

ਖੇਤਰ-ਆਧਾਰਿਤ ਭਾਸ਼ਾਈ ਵਿਭਿੰਨਤਾ ਦਾ ਇਹ ਵੇਰਵਾ ਕਾਫ਼ੀ ਵਿਸਤ੍ਰਿਤ ਹੈ। ਇਸ ਵਿਸਥਾਰ ਦਾ ਸਧਾਰਨੀਕਰਨ ਕਰਦੇ ਹੋਏ ਡਾ. ਹਰਕੀਰਤ ਸਿੰਘ ਨੇ ਪੰਜਾਬੀ ਦੀਆਂ ਤਿੰਨ ਉਪ-ਭਾਸ਼ਾਵਾਂ : ਪੂਰਬੀ ਪੰਜਾਬੀ, ਪੱਛਮੀ ਪੰਜਾਬੀ ਜਾਂ ਲਹਿੰਦੀ ਅਤੇ ਪਹਾੜੀ ਪੰਜਾਬੀ ਨਿਸ਼ਚਤ ਕਰਕੇ ਮਾਝੀ, ਮਲਵਈ, ਦੁਆਬੀ ਤੇ ਪੁਆਧੀ ਆਦਿ ਨੂੰ ਪੂਰਬੀ ਪੰਜਾਬੀ ਦੀਆਂ ਉਪ ਬੋਲੀਆਂ (subdialects) ਮੰਨਿਆ ਹੈ। ਇਸੇ ਤਰ੍ਹਾਂ ਉਸ ਨੇ ਪੱਛਮੀ ਪੰਜਾਬੀ ਦੀਆਂ ਉਪ ਬੋਲੀਆਂ ਦੇ ਅੰਤਰਗਤ ਮੁਲਤਾਨੀ ਪੋਠੋਹਾਰੀ ਤੇ ਹਿੰਦਕੋ ਆਦਿ ਅਤੇ ਪਹਾੜੀ ਪੰਜਾਬੀ ਵਿਚ ਜੰਮੂਆਲੀ, ਭਟਿਆਲੀ, ਕਾਂਗੜੀ ਅਤੇ ਪੁਣਛੀ ਆਦਿ ਉਪ ਬੋਲੀਆਂ ਨੂੰ ਸ਼ਾਮਲ ਕੀਤਾ ਹੈ ਡਾ. ਹਰਕੀਰਤ ਸਿੰਘ ਨੇ ਪੰਜਾਬੀ ਦੀ ਵਿਸਤ੍ਰਿਤ ਉਪ-ਭਾਸ਼ਾਈ ਵਿਭਿੰਨਤਾ ਨੂੰ ਸੂਤ੍ਰਿਕ ਰੂਪ ਵਿਚ ਸਮੇਟਣ ਦੇ ਯਤਨ ਤਹਿਤ ਵੱਡੇ ਉਪ-ਭਾਸ਼ਾਈ ਵਰਗਾਂ (ਪੂਰਬੀ ਪੰਜਾਬੀ ਤੇ ਪੱਛਮੀ ਪੰਜਾਬੀ ਆਦਿ) ਨੂੰ ਹੀ ਉਪ-ਭਾਸ਼ਾਵਾਂ ਦਾ ਨਾਮ ਦੇ ਦਿੱਤਾ ਹੈ। ਇਨ੍ਹਾਂ ਵਰਗਾਂ ਦੇ ਅੰਤਰਗਤ ਜਿਨ੍ਹਾਂ ਭਾਸ਼ਾਈ ਰੂਪਾਂ ਨੂੰ ਉਪਬੋਲੀਆਂ (sub-dialects) ਕਿਹਾ ਗਿਆ ਹੈ ਉਹੀ ਪੰਜਾਬੀ ਦੀਆਂ ਉਪ-ਭਾਸ਼ਾਵਾਂ (dialects) ਹਨ। ਇਹ ਉਪਤਾਸ਼ਾਵਾਂ ਵੱਡੇ ਭੁਗੋਲਿਕ ਖੇਤਰਾਂ ਵਿਚ ਫੈਲੀਆਂ ਹੋਈਆਂ ਹਨ। ਮਸਲਨ ਪੂਰਬੀ ਪੰਜਾਬ ਦੀ ਮਾਝੀ ਵਿਚ ਪਠਾਨਕੋਟ ਤੋਂ ਲੈ ਕੇ ਦੀਨਾਨਗਰ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਤਰਨ ਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ ਦੇ ਇਲਾਕੇ ਸ਼ਾਮਲ ਹਨ। ਇਹ ਇਕ ਵੱਡਾ ਭੂਗੋਲਿਕ ਖੇਤਰ ਹੈ ਜਿਸ ਵਿਚ ਮੋਜੂਦਾ ਪੰਜਾਬ ਦੇ ਚਾਰ ਜ਼ਿਲ੍ਹੇ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਆ ਜਾਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਭੂਗੋਲਿਕ ਤੇ ਸਮਾਜਿਕ ਵਿਭਿੰਨਤਾਵਾਂ ਦੇ ਨਾਲ-ਨਾਲ ਵਿਆਪਕ ਭਾਸ਼ਾਈ ਵਿਭਿੰਨਤਾ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਉਦਾਹਰਣ ਵਜੋਂ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੀ ਮਾਝੀ ਦੇ ਉਚਾਰਨ ਵਿਚ ਕੁਝ ਅਜਿਹੇ ਕਿਰਿਆ ਰੂਪ ਵਰਤੋ ਜਾਦੇ ਹਨ ਜ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ ਮਾਝੀ ਵਿਚ ਦਿਖਾਈ ਨਹੀਂ ਦਿੰਦੇ। ਜਿਵੇਂ ਪਠਾਨਕੋਟ ਅਤੇ ਗੁਰਦਾਸਪੁਰ ਦੀ ਮਾਝੀ ਵਿਚ ਨਿਮਨ-ਲਿਖਤ ਕਿਰਿਆ ਰੂਪ ਉਪਲਬਧ ਹਨ:
-ਮੌਸਮ ਤੇ ਬਣਿਆ ਦਾ ਵੈ
-ਬੱਤੀਆਂ ਜਗੇ ਕਰਦੀਆਂ।
-ਕੰਮ ਹੋਇਆ ਦਾ ਏ।
ਉਪਰੋਤ ਉਦਾਹਰਣਾਂ ਵਿਚੋਂ ਪਹਿਲੇ ਅਤੇ ਤੀਜੇ ਵਾਕ ਵਿਚ 'ਦਾ' ਸ਼ਬਦ ਕਰਮਵਾਚੀ ਸੰਚਾਲਕ ਕਿਰਿਆ ਰੂਪ ਬਣ ਗਿਆ ਹੈ ਜਦਕਿ ਆਮ ਤੌਰ 'ਤੇ 'ਦਾ' ਸ਼ਬਦ ਪੰਜਾਬੀ ਵਿਚ ਸੰਬੰਧਕ ਦਾ ਇਕ ਰੂਪ ਹੈ। 'ਦਾ' ਸ਼ਬਦ ਕੇਵਲ ਪਠਾਨਕੋਟ ਅਤੇ ਗੁਰਦਾਸਪੁਰ ਦੀ ਮਾਝੀ ਵਿਚ ਹੀ ਕਰਮਵਾਚੀ ਸੰਚਾਲਕ ਕਿਰਿਆ ਦਾ ਰੂਪ ਲੈਂਦਾ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੀ ਮਾਝੀ ਵਿਚ ਉਪਰੋਕਤ ਵਾਕਾਂ ਵਿਚਲੇ ਕਿਰਿਆ ਵਾਕੰਸ਼ ਨਿਮਨਲਿਖਤ ਰੂਪ ਅਖ਼ਤਿਆਰ ਕਰ ਲੈਂਦੇ ਹਨ;