

-ਮੌਸਮ ਤੇ ਬਣਿਆ ਹੋਇਆ ਏ।
-ਬੱਤੀਆਂ ਜਗਦੀਆਂ ਨੇ।
-ਕੰਮ ਹੋਇਆ ਪਿਆ ਏ।
ਅਜਿਹੀਆਂ ਹੋਰ ਵਿਭਿੰਨਤਾਵਾਂ ਵੀ ਖੇਤਰੀ ਕਾਰਜ ਰਾਹੀਂ ਸਮੱਗਰੀ ਇਕੱਤਰ ਕਰਕੇ ਪਛਾਣੀਆਂ ਜਾ ਸਕਦੀਆਂ ਹਨ ਜਿਸ ਆਧਾਰ 'ਤੇ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਪਠਾਨਕੋਟ ਦੀ ਮਾਝੀ ਹੋਰ ਅਤੇ ਅੰਮ੍ਰਿਤਸਰ ਦੀ ਮਾਝੀ ਹੋਰ ਹੋ ਨਿਬੜਦੀ ਹੈ। ਇਹ ਦਰਅਸਲ ਇਕ ਉਪਭਾਸ਼ਾ (dialect) ਦੀਆਂ ਸਹਿ ਉਪ-ਭਾਸ਼ਾਵਾਂ (subdilects) ਨੂੰ ਪਛਾਣਨ ਦੀ ਅਮਲ ਹੈ। ਮਾਝੀ ਤੋਂ ਇਲਾਵਾ ਪੰਜਾਬੀ ਦੀਆਂ ਬਾਕੀ ਉਪ- ਭਾਸ਼ਾਵਾਂ ਵਿਚ ਅਜਿਹੇ ਸਹਿ-ਉਪਭਾਸ਼ਾਈ ਅਧਿਐਨ ਕਰਕੇ ਪੰਜਾਬੀ ਦੀ ਉਪ- ਭਾਸ਼ਾਈ ਅਤੇ ਸਹਿ ਉਪ-ਭਾਸ਼ਾਈ ਵਿਭਿੰਨਤਾ ਦੀ ਅੰਕੜਾ ਵਿਗਿਆਨਕ ਤਫ਼ਸੀਲ (statisitcal detail) ਨਿਰਧਾਰਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਇਨ੍ਹਾਂ ਸਹਿ ਉਪ-ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦੇ ਤੁਲਨਾਤਮਕ ਵਿਸ਼ਲੇਸ਼ਣ ਇਸ ਅਧਿਐਨ ਦੇ ਅਗਲੇ ਵਿਸਥਾਰ ਤੋਂ ਹੋ ਸਕਦੇ ਹਨ, ਪਰ ਇਸ ਕਿਸਮ ਦੇ ਵਿਸਤ੍ਰਿਤ ਅਧਿਐਨ ਲਈ ਵੱਡੇ ਸੰਸਥਾਗਤ ਯਤਨਾਂ ਦੀ ਲੋੜ ਹੈ।
ਪੰਜਾਬ ਦੇ ਭੁਗੋਲਿਕ ਖੇਤਰ ਦੀ ਵੰਡ ਦੇ ਆਧਾਰ 'ਤੇ ਸਿਰਜੀਆਂ ਗਈਆਂ ਉਪ-ਭਾਸ਼ਾਈ ਹੱਦਾਂ ਜੋ ਸਾਨੂੰ ਗ੍ਰੀਅਰਸਨ ਦੇ ਅਧਿਐਨ ਵਿਚ ਨਿਸ਼ਚਤ ਕੀਤੀਆਂ ਨਜ਼ਰ ਆਉਂਦੀਆਂ ਹਨ, ਉਨ੍ਹਾਂ ਵਿਚ 1947 ਦੀ ਪੰਜਾਬ-ਵੰਡ ਪਿੱਛੋਂ ਵਿਸ਼ੇਸ਼ ਤਬਦੀਲੀ ਵਾਪਰਦੀ ਹੈ। ਇਸ ਵੰਡ ਉਪਰੰਤ ਵੱਡੇ ਪੱਧਰ 'ਤੇ ਪੰਜਾਬੀਆਂ ਦੀ ਹਿਜ਼ਰਤ (migra tion) ਹੁੰਦੀ ਹੈ। ਲਹਿੰਦੇ ਪੰਜਾਬ ਦੇ ਹਿੰਦੂ ਸਿੱਖ ਆਪਣੀ ਉਪਭਾਸ਼ਾ ਸਹਿਤ ਪੂਰਬੀ ਪੰਜਾਬ ਦੇ ਵਿਭਿੰਨ ਖੇਤਰਾਂ ਵਿਚ ਆ ਵੱਸਦੇ ਹਨ, ਜਿਸ ਨਾਲ ਪੂਰਬੀ ਪੰਜਾਬ ਦੇ ਵੱਖ-ਵੱਖ ਉਪ-ਭਾਸ਼ਾਈ ਖੇਤਰਾਂ ਵਿਚ ਲਹਿੰਦੇ ਪੰਜਾਬ ਦੀਆਂ ਉਪ-ਭਾਸ਼ਾਵਾਂ ਦੇ ਬੁਲਾਰਿਆਂ ਦੇ ਨਿੱਕੇ-ਨਿੱਕੇ ਉਪ-ਖੇਤਰ ਵੀ ਬਣ ਗਏ ਹਨ। ਪੂਰਬੀ ਪੰਜਾਬ ਦੇ ਉਪ ਭਾਸ਼ਾਈ ਖੇਤਰਾਂ ਵਿਚ ਪਾਕਿਸਤਾਨ ਤੋਂ ਹਿਜ਼ਰਤ ਕਰਕੇ ਆ ਵਸੇ ਇਨ੍ਹਾਂ ਪੰਜਾਬੀਆਂ ਦੀ ਭਾਸ਼ਾ ਵੀ ਪੂਰਬੀ ਪੰਜਾਬ ਦੀਆਂ ਉਪ-ਭਾਸ਼ਾਵਾਂ ਦੇ ਅਧਿਐਨ ਸਮੇਂ ਸਾਡੇ ਧਿਆਨ ਵਿਚ ਰਹਿਣੀ ਚਾਹੀਦੀ ਹੈ। ਉਦਾਹਰਣ ਵਜੋਂ 1947 ਦੀ ਵੰਡ ਉਪਰੰਤ ਅੰਮ੍ਰਿਤਸਰ ਵਿਚ ਲਹਿੰਦੇ ਪੰਜਾਬ ਤੋਂ ਆ ਵੱਸੇ ਪੰਜਾਬੀਆਂ ਦੀ ਭਾਸ਼ਾ ਦੀਆਂ ਧੁਨੀ ਵਿਉਂਤਕ ਵਿਸ਼ੇਸ਼ਤਾਵਾਂ ਮਾਝੀ ਨਾਲੋਂ ਭਿੰਨ ਹਨ। ਇਨ੍ਹਾਂ ਦੀ ਭਾਸ਼ਾ ਵਿਚ ਨਾਦੀ ਮਹਾਂਪ੍ਰਾਣ ਧੁਨੀਆਂ ਘ, ਝ, ਢ, ਧ, ਭ ਦਾ ਉਚਾਰਨ ਅਜੇ ਵੀ ਮੌਜੂਦ ਹੈ, ਜਦਕਿ ਮਾਝੀ ਵਿਚ ਇਨ੍ਹਾਂ ਧੁਨੀਆਂ ਦਾ ਉਚਾਰਨ ਨਹੀਂ ਹੁੰਦਾ। 1947 ਦੀ ਵੰਡ ਕਾਰਨ ਵਾਪਰੀ ਹਿਜ਼ਰਤ ਤੋਂ ਬਿਨਾਂ ਵੀ ਪੰਜਾਬੀਆਂ ਦੁਆਰਾ ਧਾਰਨ ਕੀਤੀ ਜਾਣ ਵਾਲੀ ਪਰਵਾਸ ਦਾ ਇਕ ਨਿਰੰਤਰ ਵਰਤਾਰਾ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਪਰਵਾਸ ਆਪਣੇ ਹੀ ਦੇਸ਼ ਦੇ ਵਿਭਿੰਨ ਰਾਜਾਂ ਤੋਂ ਲੈ ਕੇ ਯੂਰਪ, ਅਮਰੀਕਾ, ਆਸਟਰੇਲੀਆ ਅਤੇ ਅਰਬ ਦੇਸ਼ਾਂ ਤਕ