ਮੈਂ ਪਿਛਲੇ ਤੀਹ ਕੁ ਸਾਲਾਂ ਤੋਂ ਪੰਜਾਬੀ ਭਾਸ਼ਾ ਨਾਲ ਜੁੜੇ ਹਰ ਮਸਲੇ ਨਾਲ ਵਾਬਸਤਾ ਹਾਂ। ਇਸ ਲੰਮੇ ਅਰਸੇ ਦੌਰਾਨ ਮੈਂ ਦੁਨੀਆਂ ਭਰ ਵਿਚ ਭਾਸ਼ਾ ਅਤੇ ਭਾਸ਼ਾ ਵਿਗਿਆਨ ਬਾਰੇ ਹੋ ਰਹੀ ਖੋਜ ਅਤੇ ਚਿੰਤਨ-ਮਨਨ ਉੱਪਰ ਵੀ ਨਜ਼ਰਸਾਨੀ ਕਰਦਾ ਆ ਰਿਹਾ ਹਾਂ। ਇਉਂ ਜਾਪਦਾ ਹੈ ਕਿ ਜਿਵੇਂ ਉਪਭਾਸ਼ਾ, ਭਾਸ਼ਾ ਤੋਂ ਕੋਈ ਛੋਟਾ ਸੰਕਲਪ ਹੈ ਜਾਂ ਉਪਭਾਸ਼ਾ ਵਿਚੋਂ ਨਿਕਲਦੀ ਹੈ। ਜਦਕਿ ਗੱਲ ਦਰਅਸਲ ਉਲਟ ਹੈ। ਵਾਸਤਵ ਵਿਚ ਭਾਸ਼ਾ, ਉਪਭਾਸ਼ਾਵਾਂ ਦੇ ਸਰੂਪ ਵਿਚੋਂ ਘੜਿਆ-ਤਰਾਸਿਆ ਇਕ ਆਦਰਸ਼ ਰੂਪ ਹੁੰਦਾ ਹੈ। ਦੂਸਰਾ ਉਪਭਾਸ਼ਾ ਦੇ ਸੰਕਲਪ ਦਾ ਆਧਾਰ ਵੀ ਸਥਾਨਿਕਤਾ (ਲੋਕੇਲ) ਹੁੰਦਾ ਹੈ। ਇਸ ਲਈ ਮੈਂ ਇਥੇ ਉਪਭਾਸ਼ਾ ਦੀ ਥਾਂ ਤੇ ਬੋਲੀ ਲਫ਼ਜ਼ ਵਰਤਣ ਦੀ ਖੁੱਲ੍ਹ ਲੈਂਦਾ ਹਾਂ। ਬੋਲੀ ਖਿੱਤੇ-ਵਿਸ਼ੇਸ਼ ਦੇ ਲੋਕਕੰਠ ਦੀ ਸਾਣ 'ਤੇ ਚੜ੍ਹ ਕੇ, ਬਣਦੀ-ਸੰਵਰਦੀ ਹੈ। ਬੋਲੀ ਅਤੇ ਲੋਕ ਜੀਵਨ ਦਾ ਰਿਸ਼ਤਾ ਅਟੁੱਟ ਹੁੰਦਾ ਹੈ। ਲੋਕ ਜੀਵਨ ਦਾ ਸੁਹਜ-ਸੁਚੱਜ ਅਤੇ ਆਚਾਰ-ਵਿਹਾਰ ਉਥੋਂ ਦੀ ਬੋਲੀ ਰਾਹੀਂ ਚਮਕ ਉੱਠਦਾ ਹੈ। ਲੋਕ ਜੀਵਨ ਆਪਣੀ ਬੋਲੀ ਆਸਰੇ ਹੀ ਤੁਰਦਾ ਅਤੇ ਮੌਲਦਾ ਹੈ। ਬੋਲੀ ਦੇ ਜੀਵਨ (ਵਿਕਾਸ) ਦਾ ਆਧਾਰ ਵੀ ਲੋਕ ਜੀਵਨ ਹੀ ਹੁੰਦਾ ਹੈ। ਬੰਦਾ ਬੋਲਦਾ ਕਿਵੇਂ ਹੈ? ਬੰਦੇ ਦੀ ਬੋਲਬਾਣੀ ਵਿਚ ਕਿਸ ਕਿਸਮ ਦੀ ਲਫਜ਼ਕਾਰੀ ਹੈ? ਬੰਦੇ ਦੀ ਬੋਲਬਾਣੀ ਦਾ ਲਹਿਜ਼ਾ ਕੀ ਹੈ? ਇਹ ਸਭ ਬੰਦੇ ਦੇ ਮੁੱਖ ਪਛਾਣ ਚਿੰਨ੍ਹ ਹਨ ਜੋ ਖੇਤਰੀ ਸਮਾਜ- ਸੱਭਿਆਚਾਰ ਵਿਚ ਬਣਦੇ ਹਨ। ਇਉਂ ਬੋਲੀ ਹੀ ਬੰਦੇ ਦਾ ਮੁੱਖ ਪਛਾਣ-ਚਿੰਨ੍ਹ ਹੈ। ਬੰਦਾ ਆਪਣਾ ਪਹਿਰਾਵਾ ਤਾਂ ਬਦਲ ਸਕਦਾ ਹੈ ਪਰ ਬੋਲੀ ਤੋਂ ਖਿਹੜਾ ਨਹੀਂ ਛੁਡਾ ਸਕਦਾ।