ਅਧਿਆਇ ਤੀਜਾ
ਆਦਿ ਕਾਲ ਦੇ ਸਾਹਿੱਤ ਦੀਆਂ ਪ੍ਰਮੁੱਖ ਧਾਰਾਵਾਂ ਤੇ ਮੂਲ ਪਰਵਿਰਤੀਆਂ
ਆਦਿ ਕਾਲ ਵਿਚ ਰਚੇ ਤੇ ਸਾਡੇ ਤਕ ਪੁੱਜੇ ਸਾਹਿੱਤ ਸੰਬੰਧੀ ਸੰਖੇਪ ਚਰਚਾ ਪਿਛਲੇ ਅਧਿਆਇ ਵਿਚ ਕੀਤੀ ਜਾ ਚੁੱਕੀ ਹੈ । ਏਥੇ ਅਸੀਂ ਭਿੰਨ ਭਿੰਨ ਧਾਰਾਵਾਂ ਅਧੀਨ ਰਚੇ ਗਏ ਸਾਹਿੱਤ ਅਤੇ ਉੱਘੇ ਸਾਹਿੱਤਕਾਰਾਂ ਦੀ ਦੇਣ ਬਾਰੇ ਵਿਸਤਾਰ-ਪੂਰਵਕ ਵਿਚਾਰ ਕਰਨੀ ਹੈ ਅਤੇ ਉਨ੍ਹਾਂ ਪਰਵਿਰਤੀਆਂ ਜਾਂ ਰੁੱਚੀਆਂ ਦਾ ਵੀ ਪੂਰਨ- ਭਾਂਤ ਵਿਸ਼ਲੇਸ਼ਣ ਕਰਨਾ ਹੈ, ਜਿਨ੍ਹਾਂ ਅਧੀਨ ਇਸ ਸਾਹਿੱਤ ਦੀ ਸਿਰਜਣਾ ਹੋਈ।
(ੳ) ਨਾਥ ਜੋਗੀਆਂ ਦਾ ਸਾਹਿੱਤ
ਪੰਜਾਬੀ ਸਾਹਿੱਤ ਦੇ ਲਗਭਗ ਸਾਰੇ ਇਤਿਹਾਸਕਾਰ ਹੁਣ ਇਸ ਵਿਚਾਰ ਨਾਲ ਸਹਿਮਤ ਹਨ ਕਿ ਸਾਡੇ ਸਾਹਿੱਤ ਦਾ ਆਰੰਭ ਨਾਥ ਜੋਗੀਆਂ ਦੀਆਂ ਰਚਨਾਵਾਂ ਨਾਲ ਹੁੰਦਾ ਹੈ। ਇਹ ਜੋਗੀ ਅੱਠਵੀਂ ਸਦੀ ਤੋਂ ਗਿਆਰਵੀਂ ਸਦੀ ਤਕ ਸਾਰੇ ਉੱਤਰ-ਪੱਛਮੀ ਭਾਰਤ ਵਿਚ ਫੈਲੇ ਹੋਏ ਸਨ। ਜੋਗ ਮੱਤ ਦੇ ਆਰੰਭ ਬਾਰੇ ਵਿਦਵਾਨਾਂ ਵਿਚ ਕਾਫੀ ਮਤਭੇਦ ਹੈ। ਜੋਗ ਦਾ ਅਰਥ ਜੁੜਨਾ, ਅਰਥਾਤ ਮਨ ਦੀ ਸਾਧਨਾ ਦੁਆਰਾ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨਾ ਤੇ ਕਿਸੇ ਅੰਤਰੀਵ ਦੇ ਦਿੱਬ ਰਹੱਸ ਦੀ ਪ੍ਰਾਪਤੀ ਕਰਨਾ ਹੈ, ਜਿਸ ਵਿਚੋਂ 'ਅਨਹਦ ਨਾਦ' ਸੁਣਾਈ ਦਿੰਦਾ ਹੈ ਤੇ ਕਿਸੇ ਗੁੱਝੇ ਗਿਆਨ ਦੇ ਕੁਆੜ ਖੁੱਲ੍ਹ ਜਾਂਦੇ ਹਨ । ਜੋਗ ਮਤ ਨੇ ਸਮਾਜਿਕ ਖੇਤਰ ਵਿਚ ਵੀ ਕਾਫੀ ਸੁਧਾਰ ਲਿਆਂਦੇ ਅਤੇ ਮੇਲਿਆਂ, ਭੰਡਾਰੇ ਤੇ ਲੰਗਰ ਦਾ ਰਿਵਾਜ ਪਾਇਆ। ਆਮ ਲੋਕਾਂ ਨੂੰ ਵਿਸ਼ੇ ਵਿਕਾਰਾਂ ਤੋਂ ਦੂਰ ਕਰਨ ਦਾ ਯਤਨ ਕੀਤਾ ਅਤੇ ਰਾਜਿਆਂ ਵਿਚੋਂ ਵੀ ਅੱਯਾਸ਼ੀ ਦੂਰ ਕਰਕੇ ਉਨ੍ਹਾਂ ਨੂੰ ਆਪਣੇ ਸ਼ਿੱਸ਼ ਬਣਾਇਆ।
ਕੁਝ ਵਿਦਵਾਨ ਜੋਗੀਆਂ ਦੁਆਰਾ ਰਚੇ ਸਾਹਿੱਤ ਨੂੰ ਪੰਜਾਬੀ ਮੰਨਣ ਤੋਂ ਇਨਕਾਰੀ ਹਨ, ਕਿਉਂ ਜੋ ਹਿੰਦੀ ਸਾਹਿੱਤ ਵਾਲੇ ਵੀ ਆਪਣੇ ਸਾਹਿੱਤ ਦਾ ਆਰੰਭ ਇਨ੍ਹਾਂ ਜੋਗੀਆਂ ਦੀਆਂ ਰਚਨਾਵਾਂ ਤੋਂ ਮਿਥਦੇ ਹਨ, ਪਰ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਉਦਾਹਰਣਾਂ ਤੇ ਦਲੀਲਾਂ ਨਾਲ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਉੱਘੇ ਜੋਗੀਆਂ ਦੀ ਰਚਨਾ ਪੰਜਾਬੀ ਵਿਚ ਹੈ, ਜਾਂ ਉਸ ਉੱਤੇ ਪੰਜਾਬੀ ਦੀ ਪਾਣ ਚੜ੍ਹੀ ਹੋਈ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਵਿਚ ਉਹ ਲਿਖਦੇ ਹਨ ਕਿ ਇਨ੍ਹਾਂ ਜੋਗੀਆਂ ਦੀਆਂ ਬਹੁਤ ਸਾਰੀਆਂ ਥੇਹਾਂ, ਨਿਸ਼ਾਨੀਆਂ ਤੇ ਮੱਠ ਪੰਜਾਬ ਵਿਚ ਹਨ, ਜਿਵੇਂ ਗੋਰਖ ਨਾਥ ਦਾ ਜਨਮ, ਗੋਰਖਪੁਰ, ਤਹਿਸੀਲ ਗੁਜਰਖਾਨ ਜ਼ਿਲ੍ਹਾ ਰਾਵਲਪਿੰਡੀ ਵਿਚ ਹੋਇਆ। ਗੋਰਖ ਦਾ ਟਿੱਲਾ ਜਿਹਲਮ ਵਿਚ ਹੈ। ਪਿਸ਼ਾਵਰ ਵਿਚ 'ਗੋਰਖ ਹੱਟੜੀ ਅਤੇ ਸਿਆਲਕੋਟ ਵਿਚ 'ਪੂਰਨ ਦਾ ਖੂਹ' ਪ੍ਰਸਿੱਧ ਹਨ । ਰਤਨ ਨਾਥ ਜਿਹੜਾ ਗੋਰਖ ਦਾ ਚੇਲਾ ਸੀ. ਉਸ ਦੀ ਥਾਂ ਵੀ ਪਿਸ਼ਾਵਰ ਵਿਚ ਮਿਲਦੀ ਹੈ। ਚੌਰੰਗੀ ਨਾਥ ਦੀ ਧੂਣੀ ਅਬੋਹਰ ਵਿਚ ਹੈ ਤੇ ਚਰਪਟ ਨਾਥ ਨੂੰ ਚੰਬੇ ਰਿਆਸਤ ਦਾ ਰਾਜਗੁਰੂ ਮੰਨਿਆ ਜਾਂਦਾ ਹੈ। ਇਨ੍ਹਾਂ ਨਿਸ਼ਾਨੀਆਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਕਿਉਂ ਜੋ ਉਹ ਪੰਜਾਬ ਵਿਚ ਰਹੇ, ਵਿਚਰੇ ਜਾਂ ਅੱਡੇ ਕਾਇਮ ਕੀਤੇ ਅਤੇ ਪੰਜਾਬੀਆਂ ਵਿਚ ਆਪਣੇ ਮੱਤ ਦਾ ਪ੍ਰਚਾਰ ਕੀਤਾ, ਇਸ ਲਈ ਉਨ੍ਹਾਂ ਦੁਆਰਾ ਰਚਿਤ ਸਾਹਿੱਤ, ਉਸ ਵੇਲੇ ਦੀ ਸਾਹਿੱਤਿਕ ਬੋਲੀ ਜਾਂ ਲੋਕ-ਬੋਲੀ ਵਿਚ ਹੈ, ਜਿਸ ਉੱਤੇ ਸੰਤ ਭਾਖਾ ਦਾ ਅਸਰ ਜ਼ਰੂਰ ਹੈ। ਉਸ ਵੇਲੇ ਅਪਭ੍ਰੰਸ਼ ਤੇ ਅਜੋਕੀਆਂ ਬੋਲੀਆਂ ਦੇ ਫਰਕ ਜਾਂ ਵਖੇਵੇਂ ਏਨੇ ਘੱਟ ਸਨ ਕਿ ਇਨ੍ਹਾਂ ਨੂੰ ਹਿੰਦੀ ਤੇ ਪੰਜਾਬੀ ਵਾਲੇ ਦੋਵੇਂ ਆਪਣਾ ਮੂਲ ਸੋਮਾ ਮੰਨਦੇ ਹਨ। ਜੇ ਗਹੁ ਨਾਲ ਦੇਖੀਏ ਤਾਂ ਇਨ੍ਹਾਂ ਨਾਥ ਜੋਗੀਆਂ ਦੀ ਬੋਲੀ ਦਾ ਪਿੰਡਾ ਨਿਰੋਲ ਪੰਜਾਬੀ ਹੈ, ਭਾਵੇਂ ਉਸ ਉੱਤੇ ਸਾਧ-ਭਾਖਾ ਦੀ ਪਾਣ ਜ਼ਰੂਰ ਚੜ੍ਹੀ