

ਅਧਾਰਿਤ ਹੋ ਸਕਦੀ ਹੈ। ਅਜਿਹੀ ਸਮਾਜਿਕ ਭਾਸ਼ਾ ਵਿਗਿਆਨਕ ਚੇਤਨਾ ਨਾਲ ਪੰਜਾਬ ਦੇ ਵਿਭਿੰਨ ਕਬੀਲਿਆਂ, ਜਾਤਾਂ, ਧਰਮਾਂ ਅਤੇ ਹੋਰ ਸਮਾਜਕ ਵਰਗਾਂ ਦੇ ਭਾਸ਼ਾਈ ਵਖਰੇਵਿਆਂ ਦੇ ਆਧਾਰ 'ਤੇ ਬਣਦੀਆਂ ਸਮਾਜਿਕ ਉਪ-ਭਾਸ਼ਾਵਾਂ ਦਾ ਵਿਸ਼ਲੇਸ਼ਣ ਦੀ ਇਕ ਵੱਡਾ ਅਧਿਐਨ-ਖੇਤਰ ਹੈ।
ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੀ ਵਰਤਮਾਨ ਸਥਿਤੀ ਦੇ ਸੰਦਰਭ ਵਿਚ ਮਿਆਰੀ ਪੰਜਾਬੀ ਅਤੇ ਕੇਂਦਰੀ ਉਪ-ਭਾਸ਼ਾ ਦੇ ਸੰਕਲਪਾਂ ਨੂੰ ਵੀ ਮੁੜ ਵਿਚਾਰਨ ਦੀ ਲੋੜ ਹੈ। ਮਿਆਰੀ ਜਾਂ ਕੇਂਦਰੀ ਉਪਭਾਸ਼ਾ ਦੇ ਨਿਰਧਾਰਨ ਵੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੰਦਰਭ ਨਾਲ ਜੁੜੇ ਹੁੰਦੇ ਹਨ। ਇਕ ਭਾਸ਼ਾ ਦੀਆਂ ਵਿਭਿੰਨ ਉਪ- ਭਾਸ਼ਾਵਾਂ ਵਿਚੋਂ ਕਿਸੇ ਇਕ ਨੂੰ ਕੇਂਦਰੀ ਜਾਂ ਮਿਆਰੀ ਮੰਨਣ ਦਾ ਅਮਲ ਸਹਿਜ ਰੂਪ ਵਿਚ ਹੀ ਬਾਕੀਆਂ ਨੂੰ ਗ਼ੈਰ ਮਿਆਰੀ ਤੇ ਹਾਸ਼ੀਆਗਤ ਵਰਗ ਵਿਚ ਪਾ ਦਿੰਦਾ ਹੈ। ਭਾਸ਼ਾ ਦੀ ਉੱਤਰ-ਸੰਰਚਨਾਤਮਕ (post structural) ਸੂਝ ਮੁਤਾਬਕ ਕੇਂਦਰ ਵਿਚ ਬੜੀ ਘਾਤਕ ਸੰਕਲਪਨਾ ਹੈ। ਕੇਂਦਰ ਦੀ ਇਹ ਸਮੱਸਿਆ ਹੈ ਕਿ ਇਹ ਖੁਦ ਪ੍ਰਮੁੱਖਤਾ ਹਾਸਲ ਕਰ ਹੋਰਨਾਂ ਨੂੰ ਮਨਫ਼ੀ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਇਹ ਹਾਸੀਆਈ ਹੋਰਾਂ (marginalised others) ਦੀ ਅਣਦੇਖੀ ਕਰ ਦਬਾਉਂਦਾ ਹੈ, ਜਿਵੇਂ ਮਰਦ ਪ੍ਰਧਾਨ ਸਮਾਜ ਵਿਚ ਮਰਦ ਕੇਂਦਰ ਵਿਚ ਹੈ ਅਤੇ ਔਰਤ ਹਾਸ਼ੀਆਈ ਹੋ ਕੇ ਅਣਦੇਖੀ, ਦੱਬੀ ਹੋਈ 'ਹੋਰ' ਹੋ ਨਿਬੜਦੀ ਹੈ।" ਕੇਂਦਰੀ ਭਾਸ਼ਾ/ਉਪਭਾਸ਼ਾ ਦੀ ਸੰਕਲਪਨਾ ਵੀ ਅਜਿਹੇ ਹੀ ਪ੍ਰਭਾਵ ਸਿਰਜਦੀ ਹੈ। ਅਣਵੰਡੇ ਪੰਜਾਬ ਵਿਚ ਆਰਥਿਕ ਤੇ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਮਾਝੇ ਦਾ ਵਿਸ਼ਾਲ ਖੇਤਰ ਹੋਣ ਕਾਰਨ ਮਾਝੀ ਨੂੰ ਕੇਂਦਰੀ ਉਪਭਾਸ਼ਾ ਮੰਨਿਆ ਗਿਆ। ਨਾ ਕੇਵਲ ਕੇਂਦਰੀ ਬਲਕਿ ਇਸ ਨੂੰ ਹੀ ਸਾਹਿਤਕ ਪੰਜਾਬੀ ਦਾ ਆਧਾਰ ਵੀ ਕਿਹਾ ਗਿਆ। ਇਸੇ ਧਾਰਨਾਂ ਦੇ ਤਹਿਤ ਹੀ ਮਾਝੀ ਦੀ ਧੁਨੀ ਵਿਉਂਤਕ ਜੁਗਤ ਨੂੰ ਹੀ ਪੰਜਾਬੀ ਦੀ ਧੁਨੀ ਵਿਉਂਤਕ ਜੁਗਤ ਵਜੋਂ ਪ੍ਰਵਾਨ ਕਰ ਲਿਆ ਗਿਆ। ਇਹੀ ਕਾਰਨ ਹੈ ਕਿ ਅੱਜ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਵਿਚੋਂ ਨਾਦੀ ਮਹਾਂਪ੍ਰਾਣ ਧੁਨੀਆਂ ਘ, ਝ, ਢ, ਧ ਅਤੇ ਭ ਦਾ ਉਚਾਰਨ ਖ਼ਤਮ ਹੋ ਚੁੱਕਾ ਹੈ, ਕਿਉਂਕਿ ਮਾਝੀ ਵਿਚ ਇਨ੍ਹਾਂ ਧੁਨੀਆਂ ਦਾ ਉਚਾਰਨ ਨਹੀਂ ਹੁੰਦਾ। ਭਾਵੇਂ ਕਿ ਮੁਲਤਾਨੀ ਉਪਭਾਸ਼ਾ ਅਤੇ ਪੰਜਾਬ ਦੇ ਕੁਝ ਕਬੀਲਿਆਂ (ਰਾਅ ਸਿੱਖ ਆਦਿ) ਦੀ ਭਾਸ਼ਾ ਵਿਚ ਇਨ੍ਹਾਂ ਧੁਨੀਆਂ ਦਾ ਉਚਾਰਨ ਮੌਜੂਦ ਹੈ, ਫਿਰ ਵੀ ਪੰਜਾਬੀ ਦੀਆਂ ਧੁਨੀ ਵਿਉਂਤਕ ਸਾਰਨੀਆਂ ਵਿਚੋਂ ਇਹ ਧੁਨੀਆਂ ਗਾਇਬ ਹਨ। ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਦੇਸ਼-ਵੰਡ ਉਪਰੰਤ ਲਹਿੰਦੇ ਪੰਜਾਬ ਤੋਂ ਆ ਕੇ ਪੂਰਬੀ ਪੰਜਾਬ ਵਿਚ ਵਸੇ ਪੰਜਾਬੀਆਂ ਦੇ ਉਚਾਰਨ ਵਿਚ ਵੀ ਇਹ ਧੁਨੀਆਂ ਮੌਜੂਦ ਹਨ। ਗੁਰਬਾਣੀ ਦੀ ਧੁਨੀ ਵਿਉਂਤਕ ਜੁਗਤ ਵਿਚ ਵੀ ਇਹ ਧੁਨੀਆਂ ਹਾਜ਼ਰ ਹਨ। ਉਦਾਹਰਣ ਵਜੋਂ ਬਾਣੀ ਦੀ ਨਿਮਨਲਿਖਤ ਤੁਕ ਨੂੰ ਦੇਖਿਆ ਜਾ ਸਕਦਾ ਹੈ:
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥