

ਵਿਸ਼ੇਸ਼ ਰੂਪ ਹੁੰਦਾ ਹੈ। ਭਾਸ਼ਾ ਅਤੇ ਉਪਭਾਸ਼ਾ ਵਿਚ ਬਣਤਰ ਪੱਖ ਤੋਂ ਅੰਤਰ ਬਹੁਤ ਬਰੀਕ ਹੁੰਦਾ ਹੈ। ਇਕ ਭਾਸ਼ਾ ਅਤੇ ਉਸਦੀਆਂ ਉਪਭਾਸ਼ਾਵਾਂ ਵਿਚ ਅਤੇ ਉਪਭਾਸ਼ਾਵਾਂ ਦਾ ਆਪੇ ਵਿਚ ਨੇੜੇ ਦਾ ਸਬੰਧ ਇਕ-ਦੂਜੀ ਉਪਰ ਅਧਾਰਤ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਉਨ੍ਹਾਂ ਦੀ ਧੁਨੀ-ਵਿਉਂਤ, ਵਾਕ-ਵਿਉਂਤ ਅਤੇ ਸ਼ਬਦ-ਭੰਡਾਰ ਵਿਚ ਸਾਂਝ-ਬਹੁਤ ਹੋਵੇ ਅਤੇ ਵਿਪੇਖਤਾ ਘੱਟ। ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਕੀਤੇ ਗਏ ਸਰਵੇਖਣ ਕੋਈ ਬਹੁਤ ਪੁਰਾਣੇ ਨਹੀਂ । ਇਸ ਖੇਤਰ ਵਿਚ ਸਭ ਤੋਂ ਪਹਿਲਾਂ ਅੰਗਰੇਜ਼ ਵਿਦਵਾਨ ਸਰਪੰਚੀ ਜਾਨ ਬੀਮਜ਼, ਹਾਰਨਲੋ, ਰਿਚਰਡ ਟੈਂਪਲ ਅਤੇ ਸੁਨੀਤੀ ਕੁਮਾਰ ਚੈਟਰਜੀ ਆਦਿ ਦੇ ਨਾਮ ਜ਼ਿਕਰਯੋਗ ਹਨ। ਭਾਰਤੀ ਉਪਭਾਸ਼ਾਵਾਂ ਦੀ ਖੋਜ ਦਾ ਸਰਵੇਖਣ ਅਸਲੀ ਅਰਥਾਂ ਵਿਚ ਗ੍ਰੀਅਰਸਨ ਦੀ ਖੋਜ ਨਾਲ ਸਿਰੇ ਚੜ੍ਹਦਾ ਹੈ। ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਦਾ ਸਰਵੇਖਣ ਹਰਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਸਮਕਾਲੀ ਸਮੇਂ ਪੂਰਬੀ ਪੰਜਾਬ ਦੀਆਂ ਚਾਰ ਉਪਭਾਸ਼ਾਵਾਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਸਰਵ ਪ੍ਰਵਾਨਿਤ ਹਨ। ਡਾ. ਭੋਲਾ ਨਾਥ ਤਿਵਾਰੀ ਦੇ ਅਨੁਸਾਰ "ਉਪਭਾਸ਼ਾ ਕਿਸੇ ਭਾਸ਼ਾ ਦੇ ਇਕ ਅਜਿਹੇ ਸੀਮਿਤ ਖੇਤਰੀ ਰੂਪ ਨੂੰ ਆਖਦੇ ਹਨ, ਜੋ ਧੁਨੀ-ਰੂਪ, ਵਾਕ-ਗਠਨ, ਅਰਥਾਂ ਸ਼ਬਦਾਵਲੀ ਤੇ ਮੁਹਾਵਰੇ ਆਦਿ ਦੇ ਪੱਖ ਤੋਂ ਟਕਸਾਲੀ ਭਾਸ਼ਾ ਤੋਂ ਭਿੰਨ ਹੁੰਦਾ ਹੈ ਪਰੰਤੂ ਇੰਨਾ ਭਿੰਨ ਨਹੀਂ ਕਿ ਉਸੇ ਭਾਸ਼ਾ ਨੂੰ ਹੋਰ ਉਪਭਾਸ਼ਾ ਵਾਲੇ ਲੋਕ ਨਾ ਸਮਝ ਸਕਣ। (ਭਾਸ਼ਾ ਵਿਗਿਆਨ ਕੋਸ਼, ਪੰਨਾ 560) ਉਪਭਾਸ਼ਾ ਟਕਸਾਲੀ ਭਾਸ਼ਾ ਦੇ ਖੇਤਰ ਵਿਚੋਂ ਕਿਸੇ ਇਕ ਵਿਸ਼ੇਸ਼ ਖੇਤਰ ਦੀ ਭਾਸ਼ਾ ਹੁੰਦੀ ਹੈ ਜਿਸ ਦਾ ਸਬੰਧ ਦੂਜੀਆਂ ਉਪਭਾਸ਼ਾਵਾਂ ਅਤੇ ਟਕਸਾਲੀ ਭਾਸ਼ਾ ਨਾਲ ਹੁੰਦਾ ਹੈ। ਉਪਭਾਸ਼ਾ ਦੇ ਖੇਤਰ ਲਈ ਭਾਸ਼ਾਈ ਵਿਸ਼ੇਸ਼ਤਾਵਾਂ ਨੂੰ ਨਕਸ਼ਿਆਂ ਵਿਚ ਸਬੰਧਤ ਥਾਵਾਂ ਤੇ ਦਿਖਾਇਆ ਜਾਂਦਾ ਹੈ। ਇਹ ਖੇਤਰ ਛੋਟੇ ਵੀ ਹੋ ਸਕਦੇ ਹਨ ਅਤੇ ਵੱਡੇ ਵੀ। ਅਜਿਹੇ ਖੇਤਰ ਦਾ ਛੋਟਾ ਜਾਂ ਵੱਡਾ ਹੋਣਾ ਉਸ ਦੇ ਭੂਗੋਲਿਕ ਆਲੇ-ਦੁਆਲੇ ਉਪਰ ਨਿਰਭਰ ਕਰਦਾ ਹੈ। ਕੁਝ ਭਾਸ਼ਾਈ ਇਲਾਕੇ ਅਜਿਹੇ ਵੀ ਹੋ ਸਕਦੇ ਹਨ ਜਿਹੜੇ ਵਪਾਰਕ ਕੇਂਦਰਾਂ ਤੋਂ ਦੂਰ ਹੋਣ ਉਨ੍ਹਾਂ ਦੀ ਬੋਲੀ ਵਿਚ ਤਬਦੀਲੀ ਛੇਤੀ-ਛੇਤੀ ਨਹੀਂ ਹੁੰਦੀ। ਇਸ ਦੇ ਨਾਲ ਕੁਝ ਖੇਤਰ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਸੰਚਾਰ ਦੇ ਸਾਧਨ ਅਤੇ ਵਪਾਰਕ ਪੱਖ ਭਾਰੂ ਹੋਵੇ ਅਜਿਹੇ ਖੇਤਰ ਦੀ ਬੋਲੀ ਆਪਣਾ ਰੂਪ ਜਲਦੀ ਵਟਾਉਣ ਦੀ ਸਮਰੱਥਾ ਰੱਖਦੀ ਹੁੰਦੀ ਹੈ। ਪੰਜਾਬੀ ਦੀਆਂ ਉਪਭਾਸ਼ਾ ਦੀ ਵਰਗ ਵੰਡ ਭੂਗੋਲਿਕ ਅਧਾਰ ਉੱਪਰ ਹੀ ਨਿਰਭਰ ਕਰਦੀ ਹੈ, ਜਿਸ ਦੀ ਵੰਡ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਚਾਰ ਖੇਤਰਾਂ ਵਿਚ ਕੀਤੀ ਗਈ ਹੈ। ਇਹ ਚਾਰੇ ਖੇਤਰ ਹੀ ਪੰਜਾਬੀ ਦੀਆਂ ਉਪਭਾਸ਼ਾ ਦੇ ਨਾਂ ਵਜੋਂ ਉੱਭਰਦੇ ਹਨ। ਮਲਵਈ ਉਪਭਾਸ਼ਾ ਪੰਜਾਬ ਦੇ ਸਾਰੇ ਮਾਲਵੇ ਇਲਾਕੇ ਵਿਚ ਬੋਲੀ ਜਾਦੀ ਹੈ। ਮਲਵਈ ਦੇ ਖੇਤਰ ਵਿਚ ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਫਰੀਦਕੋਟ, ਮੋਗਾ ਅਤੇ ਲੁਧਿਆਣਾ ਇਨ੍ਹਾਂ ਤੋਂ ਬਿਨਾਂ ਪਟਿਆਲੇ ਜ਼ਿਲ੍ਹੇ ਦੇ ਪੱਛਮੀ ਭਾਗ ਵਿਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ।