ਦੇ ਰੂਪ ਵਿਚ ਆਪਣਾ ਵਚਿੱਤਰ ਚਰਿੱਤਰ ਬਣਾਉਣ ਵਿਚ ਵੱਖ-ਵੱਖ ਸੋਮਿਆਂ ਤੋਂ ਜਿਹੜੇ ਪ੍ਰਭਾਵ ਗ੍ਰਹਿਣ ਕੀਤੇ ਹੁੰਦੇ ਹਨ, ਉਨ੍ਹਾਂ ਸਮੂਹ ਪ੍ਰਭਾਵਾਂ ਦਾ ਪਰਛਾਵਾਂ ਉਸ ਜਾਤੀ ਦੀਆਂ ਲੋਕ ਬੋਲੀਆਂ ਉੱਪਰ ਡੂੰਘਾ ਉਕਰਿਆ ਹੁੰਦਾ ਹੈ। ਇਸ ਲਈ ਬੋਲੀਆਂ ਦਾ ਲੋਪ ਹੋ ਜਾਣਾ ਮਹਿਜ਼ ਸ਼ਬਦਾਂ-ਵਾਕਾਂ ਦਾ ਲੋਪ ਹੋ ਜਾਣਾਂ ਹੀ ਨਹੀਂ ਹੁੰਦਾ ਸਗੋਂ ਮਾਨਵ ਜਾਤੀ ਦੀ ਸੋਚਧਾਰਾ, ਸਦੀਆਂ ਤੋਂ ਇਕੱਤਰ ਕੀਤੀ ਸਿਆਣਪ ਅਤੇ ਦਰਸ਼ਨ ਦਾ ਲੁਪਤ ਹੋ ਜਾਣਾ ਹੁੰਦਾ ਹੈ।
21ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਵਿਸ਼ਵੀਕਰਨ ਦੇ ਅਰੰਭ ਹੋਏ ਅਮਲ ਨੇ ਸਮੂਹ ਭਾਰਤੀ ਭਾਸ਼ਾਵਾਂ ਦੀ ਸਥਿਤੀ ਨੂੰ ਬਦਤਰ ਬਣਾ ਦਿੱਤਾ ਹੈ। ਐਲ.ਪੀ.ਜੀ. ਦੀ ਦਿਸ਼ਾ ਵਿਚ ਨੀਤੀਆਂ ਬਣਾ ਕੇ, ਸਾਡੀਆਂ ਸਰਕਾਰਾਂ ਲੋਕਾਂ ਵਿਚ ਇਹ ਭਰਮ ਸਿਰਜ ਰਹੀਆਂ ਹਨ ਕਿ ਸਾਡਾ ਦੇਸ਼ ਅਮਰੀਕਾ/ਯੂਰਪ ਬਣ ਜਾਵੇਗਾ। ਅੰਗਰੇਜ਼ੀ ਪੜ੍ਹ ਕੇ, ਲੋਕ ਆਰਥਿਕ ਉੱਨਤੀ ਕਰ ਜਾਣਗੇ। ਇਸ ਸਥਿਤੀ ਵਿਚ ਮੁਲਕ ਦੀ ਭਾਸ਼ਾਈ- ਸੱਭਿਆਚਾਰਕ ਪਛਾਣ ਬਰਕਰਾਰ ਰੱਖਣ ਦੀ ਚਿੰਤਾ ਬਹੁਤ ਘੱਟ ਲੋਕਾਂ ਨੂੰ ਹੈ। ਸਾਡੀ ਸਮਝ ਅਨੁਸਾਰ ਸਾਨੂੰ ਆਰਥਿਕ ਉਨਤੀ ਕਰਨ ਦੇ ਨਾਲ-ਨਾਲ ਬਿਹਤਰ ਬੰਦੇ ਵੀ ਬਣਨਾ ਚਾਹੀਦਾ ਹੈ। ਨਵੀਂ ਪੀੜ੍ਹੀ ਆਧੁਨਿਕ ਗਿਆਨ-ਵਿਗਿਆਨ ਨਾਲ ਲੈਸ ਹੋਣ ਦੇ ਨਾਲ-ਨਾਲ ਸੰਸਕਾਰੀ ਵੀ ਹੋਣੀ ਚਾਹੀਦੀ ਹੈ। ਇਸ ਲਈ ਸਾਨੂੰ ਸਾਡੀ ਵਿਰਾਸਤ ਦੀਆਂ ਨਿਰੋਈਆਂ ਕੀਮਤਾਂ ਅਤੇ ਬੋਲੀਆਂ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ। ਆਪਣੇ ਪੁਰਖਿਆਂ ਵੱਲੋਂ ਸਦੀਆਂ ਵਿਚ ਇਕੱਤਰ ਕੀਤਾ ਪੁਖਤਾ ਗਿਆਨ; ਆਪਣੀ ਬੋਲੀ ਰਾਹੀਂ ਗ੍ਰਹਿਣ ਕਰਕੇ ਹੀ ਬੰਦਾ ਬਿਹਤਰ ਇਨਸਾਨ ਬਣ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਅੰਗਰੇਜ਼ੀ ਰਾਹੀਂ ਆਧੁਨਿਕ ਸਿਖਿਆ ਹਾਸਲ ਨਹੀਂ ਕਰ ਸਕਦੇ, ਉਨ੍ਹਾਂ ਨੂੰ ਉਨ੍ਹਾਂ ਦੀ ਲੋਕ ਬੋਲੀ ਵਿਚ ਹੀ ਸਿੱਖਿਆ ਦੇਣੀ ਚਾਹੀਦੀ ਹੈ। ਇਸ ਨਾਲ ਸਾਡੀਆਂ ਬੋਲੀਆਂ ਦੀ ਸਥਿਤੀ ਵੀ ਮਜ਼ਬੂਤ ਹੋਵੇਗੀ।
ਭਾਸ਼ਾਈ ਵਿਕਾਸ, ਭਾਸ਼ਾਈ ਪਰਿਵਰਤਨਾਂ ਨਾਲ ਵਾਬਸਤਾ ਹੁੰਦਾ ਹੈ ਅਤੇ ਇਸ ਨੂੰ ਸਮਾਜੀ ਲੋੜਾਂ ਦੇ ਹਿਤ ਮੁਤਾਬਕ ਢਾਲ ਕੇ ਹੀ ਭਾਸ਼ਾ ਦੇ ਉਜਲ ਭਵਿਖ ਦੀ ਅੱਕਾਸੀ ਕੀਤੀ ਜਾ ਸਕਦੀ ਹੈ । ਨਵੇਂ ਅਨੁਭਵਾਂ ਨੂੰ ਲੋਕ ਬੋਲੀ ਦੇ ਅਖੁੱਟ ਖ਼ਜ਼ਾਨੇ ਨਾਲ ਪ੍ਰਗਟਾਇਆ ਜਾ ਸਕਦਾ ਹੈ। ਜੇ ਸਾਡੇ ਕੋਲ ਕੁਝ ਕਹਿਣ ਲਈ ਹੈ ਅਤੇ ਜੇ ਅਸੀਂ ਉਸ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਲਾਜ਼ਮੀ ਹੈ ਕਿ ਅਸੀਂ ਲੋਕਾਂ ਦੀ ਬੋਲੀ ਬੋਲੀਏ, ਲੋਕਾਂ ਦੀ ਜ਼ੁਬਾਨ ਵਿਚ ਲਿਖੀਏ ਤਾਂ ਕਿ ਲੋਕ ਜੀਵਨ ਨਾਲ ਸਾਡੀ ਸਾਂਝ ਪਵੇ। ਇਉਂ ਲੋਕ ਚੇਤਨਾ ਨੂੰ ਵਿਆਪਕ ਚਿੰਤਨ ਦਾ ਭਾਗੀਦਾਰ ਵੀ ਬਣਾਇਆ ਜਾ ਸਕਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਸੁਹਿਰਦਤਾ ਅਤੇ ਪ੍ਰਤੀਬੱਧਤਾ ਤੋਂ ਬਿਨਾਂ ਕਰਨੀ ਬੇਮਾਅਨੀ ਹੈ।