ਸੱਚੀ ਤੇ ਸਹੀ ਗੱਲ ਤਾਂ ਇਹ ਹੈ ਕਿ ਅਸੀਂ ਬੋਲਦੇ ਉਪਭਾਸ਼ਾ ਹੀ ਹਾਂ। ਮਾਤ ਭਾਸ਼ਾ/ ਮਾਂ-ਬੋਲੀ ਵੀ ਵਾਸਤਵ ਵਿਚ ਉਪਭਾਸ਼ਾ ਹੀ ਹੁੰਦੀ ਹੈ ਜੋ ਬੱਚੇ ਨੂੰ ਮਾਂ ਤੋਂ ਨਹੀਂ ਬਲਕਿ ਆਲੇ-ਦੁਆਲੇ ਤੋਂ ਸੁੱਤੇ-ਸਿੱਧ ਹੀ ਹਾਸਿਲ ਹੋ ਜਾਂਦੀ ਹੈ। ਹੋਰ ਵੀ ਸ਼ੁੱਧ ਅਰਥਾਂ ਵਿਚ ਉਪਭਾਸ਼ਾ, ਬੋਲੀ ਹੁੰਦੀ ਹੈ। ਹਰੇਕ ਭੂ-ਖੰਡ ਦੇ ਲੋਕਾਂ ਦੀ ਬੋਲੀ ਦੇ ਆਪਣੇ ਨਿਵਕਲੇ ਨੈਣ-ਨਕਸ਼ ਹੁੰਦੇ ਹਨ। ਹਰੇਕ ਬੋਲੀ ਦੀ ਆਪਣੀ ਆਜ਼ਾਦ ਹਸਤੀ ਅਤੇ ਅਦੁੱਤੀ ਸਰੂਪ ਹੁੰਦਾ ਹੈ। ਉਪਭਾਸ਼ਾ/ਬੋਲੀ ਦਾ ਵੱਖਰਾ ਵਜੂਦ ਉਸਦੀ ਨਿਵੇਕਲੀ ਸ਼ਬਦਾਵਲੀ ਅਤੇ ਵਿਆਕਰਨ ਵਿਚ ਅੰਤਰਨਿਹਤ ਹੁੰਦਾ ਹੈ। ਧੁਨੀਆਂ, ਰੂਪਾਂ, ਸ਼ਬਦਾਂ ਅਤੇ ਵਾਕ- ਬਣਤਰਾਂ ਦੇ ਵੱਖਰੇ ਪੈਟਰਨਾਂ ਦੇ ਆਧਾਰ ਤੇ ਬੋਲੀਆਂ ਦੇ ਪਛਾਣ-ਚਿੰਨ੍ਹ ਨਿਸ਼ਚਿਤ ਕੀਤੇ ਜਾ ਸਕਦੇ ਹਨ।
ਭਾਸ਼ਾ ਅਤੇ ਬੋਲੀ ਦੇ ਪਰਸਪਰ-ਸਬੰਧ ਸੰਬਾਦਕ ਸੁਭਾਅ ਵਾਲੇ ਹੁੰਦੇ ਹਨ। ਹਰ ਭਾਸ਼ਾ ਆਪਣੀਆਂ ਬੋਲੀਆਂ ਦੀ ਬੁਨਿਆਦ ਉੱਤੇ ਹੀ ਖੜੋਤੀ ਹੁੰਦੀ ਹੈ। ਵਾਸਤਵ ਵਿਚ ਬੋਲੀਆਂ ਹੀ ਭਾਸ਼ਾ ਦੀ ਹਸਤੀ ਦੀਆਂ ਗਵਾਹ ਹੁੰਦੀਆਂ ਹਨ। ਬੋਲੀਆਂ ਬਿਨਾਂ ਭਾਸ਼ਾ ਦੀ ਕੋਈ ਹੈਸੀਅਤ ਨਹੀਂ ਹੁੰਦੀ। ਭਾਸ਼ਾ ਤਾਂ ਅਖੇਤਰੀ ਅਤੇ ਅਬੋਲ ਬਣ ਨਿਬੜਦੀ ਹੈ। ਬੋਲੀਆਂ ਆਪਣੇ ਵਿਸ਼ੇਸ਼ ਸ਼ਬਦ-ਭੰਡਾਰ ਵਿਆਕਰਨ, ਵਰਤੋਂ-ਵਿਹਾਰ, ਅਖਾਣ, ਮੁਹਾਵਰੇ ਅਤੇ ਸਾਹਿਤ ਰਚਨਾ ਦੁਆਰਾ ਭਾਸ਼ਾ ਨੂੰ ਆਪਣਾ ਯੋਗਦਾਨ ਦਿੰਦੀਆਂ ਰਹਿੰਦੀਆਂ ਹਨ। ਜਿਵੇਂ ਤਾਰੇ ਆਕਾਸ਼ ਸੁਹਜ ਹਨ; ਜਿਵੇਂ ਫੁੱਲ-ਪੱਤੀਆਂ ਤੇ ਟਾਹਣੀਆਂ ਰੁੱਖ ਦੀ ਸੁੰਦਰਤਾ ਹੁੰਦੀਆਂ ਹਨ; ਉਵੇਂ ਬੋਲੀਆਂ ਭਾਸ਼ਾ ਦਾ ਸੁਹਜ ਹੁੰਦੀਆਂ ਹਨ। ਬੋਲੀਆਂ ਕਿਸੇ ਖਾਸ ਭੂਗੋਲਿਕ ਇਕਾਈ ਦੇ ਰਕਬੇ ਵਿਚ ਵਿਕਸਤ ਹੁੰਦੀਆਂ ਹਨ। ਜਿਵੇਂ ਰੁੱਖ ਜਿਸ ਧਰਤੀ ਵਿਚ ਉੱਗਦੇ ਹਨ; ਉਸ ਧਰਤੀ ਵਿਚੋਂ ਹੀ ਜੀਵਨ ਸ਼ਕਤੀ ਹਾਸਲ ਕਰਦੇ ਹਨ; ਉਵੇਂ ਬੋਲੀ ਆਪਣੇ ਸਮਾਜ-ਸਭਿਆਚਾਰ ਸਹਾਰੇ ਵਧਦੀ ਤੇ ਮੌਲਦੀ ਰਹਿੰਦੀ ਹੈ। ਸਮਾਜੀ-ਸੱਭਿਆਚਾਰਕ ਲੋੜਾਂ ਮੁਤਾਬਕ ਇਸ ਦਾ ਵਿਕਾਸ ਹੁੰਦਾ ਰਹਿੰਦਾ ਹੈ। ਪੰਜਾਬੀ ਜੀਵਨ-ਜਾਂਚ ਨੂੰ ਜਾਣਨ ਲਈ, ਪੰਜਾਬੀ ਵਿਰਾਸਤ ਤੱਕ ਪੁੱਜਣ ਲਈ, ਪੰਜਾਬੀ ਲੋਕਮਨ ਦਾ ਅਧਿਐਨ ਕਰਨ ਲਈ, ਸਿੱਧਾ ਰਾਹ ਪੰਜਾਬ ਦੀਆਂ ਬੋਲੀਆਂ ਹੀ ਹਨ। 20ਵੀਂ ਸਦੀ ਦੇ ਸ਼ੁਰੂ ਵਿਚ ਸਮਾਜ-ਭਾਸ਼ਾ ਵਿਗਿਆਨੀਆਂ ਨੇ ਆਪਣੇ ਭਾਸ਼ਾ-ਸਰਵੇਖਣਾਂ ਦੌਰਾਨ ਵੀ ਇਹੋ ਅਨੁਭਵ ਕੀਤਾ ਕਿ ਲੋਕ ਬੋਲੀਆਂ ਸ਼ਬਦਾਂ ਦੇ ਪੁਰਾਤਨ ਰੂਪਾਂ ਅਤੇ ਉਚਾਰਨ ਨੂੰ ਸੰਭਾਲੀ ਬੈਠੀਆਂ ਹਨ। ਸੱਭਿਆਚਾਰ ਵਾਂਗ ਬੋਲੀਆਂ ਸ਼ਹਿਰਾਂ ਤੋਂ ਦੂਰ ਪੇਂਡੂ ਖੇਤਰਾਂ ਵਿਚ ਹੀ ਸੁਰੱਖਿਅਤ ਰਹਿੰਦੀਆਂ ਹਨ। ਆਮ ਤੌਰ ਤੇ ਸਾਹਿਤ ਅਤੇ ਬਜ਼ੁਰਗ ਪੀੜ੍ਹੀ ਇਸ ਬੋਲੀਆਂ ਦੇ ਖਜ਼ਾਨੇ ਨੂੰ ਸੰਭਾਲੀ ਰੱਖਦੇ ਹਨ ਪਰ ਜੇ ਸਮੇਂ ਸਿਰ ਇਸ ਪਾਸੇ ਧਿਆਨ ਨਾ ਦਿੱਤਾ ਜਾਵੇ ਤਾਂ ਇਸ ਖਜ਼ਾਨੇ ਦੇ ਗੁੰਮ-ਗੁਆਚ ਜਾਣ ਦੀ ਸੰਭਾਵਨਾ ਹੁੰਦੀ ਹੈ।
ਪੰਜਾਬੀ ਦੇ ਸਭ ਤੋਂ ਪੁਰਾਣੇ ਨਮੂਨੇ ਮੁਲਤਾਨੀ ਬੋਲੀ ਦੇ ਹੀ ਮਿਲਦੇ ਹਨ ਜੋ ਕਿ ਫਰੀਦ-ਬਾਣੀ ਦੇ ਰੂਪ ਵਿਚ ਸੁਰੱਖਿਅਤ ਹਨ। ਅਮੀਰ ਖੁਸਰੋ ਨੇ ਇਸ ਨੂੰ ਲਾਹੌਰੀ ਜ਼ੁਬਾਨ ਅਤੇ ਅਬੁਲ ਫ਼ਜ਼ਲ ਨੇ ਇਸ ਨੂੰ ਮੁਲਤਾਨੀ ਕਿਹਾ ਹੈ। ਫ਼ਰੀਦ ਤੋਂ ਅਗਲੇ