(7) ਗੁਰੂ ਜੀ ਐਸਾ ਕਾਮ ਨਾ ਕੀਜੈ, ਜਾਂ ਤੇ ਅਸੀਂ ਮਹਾਂਰਸ ਛੀਜੈ।
ਗੋਡੇ ਭਏ ਡਗਮਗੇ, ਪੇਟ ਭਇਆ ਢਿਲ ਢਿਲਾ, ਕੇਸ ਬਗਲੇ ਕੇ ਪੰਖਾ।
(8) ਅਸੀਂ ਮਹਾਂਰਸ ਬਾਘਨਿ ਸੋਖਾ ਤਾਂ ਤੇ ਘੇਰ ਮਥਨ ਭਈ ਅੰਖਾ।
ਦਿਵਸ ਕਉ ਬਾਘਨਿ ਸੁਰਿ ਨਰ ਮੋਹੈ, ਰਾਤੀ ਸਾਇਰ ਸੋਖੈ।
ਮੂਰਖ ਲੋਕਾ ਅੰਧਲਾ ਪਸੂਆ, ਨਿਤ ਪ੍ਰਤਿ ਬਾਘਨਿ ਪੋਖੈ।
ਬਾਘਨਿ ਜਿੰਦ ਲੇਇ, ਬਾਘਨਿ ਬਿੰਦ ਲੇਇ, ਬਾਘਨਿ ਹਮਰੀ ਕਾਇਆ।
ਇਨਿ ਬਾਘਨਿ ਤ੍ਰੈਈ ਲੋਈ ਖਾਈ, ਬਦਤਿ ਗੋਰਖ ਰਾਇਆ।
(9) ਅਧਿਕ ਅਹਾਰ ਇੰਦਰੀ ਬਲੁ ਕਰੈ, ਛੁਟੈ ਗਿਆਨ ਮਥਨੁ ਚਿਤੁ ਧਰੇ।
ਬਿਆਪੈ ਨਿੰਦਰਾ, ਝਾਂਪੇ ਕਾਲ ਤਾਂ ਕੈ ਹਿਰਦੈ ਸਚਾ ਜੰਜਾਲ।
ਅੰਨ ਕੇ ਸੰਜਮੀ ਬਿੰਦ ਨਾ ਜਾਇ ਨਿੰਦਰਾ ਕੇ ਸੰਜਮੀ ਕਾਲ ਨਾ ਖਾਏ।
(10) ਪੜ੍ਹ ਗ੍ਰੰਥ ਜੋ ਗਿਆਨ ਬਖਾਨੇ, ਪਵਨ ਸਾਧ ਪਰਮਾਰਥ ਮਾਨੈ।
ਪਰਮ ਤੱਤ ਕਓ ਹੋਇ ਨ ਮਰਮੀ, ਕਹੈ ਗੋਰਖ ਸੋ ਮਹਾਂ ਅਧਰਮੀ।
(11) ਸੁਨ ਰੇ ਬਾਬਾ ਚੁਨੀਆਂ ਮੁਨੀਆਂ, ਉਲਟ ਭੇਦ ਸੋਂ ਉਲਟੀ ਦੁਨੀਆਂ।
ਸਤਿਗੁਰ ਕਹੈ ਸਹਜ ਕਾ ਸੰਧਾ, ਬਾਦ ਬਿਬਾਦ ਕਰੈ ਸੇ ਅੰਧਾ।
(12) ਚੰਦ ਨਹੀਂ ਸੂਰ ਦਿਵਸ ਨਹੀਂ ਰਜਨੀ।
ਓਂਕਾਰ ਨਹੀਂ ਨਿਰਾਕਾਰ, ਸੂਖਮ ਨਹੀਂ ਅਸਥੂਲ।
ਪਿੰਡ ਨਹੀਂ ਪ੍ਰਾਨ ਸਾਖਾ ਨਹੀਂ ਪੱਤਰ, ਵਾਕੇ ਕਲੀ ਨਾ ਮੂਲ।
ਡਾਲ ਨਹੀਂ ਫੁਲ ਜਾ ਕੇ ਬਿਰਛ ਨਾ ਬੇਲਾ।
ਸਿੱਖ ਨਾ ਸ਼ਾਖਾ ਜਾਂ ਕੇ ਗੁਰੂ ਨਹੀਂ ਚੇਲਾ।
(13) ਉਪਜੈ ਨਾ ਬਿਨਸੈ ਆਵੇ ਨਾ ਜਾਇ।
ਜਗ ਮਿਰਤ ਤਿਸ ਬਾਪ ਨਾ ਮਾਇ
ਭਵੰਤ ਗੋਰਖ ਹਮਰਾ ਤੋਂ ਸੇਓ
(14) ਬਿਨ ਪਰਚੈ ਜੋ ਵਸਤੁ ਬਿਚਾਰੈ, ਧਿਆਨ ਅਗਨ ਤਿਨ ਮਨ ਜਾਰੈ ।
ਗਿਆਨ ਮਗਨ ਬਿਨ ਰਹੇ ਅਬੋਲਾ, ਕਹੁ ਗੋਰਖ ਸੇ ਬਾਲਾ ਭੋਲਾ।
(15) ਕੋਮਲ ਪਿੰਡ ਕਹਾਵੇ ਚੇਲਾ, ਕਠਿਨ ਪਿੰਡ ਸੇ ਠਾਠਾ ਪੇਲਾ।
ਜੂਨਾ ਪਿੰਡ ਕਹਾਵੈ ਬੂੜ੍ਹਾ, ਕਹੈ ਗੋਰਖ ਇਹ ਤੀਨੋਂ ਮੂੜ੍ਹਾ।
ਉਪਰੋਕਤ ਉਦਾਹਰਣਾਂ ਕੇਵਲ ਨਮੂਨੇ ਮਾਤ੍ਰ ਹੀ ਹਨ, ਭਾਵੇਂ ਗੋਰਖ ਦੇ ਨਾਂ ਹੇਠ ਹੋਰ ਵੀ ਢੇਰ ਸਾਰੀ ਰਚਨਾ ਮਿਲਦੀ ਹੈ।
ਚਰਪਟ ਨਾਥ : ਗੋਰਖ ਦੇ ਚੇਲਿਆਂ ਵਿਚੋਂ ਚਰਪਟ ਨਾਥ ਸਭ ਤੋਂ ਪ੍ਰਸਿੱਧ ਹਨ । ਵਿਦਵਾਨਾਂ ਨੇ ਇਨ੍ਹਾਂ ਦਾ ਸਮਾਂ 890 ਈ. ਤੋਂ 990 ਈ ਮਿਥਿਆ ਹੈ। ਆਪ ਚੰਬਾ ਰਿਆਸਤ ਦੇ ਰਾਜਾ ਸਾਇਲ ਵਰਮਾ ਦੇ ਗੁਰੂ ਸਨ । ਰਿਆਸਤ ਦੇ ਸਿੱਕੇ ਉੱਤੇ ਮੁੰਦਰਾਂ ਦੇ ਨਿਸ਼ਾਨ ਮਿਲਦੇ ਹਨ, ਜਿਨ੍ਹਾਂ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ। ਚਰਪਟ ਦੀ ਰਚਨਾ ਦਾ ਦਾਰਸ਼ਨਿਕ ਪਿਛੋਕੜ ਤਾਂ ਗੋਰਖ ਵਾਲਾ ਹੀ ਸੀ, ਪਰ ਆਪਣੇ ਸਮਕਾਲੀ ਜੀਵਨ ਨੂੰ ਚਿੱਤਰਣ ਕਰਕੇ, ਅਲੰਕਾਰਾਂ, ਵਿਅੰਗ, ਟੋਕ ਤੇ ਹਾਸੇ ਕਰਕੇ ਕਾਵਿ ਸਿਰਜਣਾ ਦੀ ਬਹੁਰੂਪਤਾ ਕਰਕੇ ਅਤੇ ਇਸ ਦੀ ਪੰਜਾਬੀ ਲਹਿਜੇ ਤੇ ਉਚਾਰਣ ਕਰਕੇ ਪੰਜਾਬੀ ਸਾਹਿੱਤ ਵਿਚ ਉਸ ਦਾ ਵਿਸ਼ੇਸ਼ ਸਥਾਨ ਹੈ। ਉਸ ਦੀ ਰਚਨਾ ਦਾ ਨਮੂਨਾ ਇਸ ਪ੍ਰਕਾਰ ਹੈ:
(1) ਭੇਖਿ ਕਾ ਜੋਗੀ, ਮੈਂ ਨਾ ਕਹਾਉਂ, ਆਤਮਾ ਕਾ ਜੋਗੀ ਚਰਪਟ ਨਾਉਂ।