Back ArrowLogo
Info
Profile

ਵਿਚ ਇਸ ਨੂੰ ਇਕ ਸਾਹਿਤਕ ਭਾਸ਼ਾ ਵਜੋਂ ਵਧੇਰੇ ਮਾਨਤਾ ਮਿਲਣ ਲੱਗੀ। ਮੁਸਲਮਾਨ ਲੇਖਕ ਕੇਂਦਰੀ ਜਾਂ ਲਹਿੰਦੀ ਦੀ ਵਰਤੋਂ ਕਰਦੇ ਹਨ, ਜਿਸ ਉੱਤੇ ਫਾਰਸੀ ਦਾ ਪ੍ਰਭਾਵ ਪ੍ਰਤੱਖ ਸੀ । ਭਾਸ਼ਾ ਦੇ ਵਿਕਾਸ ਦੀ ਇਹ ਪਰਵਿਰਤੀ ਤੇ ਗਤੀ ਉਨ੍ਹੀਵੀਂ ਸਦੀ ਦੇ ਅੱਧ ਤਕ ਚਲਦੀ ਰਹੀ, ਜਿਸ ਤੋਂ ਪਿਛੋਂ ਭਾਸ਼ਾ ਦਾ ਆਧੁਨਿਕ ਸਰੂਪ ਨਿਖਰਨ ਲੱਗਾ।

 

(ਸ) ਪੰਜਾਬੀ ਦੀਆਂ ਵਿਸ਼ੇਸ਼ਤਾਵਾਂ

ਪੰਜਾਬੀ ਬਾਰੇ ਡਾਕਟਰ ਭਾਈ ਵੀਰ ਸਿੰਘ ਲਿਖਦੇ ਹਨ- ‘ਪੰਜਾਬੀ ਇਕ ਮਾਂਜੀ ਹੋਈ ਸਾਹਿੱਤਕ ਭਾਖਾ ਹੈ, ਜਿਸ ਦਾ ਪਿੱਛਾ ਬੜਾ ਬਜੁਰਗ ਹੈ ਅਤੇ ਇਸ ਦਾ ਮੌਜੂਦਾ ਸਰੂਪ ਸ਼ਰੀਫ ਤੇ ਰਸਮਯ ਹੈ। ਇਹ ਪੰਜਾਬ ਦੇਸ਼ ਦੀ ਮਾਤ੍ਰੀ ਭਾਸ਼ਾ ਹੈ। ਚਾਹੇ ਵੈਦਿਕ ਸਮੇਂ ਤੋਂ ਅੱਜ ਦੀ ਬੋਲੀ ਵਿਚ ਬੜਾ ਹੀ ਫਰਕ ਪੈ ਚੁੱਕਾ ਹੈ, ਪਰ ਇਹ ਉਹੋ ਬੋਲੀ ਹੈ ਜੋ ਵਟਾਉ ਸਟਾਉ ਖਾਂਦੀ, ਬਦਲਦੀ ਤੇ ਮੰਜੀਂਦੀ, ਹੁਣ ਵਾਲੇ ਕੋਮਲ ਰੂਪ ਵਿਚ ਆ ਗਈ ਹੈ, ਪਰ ਆਪਣੇ ਸੋਮੇ ਨਾਲ ਵੀ ਨਦੀ ਦੇ ਸੋਮੇ ਵਾਂਗ ਸੰਬੰਧਿਤ ਹੈ ਅਤੇ ਆਪਣੀ ਰਾਜ-ਰਾਮਨੀ ਚਾਲ ਵਿਚ ਸ੍ਵੈਛੰਦ (ਸੁਤੰਤਰ) ਵੀ ਚਲ ਰਹੀ ਹੈ। ਇਸ ਦੀ ਸ਼ਾਨ ਹਿੰਦ ਦੀਆਂ ਹੋਰ ਭਾਸ਼ਾਵਾਂ ਤੋਂ ਮੱਧਮ ਨਹੀਂ ਹੈ, ਲੋੜ ਹੈ ਉਨ੍ਹਾਂ ਰਸੀਆਂ ਤੇ ਵਿਦਵਾਨਾਂ ਦੀ ਜੋ ਇਸ ਨੂੰ ਉੱਚੇ ਤੇ ਸੁੱਚੇ ਸਾਹਿੱਤ ਨਾਲ ਅਲੰਕ੍ਰਿਤ ਕਰਦੇ ਰਹਿਣ।"

ਭਾਈ ਸਾਹਿਬ ਦੇ ਉਪਰੋਕਤ ਕਥਨ ਤੋਂ ਪੰਜਾਬੀ ਦੀ ਪ੍ਰਾਚੀਨਤਾ ਤੇ ਅਮੀਰੀ ਦਾ ਪਤਾ ਲਗਦਾ ਹੈ। ਸਾਡੇ ਪਾਸ ਸ਼ਬਦਾਂ ਦਾ ਇਕ ਅਥਾਹ ਭੰਡਾਰ ਹੈ। ਅਸੀਂ ਹੋਰ ਭਾਸ਼ਾਵਾਂ ਤੋਂ ਬੜੀ ਉਦਾਰਤਾ ਨਾਲ ਤਤਸਮ ਤੇ ਤਦਭਵ ਦੋਹਾਂ ਰੂਪਾਂ ਵਿਚ ਸ਼ਬਦ ਗ੍ਰਹਿਣ ਕੀਤੇ ਹਨ । ਲੋੜ ਅਨੁਸਾਰ ਉਨ੍ਹਾਂ ਨੂੰ ਆਪਣੇ ਉਚਾਰਣ ਅਨੁਸਾਰ ਢਾਲ ਲਿਆ ਜਾਂਦਾ ਹੈ। ਇਹ ਉਚਾਰਣ ਵਿਸ਼ੇਸਤਾ ਇਸ ਨੂੰ ਬਾਕੀ ਭਾਰਤੀ ਬੋਲੀਆਂ ਨਾਲੋਂ ਨਿਖੇੜਦੀ ਹੈ। ਪੰਜਾਬੀ ਦਾ ਆਪਣਾ ਵਿਆਕਰਣਿਕ ਪ੍ਰਬੰਧ ਹੈ, ਆਪਣੀ ਵੱਖਰੀ ਲਿੱਪੀ, ਅਖਾਣ ਮੁਹਾਵਰੇ, ਸ਼ਬਦ ਕੋਸ਼ ਉਪ- ਭਾਖਾਵਾਂ ਹਨ, ਜਿਨ੍ਹਾਂ ਦੇ ਵਿਸਤਾਰ ਵਿਚ ਜਾਣਾ ਇਥੇ ਉਚਿਤ ਪ੍ਰਤੀਤ ਨਹੀਂ ਹੁੰਦਾ। ਕੇਵਲ ਐਨਾ ਕਹਿਣਾ ਹੀ ਕਾਫੀ ਹੈ ਕਿ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਪੰਜਾਬੀ ਇਕ ਸੰਪੂਰਨ ਤੇ ਜੀਉਂਦੀ ਜਾਗਦੀ ਭਾਸ਼ਾ ਹੈ ਅਤੇ ਸਮੇਂ ਸਮੇਂ ਲੋੜ ਅਨੁਸਾਰ ਇਸ ਵਿਚ ਪਰਿਵਰਤਨ ਤੇ ਵਾਧਾ ਹੁੰਦਾ ਰਹਿੰਦਾ ਹੈ।

 

(ਹ) ਗੁਰਮੁਖੀ ਲਿੱਪੀ

ਸੰਸਾਰ ਦੀ ਹਰ ਉਨਤ ਭਾਸ਼ਾ ਦੀ ਆਪਣੀ ਇਕ ਵਿਸ਼ੇਸ਼ ਲਿੱਪੀ ਹੁੰਦੀ ਹੈ, ਜਿਹੜੀ ਉਸ ਭਾਸ਼ਾ ਦੀਆਂ ਆਪਣੀਆਂ ਲੋੜਾਂ, ਧੁਨੀਆਂ ਤੇ ਉਚਾਰਣ ਭੇਦਾਂ ਅਨੁਸਾਰ ਢਾਲੀ ਜਾਂ ਘੜੀ ਗਈ ਹੁੰਦੀ ਹੈ। ਪੰਜਾਬੀ ਦੀ ਆਪਣੀ ਵੱਖਰੀ ਲਿੱਪੀ ਹੈ, ਜਿਸ ਨੂੰ ‘ਗੁਰਮੁਖੀ ਲਿੱਪੀ’ ਆਖਿਆ ਜਾਂਦਾ ਹੈ । ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ ਵਾਂਗ, ਇਸ ਲਿੱਪੀ ਦੀ ਪ੍ਰਾਚੀਨਤਾ ਬਾਰੇ ਵੀ ਹੁਣ ਸਾਰੇ ਵਿਦਵਾਨ ਸਹਿਮਤ ਹਨ ਕਿ ਇਹ ਭਾਰਤ ਦੀ ਸਭ ਤੋਂ ਪੁਰਾਣੀ ਲਿੱਪੀ ਬ੍ਰਹਮੀ ਵਿਚੋਂ ਨਿਕਲੀ, ਜਿਸ ਦਾ 'ੜ' ਸ਼ਬਦ ਕੇਵਲ ਏਸੇ ਲਿੱਪੀ ਨੇ ਹੁਣ ਤੱਕ ਸਾਂਭਿਆ ਹੋਇਆ ਹੈ। ਭਾਵੇਂ ਕੁਝ ਭਾਰਤੀ ਤੇ ਬਦੇਸ਼ੀ ਵਿਦਵਾਨਾਂ ਦੀਆਂ ਰਾਵਾਂ ਦੇ ਆਧਾਰ ਤੇ ਇਹ ਭੁਲੇਖਾ ਕਾਫੀ ਸਮੇਂ ਤੱਕ ਚਲਦਾ ਰਿਹਾ ਕਿ ਇਹ ਲਿੱਪੀ ਗੁਰੂ ਅੰਗਦ ਦੇਵ ਜੀ ਨੇ ਬਣਾਈ, ਪਰ ਹੁਣ ਇਹ ਸਿੱਧ ਹੋ ਚੁੱਕਾ ਹੈ ਕਿ ਗੁਰਮੁਖੀ ਦੇ ਲਗਭਗ ਸਾਰੇ ਅੱਖਰ ਗੁਰੂ ਨਾਨਕ ਤੋਂ ਪਹਿਲਾਂ ਵਰਤੋਂ ਵਿਚ ਆ ਚੁੱਕੇ ਸਨ। ਇਸ ਸੰਬੰਧੀ ਪ੍ਰੋ. ਪ੍ਰੀਤਮ ਸਿੰਘ ਦਾ ਕਥਨ ਹੈ :

"ਇਤਿਹਾਸਕ ਦ੍ਰਿਸਟੀਕੋਣ ਤੋਂ ਗੁਰਮੁਖੀ ਅੱਖਰਾਂ ਦਾ ਰੂਪਕ ਮੁਤਾਲਿਆ ਕਰਨ ਵਾਲਿਆਂ ਨੂੰ ਅਜਿਹੇ ਲੱਛਣ ਬੜੇ ਘੱਟ ਮਿਲਦੇ ਹਨ, ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਹੀ ਹੋਂਦ ਵਿਚ ਨਹੀਂ ਸਨ ਆ ਚੁਕੇ ।"

----------------

1. ਡਾ. ਭਾਈ ਵੀਰ ਸਿੰਘ, ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ, ਭਾਗ ਪਹਿਲਾ, ਪੰਨਾ 65

2. ਪ੍ਰੋ. ਪ੍ਰੀਤਮ ਸਿੰਘ, ‘ਪੰਜਾਬ’, ਭਾਸ਼ਾ ਵਿਭਾਗ, ਪੰਜਾਬ, ਪੰਨਾ 391

14 / 93
Previous
Next