ਪੰਜਾਬੀ ਸੂਫੀ ਸ਼ਾਇਰਾਂ ਨੇ ਵੀ ਪੰਜਾਬ ਦੀਆਂ ਲੋਕ ਬੋਲੀਆਂ ਨੂੰ ਹੀ ਆਪਣੀ ਸ਼ਾਇਰੀ ਦਾ ਮਾਧਿਅਮ ਬਣਾਇਆ। ਪੰਜਾਬੀ ਦਾ ਅਜੋਕਾ ਮਿਆਰੀ ਰੂਪ ਵੀ ਸੂਫੀ-ਸਾਇਰਾਂ ਦੁਆਰਾ ਵਰਤੀਆਂ ਗਈਆਂ ਬੋਲੀਆਂ ਉੱਤੇ ਹੀ ਆਧਾਰਿਤ ਹੈ। ਪੰਜਾਬੀ ਕਿੱਸਾ ਕਾਵਿ ਉੱਤੇ ਅਰਬੀ-ਫ਼ਾਰਸੀ ਪ੍ਰਭਾਵ ਜ਼ਰੂਰੀ ਹੈ ਪਰ ਕਿੱਸਾ ਕਵੀਆਂ ਦੀ ਭਾਸ਼ਾ ਉੱਤੇ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਰਿਹਾ ਹੈ। ਦਮੋਦਰ ਦੀ ਭਾਸ਼ਾ ਝਾਂਗੀ ਹੈ ਜੋ ਕਿ ਮੁਲਤਾਨੀ ਦਾ ਹੀ ਇਕ ਰੂਪ ਹੈ। ਵਾਰਿਸ ਦੀ ਭਾਸ਼ਾ ਵਿਚ ਲਹਿੰਦੀ-ਮਾਝੀ ਦਾ ਚੋਖਾ ਰਲਾ ਹੈ । ਗੁਰਬਾਣੀ ਦੀ ਭਾਸ਼ਾ ਵਿਚ ਸਾਨੂੰ 12ਵੀਂ ਸਦੀ ਈਸਵੀ ਤੋਂ ਲੈ ਕੇ, 17ਵੀਂ ਸਦੀ ਤੱਕ ਦੀ ਭਾਸ਼ਾ ਦੇ ਨਮੂਨੇ ਮਿਲਦੇ ਹਨ। ਗੁਰਬਾਣੀ ਦੀ ਭਾਸ਼ਾ ਨੂੰ ਭਾਵੇਂ ਸਾਧ-ਭਾਸ਼ਾ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ ਪਰ ਇਸ ਭਾਸ਼ਾ ਉਪਰ ਵੀ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਹੈ। ਗੁਰੂ ਅਰਜਨ ਦੇਵ ਦੇ ਡੱਖਣੇ ਅਤੇ ਜੈਤਸਰੀ ਦੀ ਵਾਰ ਦੀ ਹਰ ਪਉੜੀ ਤੋਂ ਪਹਿਲਾਂ, ਹਰ ਸਲੋਕ ਸ਼ੁੱਧ ਮੁਲਤਾਨੀ ਵਿਚ ਹੈ।
19ਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ਾਂ ਨੇ ਲੁਧਿਆਣੇ ਵਿਚ ਫੌਜ਼ੀ ਛਾਉਣੀ ਸਥਾਪਿਤ ਕਰਕੇ, ਮਲਵਈ ਬੋਲੀ ਨੂੰ ਸਾਹਿਤਕ (ਕੇਂਦਰੀ) ਪੰਜਾਬੀ ਦੇ ਤੌਰ ਤੇ ਸਥਾਪਿਤ ਕੀਤਾ। ਉਨ੍ਹਾਂ ਨੇ ਮਲਵਈ ਕੋਸ਼ ਅਤੇ ਵਿਆਕਰਨ ਲਿਖਵਾਏ। ਈਸਾਈ ਮੱਤ ਦਾ ਪ੍ਰਚਾਰ ਤੇ ਪਾਸਾਰ ਕਰਨ ਹਿੱਤ ਜੋ ਪੁਸਤਕਾਂ ਲਿਖਵਾਈਆਂ, ਉਨ੍ਹਾਂ ਦਾ ਮਾਧਿਅਮ ਮਲਵਈ ਬੋਲੀ ਨੂੰ ਬਣਾਇਆ ਗਿਆ। 20ਵੀਂ ਸਦੀ ਵਿਚ ਪਾਕਿਸਤਾਨ ਬਣਨ ਤੋਂ ਪਹਿਲਾਂ ਮਾਝੀ ਬੋਲੀ (ਲਾਹੌਰ-ਅੰਮ੍ਰਿਤਸਰ ਦੇ ਖੇਤਰ ਦੀ ਬੋਲੀ) ਨੂੰ ਟਕਸਾਲੀ ਪੰਜਾਬੀ ਦਾ ਆਧਾਰ ਬਣਾਇਆ ਗਿਆ। ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬੀ ਭਾਸ਼ਾ ਦੇ ਧੁਰ ਨਿਕਾਸ-ਕਾਲ ਤੋਂ ਲੈ ਕੇ ਹੀ ਕੇਂਦਰੀ ਸਾਹਿਤ ਵਿਚ ਭਾਸ਼ਾਈ ਆਂਚਲਿਕਤਾ ਦਾ ਸੰਕਲਪ ਉੱਭਰ ਕੇ ਸਾਹਮਣੇ ਆਇਆ ਹੈ। ਮਲਵਈ ਅਤੇ ਪੁਆਧੀ ਸਾਹਿਤਕਾਰਾਂ ਨੇ ਪੰਜਾਬੀ ਨਾਵਲ, ਕਹਾਣੀ ਅਤੇ ਨਾਟਕ ਨੂੰ ਆਂਚਲਿਕ ਪਛਾਣ ਬੋਲੀਆਂ ਰਾਹੀਂ ਹੀ ਦਿੱਤੀ ਹੈ।
ਪੰਜਾਬ ਦੀਆਂ ਬੋਲੀਆਂ ਦੇ ਨਿਵੇਕਲੇ ਨੈਣ-ਨਕਸ਼ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਸ਼ਾਹਦੀ ਭਾਰਦੇ ਹਨ। ਸਾਡੇ ਕੋਲ ਪੰਜਾਬ-ਪੰਜਾਬੀ ਦੀਆਂ ਬੋਲੀਆਂ ਦੇ ਸਾਂਝੇ ਸੋਮੇ, ਸਾਂਝਾ ਸ੍ਰੋਤ ਏਨਾ ਸ਼ਕਤੀਸ਼ਾਲੀ ਹੈ ਕਿ ਕਿਸੇ ਵੀ ਓਪਰੀ ਜਾਂ ਵਿਦੇਸ਼ੀ ਭਾਸ਼ਾ ਦੇ ਸਾਹਮਣੇ, ਅਸੀਂ ਇਸ ਸਾਂਝੇ ਅਹਿਸਾਸ ਨਾਲ ਪੰਜਾਬੀ ਨੂੰ ਇਕ ਵੱਖਰੀ ਪਛਾਣ ਦੇ ਸਕਦੇ ਹਾਂ। ਪਰ ਭਾਸ਼ਾ ਦੀ ਸਿਆਸੀ ਸ਼ਰਾਰਤ ਅਤੇ ਮਜ਼ਹਬੀ ਹਕਾਰਤ ਕਾਰਨ, ਪੰਜਾਬੀ ਮੂਲ ਦੇ ਪੰਜਾਬੀ, ਆਪਣੀਆਂ ਹੀ ਬੋਲੀਆਂ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਦੇ ਆ ਰਹੇ ਹਨ। ਇਸ ਹਿਮਾਕਤ ਸਦਕਾ ਪੱਛਮੀ ਪੰਜਾਬ ਦੀਆਂ ਬੋਲੀਆਂ ਪਾਕਿਸਤਾਨੀ ਹਕੂਮਤ ਦੀਆਂ ਸਿਆਸੀ ਨੀਤੀਆਂ ਦੀ ਭੇਟਾ ਚੜ੍ਹ ਗਈਆਂ ਅਤੇ ਪੂਰਬੀ ਪੰਜਾਬ ਦੀਆਂ ਪੰਜਾਬੋਂ ਬਾਹਰਲੀਆਂ ਬੋਲੀਆਂ ਦੀ ਬਲੀ, ਭਾਰਤੀ ਨੇਤਾਵਾਂ ਦੀ ਸਿਆਸਤ ਨੇ ਲੈ ਲਈ। ਪੰਜਾਬ ਦੀ ਸਿਆਸੀ ਭੰਨਤੋੜ ਨੇ ਡੋਗਰੀ-ਪਹਾੜੀ ਸਮੇਤ ਕਈ ਬੋਲੀਆਂ ਨੂੰ ਗੈਰ-ਪੰਜਾਬੀ ਅਤੇ ਸੁਤੰਤਰ ਭਾਸ਼ਾਵਾਂ ਮੰਨਣ ਲਈ ਮਜ਼ਬੂਰ ਕੀਤਾ।