ਨੂੰ ਇਸ ਪਾਸੇ ਪੂਰੇ ਸਰੋਕਾਰ ਨਾਲ ਉਦਮ ਕਰਨਾ ਚਾਹੀਦਾ ਹੈ। ਅਜਿਹੀ ਹੀ ਇਕ ਹੋਰ ਮਿਸਾਲ ਮਿਤੀ 9 ਫਰਵਰੀ 2007 ਨੂੰ ਬਨਾਰਸ ਦੀ ਸੰਸਕ੍ਰਿਤ ਯੂਨੀਵਰਸਿਟੀ ਦੀ 27ਵੀਂ ਕਨਵੋਕੇਸ਼ਨ ਦੇ ਮੌਕੇ 'ਤੇ ਗਵਰਨਰ ਸ੍ਰੀ ਟੀ.ਵੀ. ਰਜੇਸ਼ਵਰ ਦਾ ਭਾਸ਼ਣ ਹੈ। ਇਸ ਭਾਸ਼ਣ ਵਿਚ ਕਿਹਾ ਗਿਆ ਕਿ ਵਿਸ਼ਵੀਕਰਨ ਦੇ ਅਜੋਕੇ ਦੌਰ ਵਿਚ ਜੇ ਤੁਸੀਂ 2 ਲੱਖ ਜਾਂ ਇਸ ਤੋਂ ਵੱਧ ਕਮਾਈ ਚਾਹੁੰਦੇ ਹੋ ਤਾਂ ਤੁਹਾਨੂੰ ਅੰਗਰੇਜ਼ੀ ਭਾਸ਼ਾ ਦੀ ਸੰਚਾਰ ਯੋਗਤਾ ਨਾਲ ਲੈਸ ਹੋਣਾ ਪਵੇਗਾ। ਹੁਣ ਜਦੋਂ ਮਨੁੱਖ ਚੰਦਰਮਾ 'ਤੇ ਪਹੁੰਚ ਚੁੱਕਿਆ ਹੈ ਤਾਂ ਕੋਈ ਵੀ ਗੱਡੇ ਆਸਰੇ ਤਰੱਕੀ ਨਹੀਂ ਕਰ ਸਕਦਾ। ਭਾਸ਼ਾ ਨੀਤੀ ਬਾਰੇ ਜੋ ਦੁਨੀਆਂ ਭਰ ਵਿਚ ਖੋਜ ਹੋਈ ਹੈ, ਉਨ੍ਹਾਂ ਤੱਥਾਂ ਨੂੰ ਦੁਹਰਾਉਣਾ ਇਥੇ ਬੋਲੋੜਾ ਜਾਪਦਾ ਹੈ। ਇਥੇ ਸਿਰਫ਼ ਇਹ ਕਹਿਣਾ ਦਰੁਸਤ ਹੈ ਕਿ ਹੁਣ ਜਦੋਂ ਸਾਡੀ ਸਭਿਆਚਾਰਕ ਪਛਾਣ ਅਤੇ ਅਸਤਿਤਵੀ ਸਰੋਕਾਰਾਂ ਦਾ ਸੁਆਲ ਸਾਡੇ ਸਨਮੁੱਖ ਹੈ ਤਾਂ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਅਤੇ ਪੰਜਾਬ ਦੀਆਂ ਬੋਲੀਆਂ ਦੇ ਸਰਬਪੱਖੀ ਵਿਕਾਸ ਵੱਲ ਪੂਰਾ-ਪੂਰਾ ਧਿਆਨ ਦਿੱਤਾ ਜਾਵੇ।
ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਦੀ ਭਾਸ਼ਾਈ ਵਿਉਂਤਬੰਦੀ ਅਧੀਨ ਮਿਆਰੀਕਰਨ, ਮਾਧਿਅਮ ਪਰਿਵਰਤਨ, ਅਨੁਵਾਦ ਅਤੇ ਰਾਜ ਭਾਸ਼ਾ ਵਜੋਂ ਵਿਕਸਿਤ ਕਰਨ ਲਈ ਤਕਨੀਕੀ ਸ਼ਬਦਾਵਲੀ ਦਾ ਮਹੱਤਵਪੂਰਨ ਸਰੋਤ ਵੀ ਪੰਜਾਬ ਦੀਆਂ ਬੋਲੀਆਂ ਹਨ। ਸ਼ਬਦਾਵਲੀ ਦੇ ਇਸ ਮਹੱਤਵਪੂਰਨ ਸਰੋਤ ਨੂੰ ਉਪਭਾਸ਼ਾਈ ਕੋਸ਼ਾਂ ਦੇ ਰੂਪ ਵਿਚ ਸੁਰੱਖਿਅਤ ਕਰਨ ਦੀ ਲੋੜ ਹੈ। ਇਸ ਦਿਸ਼ਾ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਦਮ ਸਲਾਹੁਣਯੋਗ ਹਨ। ਪਰ ਇਸ ਯੂਨੀਵਰਸਿਟੀ ਦੀ ਦ੍ਰਿਸ਼ਟੀ-2020 ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜਿਹੜੀ ਵਿਉਂਤਬੰਦੀ ਕੀਤੀ ਗਈ ਹੈ, ਉਸਦੇ ਕਾਰਜ ਖੇਤਰਾਂ ਵਿਚ ਪੰਜਾਬ ਦੀਆਂ ਬੋਲੀਆਂ ਦੀ ਸਥਿਤੀ ਅਤੇ ਸਾਂਭ-ਸੰਭਾਲ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖੇਤੀਬਾੜੀ ਵਿਗਿਆਨੀਆਂ ਅਤੇ ਡਾਕਟਰਾਂ ਦਾ ਆਮ ਲੋਕਾਂ ਨਾ ਸਿੱਧਾ ਵਾਹ ਪੈਂਦਾ ਹੈ। ਇਸ ਪੱਖੋਂ ਵੀ ਕੁਝ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਪੰਜਾਬ ਦੀਆਂ ਬੋਲੀਆਂ ਵਿਚ ਲਗਾਤਾਰ ਕਾਫ਼ੀ ਅਰਸੇ ਤੋਂ ਹੋ ਰਹੀ ਹੈ। ਪਰ ਇਹ ਸ਼ਬਦਾਵਲੀ ਪੰਜਾਬੀ ਕੋਸ਼ਾਂ ਅਤੇ ਵਿਦਵਾਨਾਂ ਦੀ ਸ਼ਬਦਸ਼ਾਲਾ (Lexicon) ਦਾ ਅੰਗ ਨਹੀਂ ਬਣ ਸਕੀ। ਇਹ ਸ਼ਬਦਾਵਲੀ ਨਾ ਸਿਰਫ਼ ਬਹੁਤ ਸਾਰੀਆਂ ਅਕਾਦਮਿਕ ਮੁਸ਼ਕਲਾਂ ਨੂੰ ਸੁਲਝਾਉਣ ਲਈ ਹੀ ਲਾਹੇਵੰਦ ਹੋਵੇਗੀ ਬਲਕਿ ਪੰਜਾਬੀ ਮਨ ਨੂੰ ਸਮਝਣ ਵਿਚ ਵੀ ਸਹਾਈ ਹੋਵੇਗੀ। ਇਸ ਤੋਂ ਇਲਾਵਾ ਹਰੇਕ ਬੋਲੀ ਵਿਚ ਉਸਦੇ ਸਭਿਆਚਾਰ ਨਾਲ ਜੁੜਿਆ ਗਿਆਨ ਹੁੰਦਾ ਹੈ। ਜਦੋਂ ਕੋਈ ਬੋਲੀ ਗੁਆਚ ਜਾਂਦੀ ਹੈ ਤਾਂ ਉਸਨੂੰ ਬੋਲਣਹਾਰਿਆਂ ਦਾ ਸਮੁੱਚਾ ਗਿਆਨ ਵੀ ਗੁਆਚ ਜਾਂਦਾ ਹੈ। ਇਹ ਇਕ ਬਹੁਤ ਵੱਡਾ ਮਾਨਵੀ ਨੁਕਸਾਨ ਹੁੰਦਾ ਹੈ। ਬੋਲੀਆਂ ਹੀ ਇਕ ਅਜਿਹਾ ਮਾਧਿਅਮ ਹਨ ਜਿਨ੍ਹਾਂ ਰਾਹੀਂ ਲੋਕ ਆਪਣੀ ਸਮੂਹਿਕ ਸਿਮਰਤੀ, ਅਨੁਭਵ ਅਤੇ ਗਿਆਨ ਨੂੰ ਜੀਵਤ ਰੱਖਦੇ ਹਨ। ਬੋਲੀਆਂ ਕਿਸੇ ਜਨਜਾਤੀ ਅਤੇ ਖਿੱਤੇ-ਵਿਸ਼ੇਸ਼ ਦੇ ਸੰਪੂਰਨ ਸਾਂਸਕ੍ਰਿਤਕ ਇਤਿਹਾਸ ਦਾ ਅਹਿਮ ਦਸਤਾਵੇਜ਼ ਹੁੰਦੀਆਂ ਹਨ। ਕਿਸੇ ਜਨਜਾਤੀ ਨੇ ਇਕ ਸੱਭਿਆਚਾਰਿਕ ਇਕਾਈ