ਸ੍ਰੀ ਜੀ. ਬੀ ਸਿੰਘ ਨੇ ਇਸ ਸੰਬੰਧ ਵਿਚ ਖੋਜ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਗੁਰਮੁਖੀ ਲਿੱਪੀ ਨੂੰ ਕਿਸੇ ਇਕ ਵਿਅਕਤੀ ਨੇ ਕਿਸੇ ਖ਼ਾਸ ਸਮੇਂ ਨਹੀਂ ਬਣਾਇਆ. ਸਗੋਂ ਇਹ ਬ੍ਰਹਮੀ ਲਿੱਪੀ ਤੋਂ ਵਿਕਾਸ ਕਰਕੇ, ਵੱਖ-ਵੱਖ ਇਤਿਹਾਸਿਕ ਪੜਾਵਾਂ ਵਿਚੋਂ ਲੰਘ ਕੇ, ਆਪਣੇ ਅੱਜ ਵਾਲੇ ਰੂਪ ਵਿਚ ਸਾਡੇ ਤੱਕ ਪੁੱਜੀ ਹੈ।
ਐਲਬਰੂਨੀ ਜੋ ਬਾਰ੍ਹਵੀਂ ਸਦੀ ਵਿਚ ਭਾਰਤ ਆਇਆ, ਉਹ ਆਪਣੀਆਂ ਲਿਖਤਾਂ ਵਿਚ ਪੰਜਾਬ ਵਿਚ ਪ੍ਰਚਲਿਤ ਤਿੰਨ ਲਿੱਪੀਆਂ, ਅਰਧ-ਨਾਗਰੀ, ਸਿੱਧ ਮਾਤ੍ਰਿਕਾ ਤੇ ਭੱਟ-ਅੱਛਰੀ ਦਾ ਜ਼ਿਕਰ ਕਰਦਾ ਹੈ। ਇਹ ਸਿੱਧ-ਮਾਤ੍ਰਿਕਾ ਤੇ ਭੱਟ-ਅੱਛਰੀ ਗੁਰਮੁਖੀ ਦੀਆਂ ਪੂਰਵ-ਕਾਲੀ ਲਿੱਪੀਆਂ ਹਨ। ਕਸ਼ਮੀਰ ਦੀ ਲਿੱਪੀ ਸ਼ਾਰਦਾ ਤੇ ਮਹਾਜਨੀ ਜਾਂ ਟਾਕਰੀ ਦਾ ਸੋਮਾ ਵੀ ਸਿੱਧ-ਮਾਤ੍ਰਿਕਾ ਹੀ ਹੈ।
ਕੁਝ ਵਿਦਵਾਨਾਂ ਅਨੁਸਾਰ 'ਸਿੱਧਮ' ਜਾਂ ਸਿੱਧ-ਮਾਤ੍ਰਿਕਾ, ਗੁਰਮੁਖੀ ਦਾ ਪੁਰਾਣਾ ਨਾਂ ਹੈ ਤੇ ਜਦ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਸੋਧ ਕੇ ਨਵਾਂ ਰੂਪ ਦੇ ਕੇ ਵਰਤੋਂ ਵਿਚ ਲਿਆਂਦਾ ਤਾਂ ਇਸ ਦਾ ਨਾਂ ਗੁਰਮੁਖੀ ਪੈ ਗਿਆ। ਪਰ ਇਹ ਗੱਲ ਨਿਸਚੇ ਨਾਲ ਆਖੀ ਜਾ ਸਕਦੀ ਹੈ ਕਿ ਇਹ ਲਿੱਪੀ ਸੁਰਾਂ ਜਾਂ ਧੁਨੀਆਂ ਸਮੇਤ, ਗੁਰੂਆਂ ਤੋਂ ਪਹਿਲਾਂ ਹੋਂਦ ਵਿਚ ਆ ਚੁੱਕੀ ਸੀ ਅਤੇ ਪਾਠਸ਼ਾਲਾਵਾਂ ਵਿਚ ਪੜ੍ਹਾਈ ਲਿਖਾਈ ਜਾਂਦੀ ਸੀ । ਇਸ ਦੇ ਉਸ ਵੇਲੇ 30 ਅੱਖਰ ਤੇ 13 ਸੁਰਾਂ ਸਨ । ਪਿਛੋਂ ਇਸ ਵਿਚ 31 ਵਿਅੰਜਨ ਤੇ 3 ਸ੍ਵਰ ਅੱਖਰ ਬਣ ਗਏ। ਉਚਾਰਣ ਵਿਚ ਵੀ ਸਮੇਂ ਸਮੇਂ ਫਰਕ ਪੈਂਦਾ ਰਿਹਾ ਜਿਵੇਂ ਈੜੀ ਨੂੰ ਈਵੜੀ ਤੇ ਐੜੇ ਨੂੰ ਆਇੜਾ ਉਚਾਰਿਆ ਜਾਂਦਾ ਸੀ । ਮੁਸਲਮਾਨਾਂ ਦੇ ਆਉਣ ਨਾਲ ਫ਼ਾਰਸੀ ਲਿੱਪੀ ਦੇ ਪ੍ਰਭਾਵ ਅਧੀਨ ਕੁਝ ਅੱਖਰਾਂ ਦੇ ਪੈਰ ਵਿਚ ਬਿੰਦੀ ਪਾਉਣ ਦਾ ਰਿਵਾਜ ਚਲ ਪਿਆ ਜਿਵੇਂ ਸ. ਜ਼. ਛ. ਖ਼, ਗ਼ ਆਦਿ ।