ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿਚ ਵੀ ਪੰਜਾਬੀ ਦੀਆਂ ਬੋਲੀਆ ਲੁਪਤ ਹੋਣ ਦੀ ਸਫ਼ ਵਿਚ ਹਨ। ਸਰਾਇਕੀ ਦੇ ਪੰਜਾਬੀ ਨਾਲ ਸਬੰਧਾਂ ਨੂੰ ਵੀ ਬਹਿਸ ਦਾ ਵਿਸ਼ਾ ਬਣਾਇਆ ਗਿਆ ਹੈ। ਭਾਵੇਂ ਰਾਜਨੀਤਕ ਨਕਸ਼ੇ ਭਾਸ਼ਾ ਰੇਖਾਵਾਂ ਨੂੰ ਨਿਸ਼ਚਿਤ ਨਹੀਂ ਕਰਦੇ ਪਰ ਇਹ ਸੱਚ ਹੈ ਕਿ ਸਿਆਸਤਦਾਨਾਂ ਨੇ ਭਾਸ਼ਾ ਵਧੇਰੇ ਕਾਰਗਰ ਹਥਿਆਰ ਸਿੱਧ ਹੋਈ ਹੈ। ਭਾਸ਼ਾ, ਧਰਮ ਅਤੇ ਸਿਆਸਤ ਆਲਮੀ ਇਤਿਹਾਸ ਵਿਚ ਬੇਹੱਦ ਸੰਵੇਦਨਸ਼ੀਲ ਮੁੱਦਿਆਂ ਵਜੋਂ ਸਦਾ ਹੀ ਚਰਚਾ ਵਿਚ ਰਹੇ ਹਨ। ਇਨ੍ਹਾਂ ਦੀ ਪਰਸਪਰ ਦਖ਼ਲ-ਅੰਦਾਜ਼ੀ ਨੇ ਅਨੇਕਾਂ ਵਾਰ ਭਾਸ਼ਾਈ ਵਾਦ-ਵਿਵਾਦ ਪੈਦਾ ਕੀਤਾ ਹੈ। ਇਕ ਬੋਲੀ ਦੇ ਖਿੱਤੇ ਵਿਚ ਰਹਿਣ ਵਾਲੇ ਸਮੂਹ ਦੇ ਲੋਕਾਂ ਦਾ ਧਰਮ ਵੱਖ-ਵੱਖ ਹੋ ਸਕਦਾ ਹੈ ਪਰ ਭਾਸ਼ਾ ਦੇ ਮਾਮਲੇ ਵਿਚ ਇਹ ਸੰਭਵ ਨਹੀਂ ਹੁੰਦਾ। ਭਾਸ਼ਾ ਤਾਂ ਸਾਂਝਾ ਸਮਾਜੀ-ਸਭਿਆਚਾਰਕ ਵਰਤਾਰਾ ਹੈ। ਮਸਲਨ ਪੰਜਾਬ ਵਿਚ ਵਸਦੇ ਹਿੰਦੂ, ਸਿੱਖ ਅਤੇ ਮੁਸਲਿਮ ਆਦਿ ਵਿਭਿੰਨ ਧਰਮਾਂ ਦੇ ਲੋਕਾਂ ਦੀ ਪਹਿਲੀ ਭਾਸ਼ਾ ਪੰਜਾਬੀ ਹੈ ਪਰ ਆਜ਼ਾਦੀ ਸੰਗਰਾਮ ਦੌਰਾਨ ਸਿਆਸੀ ਸੁਆਰਥਾਂ ਨੇ ਹਿੰਦੀ ਨੂੰ ਹਿੰਦੂਆਂ ਨਾਲ, ਉਰਦੂ ਨੂੰ ਮੁਸਲਮਾਨਾਂ ਨਾਲ ਅਤੇ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਬਣਾ ਦਿੱਤਾ। ਪੰਜਾਬੀ ਭਾਸ਼ਾ ਸਿਰਫ਼ ਸਿੱਖਾਂ ਤੱਕ ਹੀ ਸੀਮਿਤ ਨਹੀਂ ਹੈ। ਭਾਸ਼ਾਈ ਜਨਸੰਖਿਆ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ ਅਤੇ ਦਿੱਲੀ ਆਦਿ ਵਿਚ ਸਿੱਖ ਆਬਾਦੀ ਨਾਲੋਂ ਪੰਜਾਬੀ ਬੁਲਾਰਿਆਂ ਦੀ ਪ੍ਰਤੀਸ਼ਤ ਗਿਣਤੀ ਕਾਫ਼ੀ ਵੱਧ ਹੈ। ਅਜ਼ਾਦੀ ਤੋਂ ਬਾਅਦ ਪੰਜਾਬੀ ਭਾਸ਼ਾ ਨੇ ਸੰਵਿਧਾਨਕ ਵਿਵਸਥਾ, ਰਾਜ ਭਾਸ਼ਾ ਲਈ ਸੰਘਰਸ਼, ਸਿੱਖਿਆ ਦਾ ਮਾਧਿਅਮ ਅਤੇ ਦਫ਼ਤਰੀ ਭਾਸ਼ਾ ਆਦਿ ਦੇ ਅਨੇਕਾਂ ਵਿਕਾਸ ਪੜਾਵਾਂ ਨੂੰ ਤਹਿ ਕੀਤਾ ਹੈ। ਇਨ੍ਹਾਂ ਵਿਕਾਸ ਪੜਾਵਾਂ ਵਿਚ ਭਾਸ਼ਾਈ ਆਧਾਰ ਤੇ ਸੂਬਿਆਂ ਦੀ ਵੰਡ ਵੇਲੇ ਪੰਜਾਬ ਦੀ ਉਪਭਾਸ਼ਾਈ ਸਥਿਤੀ ਨੂੰ ਖੋਰਾ ਹੀ ਲੱਗਿਆ ਹੈ।
ਪੰਜਾਬੀ ਦੀਆਂ ਬੋਲੀਆਂ ਬਾਰੇ ਪ੍ਰਾਪਤ ਸਰਵੇਖਣ ਵੀ ਅਧੂਰੇ ਹਨ। ਉਂਜ ਵੀ ਉਨ੍ਹਾਂ ਵਿਚ ਇਕਸਾਰਤਾ ਨਹੀਂ ਹੈ। ਇਸ ਸੰਦਰਭ ਵਿਚ ਕੁਝ ਭਾਸ਼ਾ ਸ਼ਾਸਤਰੀ ਭਾਵੇਂ ਐਲਬਰੂਨੀ (11ਵੀਂ ਸਦੀ) ਅਤੇ ਅਮੀਰ ਖੁਸਰੋ (14ਵੀਂ ਸਦੀ) ਦੇ ਹਵਾਲੇ ਦਿੰਦੇ ਹਨ ਪਰ ਐਲਬਰੂਨੀ ਨੇ ਪੰਜਾਬ ਦੀਆਂ ਬੋਲੀਆਂ ਬਾਰੇ ਕੋਈ ਖਾਸ ਵੇਰਵੇ ਨਹੀਂ ਦਿੱਤੇ। ਅਮੀਰ ਖੁਸਰੋ ਨੇ ਪੰਜਾਬ ਦੀਆਂ ਬੋਲੀਆਂ ਦਾ ਵੇਰਵਾ ਲਾਹੌਰੀ ਸਿਰਲੇਖ ਅਧੀਨ ਦਿੱਤਾ ਹੈ। ਇਸ ਤੋਂ ਥੋੜ੍ਹਾ ਚਿਰ ਪਿੱਛੋਂ ਅਬੁਲ ਫ਼ਜ਼ਲ ਵੀ ਪੰਜਾਬੀ ਲਈ ਮੁਲਤਾਨੀ ਨਾਮ ਵਰਤਦਾ ਹੈ। ਵਿਲੀਅਮ ਕੇਰੀ ਨੇ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਕਿਹਾ ਹੈ। ਇਕ ਹੋਰ ਵਿਦਵਾਨ ਸਰਪੇਚੀ ਨੇ ਪੰਜਾਬੀ ਅਤੇ ਮੁਲਤਾਨੀ ਨੂੰ ਬੋਲੀਆਂ ਦੇ ਵਰਗ ਵਿਚ ਰੱਖਿਆ ਹੈ। ਇਸ ਤੋਂ ਇਲਾਵਾ ਜਾਨ ਬੀਮਜ਼, ਹਾਰਨਲੇ, ਰਿਚਰਡ ਟੈਂਪਲ, ਭਾਈ ਮਈਆ ਸਿੰਘ, ਬਿਸ਼ਨ ਦਾਸਪੁਰੀ ਅਤੇ ਸੁਨੀਤੀ ਕੁਮਾਰ ਚੈਟਰਜੀ ਆਦਿ ਵਿਦਵਾਨਾਂ ਨੇ ਇਸ ਦਿਸ਼ਾ ਵਿਚ ਜਾਣਕਾਰੀ ਦਿੱਤੀ ਹੈ। ਪਰ ਇਹ ਸਾਰੇ ਸਰਵੇਖਣ ਨਾ-ਮੁਕੰਮਲ ਹਨ। ਗ੍ਰੀਅਰਸਨ ਦਾ ਭਾਸ਼ਾਈ ਸਰਵੇਖਣ ਬੜਾ ਅਹਿਮ ਦਸਤਾਵੇਜ਼ ਹੈ ਪਰ ਉਸ ਨੇ ਸਾਂਝੇ