ਅਧਿਆਇ ਦੂਜਾ
ਪੰਜਾਬੀ ਸਾਹਿੱਤ ਦਾ ਪੂਰਵ-ਨਾਨਕ ਕਾਲ
(850 ਈ. ਤੋਂ 1500 ਈ. ਤੱਕ)
(ੳ) ਪਿਛੋਕੜ
ਹਰ ਕਾਲ ਦਾ ਸਾਹਿੱਤ ਆਪਣੇ ਸਮੇਂ ਦੀ ਆਵਾਜ ਹੁੰਦਾ ਹੈ। ਜਿਹੋ ਜਿਹੀ ਲੋਕਾਂ ਦੀ ਸਮਾਜਿਕ, ਭਾਈਚਾਰਿਕ, ਆਰਥਿਕ ਜਾਂ ਰਾਜਸੀ ਦਸ਼ਾ ਹੋਵੇਗੀ. ਸਾਹਿੱਤ ਵਿਚ ਉਸੇ ਦੀ ਤਰਜਮਾਨੀ ਹੋਵੇਗੀ, ਕੁਝ ਪ੍ਰਤਿਕਰਮਾਂ ਦੇ ਰੂਪ ਵਿਚ, ਕੁਝ ਪ੍ਰਤਿਬਿੰਬਾਂ ਦੇ ਰੂਪ ਵਿਚ, ਪਰ ਇਸ ਉੱਤੇ ਸੰਸਕਾਰਾਂ ਤੇ ਸੰਸਕ੍ਰਿਤੀ ਦੀ ਪਾਣ ਚੜ੍ਹਦੀ ਵੀ ਬੜੀ ਸੁਭਾਵਿਕ ਹੁੰਦੀ ਹੈ। ਪੰਜਾਬੀ ਸਾਹਿੱਤ ਦੇ ਆਦਿ-ਕਾਲ ਜਾਂ ਪੂਰਵ-ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਸੰਬੰਧੀ ਕਿਸੇ ਪ੍ਰਕਾਰ ਦੀ ਚਰਚਾ ਕਰਨ ਤੋਂ ਪਹਿਲਾਂ ਉਪਰੋਕਤ ਤੱਥਾਂ ਦੇ ਆਧਾਰ ਤੇ ਇਸ ਕਾਲ ਦੇ ਪਿਛੋਕੜ ਬਾਰੇ ਸੰਖੇਪ ਜਿਹੀ ਜਾਣਕਾਰੀ ਲਾਹੇਵੰਦੀ ਹੋਵੇਗੀ।
ਪੰਜਾਬ ਦੇ ਸਮੁੱਚੇ ਇਤਿਹਾਸ ਵਿਚ ਇਹ ਕਾਲ ਅਸ਼ਾਂਤੀ, ਰਾਜਸੀ ਅਨਿਸਚਿਤਤਾ, ਸਦਾਚਾਰਿਕ ਤੇ ਧਾਰਮਿਕ ਗਿਰਾਵਟ ਅਤੇ ਕਈ ਪ੍ਰਕਾਰ ਦੀਆਂ ਲਹਿਰਾਂ ਤੇ ਅੰਦੋਲਨਾਂ ਕਰਕੇ ਸਾਡਾ ਧਿਆਨ ਖਿੱਚਦਾ ਹੈ। ਹਿੰਦੂ ਸ਼ਾਹੀ ਖ਼ਤਮ ਹੋ ਰਹੀ ਸੀ ਅਤੇ ਮੁਸਲਮਾਨਾਂ ਦੀ ਰਾਜਸੀ ਤਾਕਤ ਦਿਨੋਂ ਦਿਨ ਪੱਕੇ ਪੈਰਾਂ ਤੇ ਹੋ ਰਹੀ ਸੀ। ਮੁਸਲਮਾਨਾਂ ਦੇ ਨਿੱਤ ਦੇ ਹੱਲੇ ਕੇਵਲ ਲੁੱਟ ਮਾਰ ਜਾਂ ਰਾਜਸੀ ਤਾਕਤ ਲਈ ਨਹੀਂ ਸਗੋਂ ਇਸਲਾਮ ਦਾ ਪ੍ਰਚਾਰ ਤੇ ਪ੍ਰਸਾਰ ਵੀ ਇਨ੍ਹਾਂ ਦਾ ਵੱਡਾ ਮਨੋਰਥ ਸੀ। ਇਸ ਤਰ੍ਹਾਂ ਦੋ ਵੱਖਰੀਆਂ ਤੇ ਇਕ ਦੂਜੇ ਤੋਂ ਵਿਰੋਧੀ ਕੌਮਾਂ ਤੇ ਸੰਸਕ੍ਰਿਤੀਆਂ ਦਾ ਮੇਲ ਪੰਜਾਬ ਦੇ ਵਾਤਾਵਰਣ ਨੂੰ ਇਕ ਨਵੀਂ ਦਿਸ਼ਾ ਦੇ ਰਿਹਾ ਸੀ । ਕਮਜ਼ੋਰ ਰਾਜਸੀ ਤੇ ਪ੍ਰਬੰਧਕੀ ਢਾਂਚਾ ਜਿੱਥੇ ਬਦੇਸ਼ੀ ਤਾਕਤਾਂ ਨੂੰ ਹੱਲਿਆਂ ਲਈ ਪ੍ਰੇਰਦਾ ਹੈ, ਉਥੇ ਧਾਰਮਿਕ ਤੇ ਸਦਾਚਾਰਿਕ ਪਤਨ, ਨਵੇਂ ਮਤ ਦੀ ਵਿਚਾਰਧਾਰਾ ਤੇ ਪ੍ਰਵੇਸ਼ ਲਈ ਰਾਹ ਸਾਫ ਕਰਦਾ ਹੈ। ਸਾਡੇ ਵਿਚਾਰ-ਅਧੀਨ ਕਾਲ ਦੀ ਇਹ ਪ੍ਰਧਾਨ ਸਥਿਤੀ ਸੀ। ਭਾਵੇਂ ਇਸਲਾਮੀ ਰਾਜ ਪੱਕੀ ਤਰ੍ਹਾਂ ਤੇਰ੍ਹਵੀਂ ਸਦੀ ਦੇ ਆਰੰਭ ਵਿਚ ਹੀ ਸਥਾਪਿਤ ਹੋਇਆ ਪਰ ਦੋ ਸੌ ਵਰ੍ਹਿਆਂ ਦੇ ਹੱਲਿਆਂ ਨੇ ਪੰਜਾਬ ਦੇ ਰਾਜਸੀ ਢਾਂਚੇ ਨੂੰ ਖੇਰੂੰ ਖੇਰੂੰ ਕਰ ਦਿੱਤਾ ਸੀ। ਬ੍ਰਾਹਮਣਵਾਦ ਦੀ ਕੱਟੜਤਾਈ ਤੇ ਬੁੱਧ-ਮਤ ਦੀ ਕਮਜ਼ੋਰੀ ਕਾਰਣ ਨੌਵੀਂ ਦਸਵੀਂ ਸਦੀ ਵਿਚ ਜੋਗ ਮਤ ਦਾ ਜ਼ੋਰ ਵਧਿਆ ਜਿਸ ਨੇ ਜਾਤ-ਪਾਤ ਦਾ ਭੇਦ ਮਿਟਾਉਣ ਤੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਿਚ ਬਹੁਤ ਹਿੱਸਾ ਪਾਇਆ । ਇਸ ਦਾ ਤਿਆਗ ਅਤੇ ਆਤਮਿਕ ਉੱਚਤਾ ਲਈ ਮਨ ਉੱਤੇ ਕਾਬੂ ਇਨ੍ਹਾਂ ਦਾ ਮੁੱਖ ਉਪਦੇਸ਼ ਸੀ ।
ਨਾਥਾਂ ਜੋਗੀਆਂ ਤੋਂ ਬਿਨਾਂ ਲੋਕਾਂ ਉੱਤੇ ਦੂਜਾ ਉੱਘੜਵਾਂ ਪ੍ਰਭਾਵ ਮੁਸਲਮਾਨ ਸੂਫੀ ਫਕੀਰਾਂ ਦਾ ਸੀ ਜਿਨ੍ਹਾਂ ਨੇ ਇਸਲਾਮ ਦਾ ਪ੍ਰਚਾਰ ਕੀਤਾ । ਰਾਜ-ਸ਼ਕਤੀ ਦੇ ਜੁਲਮ ਦੇ ਡਰ ਤੋਂ ਬਿਨਾਂ ਵੀ ਬ੍ਰਾਹਮਣਵਾਦ ਤੋਂ ਤੰਗ ਆਏ ਲੋਕਾਂ ਨੂੰ ਇਸਲਾਮ ਵਿਚ ਆਸਰਾ ਲੱਭਾ । ਸੂਫੀ ਫਕੀਰਾਂ ਨੇ ਪੰਜਾਬ ਦੇ ਅੱਡ-ਅੱਡ ਥਾਵਾਂ ਤੇ ਆਪਣੇ ਕੇਂਦਰ ਬਣਾ ਕੇ ਆਪਣਾ ਦਾਰਸ਼ਨਿਕ, ਸਭਿਆਚਾਰ ਤੇ ਸਾਹਿੱਤਕ ਪ੍ਰਭਾਵ ਆਮ ਲੋਕਾਂ ਤੇ ਪਾਇਆ।
ਤੀਜਾ ਧਾਰਮਿਕ ਤੇ ਸਭਿਆਚਾਰਕ ਅੰਦੋਲਨ ਭਗਤੀ ਮਾਰਗ ਦਾ ਆਖਿਆ ਜਾ ਸਕਦਾ ਹੈ, ਜਿਨ੍ਹਾਂ ਦੇ ਆਗੂਆਂ ਨੇ ਭਾਰਤੀ ਤੇ ਇਸਲਾਮੀ ਫਲਸਫੇ ਦਾ ਨਚੋੜ ਕੱਢ ਕੇ ਸਮੇਂ ਦੀ ਮੰਗ ਤੇ ਲੋੜ ਅਨੁਸਾਰ ਉਸ ਨੂੰ ਢਾਲ ਕੇ ਦੇਸ਼ ਵਿਚ ਇਕ ਸਹਿਣਸ਼ੀਲਤਾ ਵਾਲਾ ਵਾਤਾਵਰਣ ਪੈਦਾ ਕੀਤਾ ਭਾਵੇਂ ਇਸ ਲਹਿਰ ਦਾ ਆਰੰਭ ਦੱਖਣ ਵਿਚ ਹੋਇਆ, ਪਰ ਇਸ ਦਾ ਸਿਖ਼ਰ ਗੁਰਮਤਿ ਧਾਰਾ ਦੇ ਰੂਪ ਵਿਚ ਪੰਜਾਬ ਵਿਚ ਪ੍ਰਗਟ ਹੋਇਆ ਆਖਿਆ ਜਾ ਸਕਦਾ ਹੈ।