(2) ਦਿਹੈਂ ਭਿਖਿਆ, ਰਾਤੀਂ ਰਸ ਭੋਗ,
ਚਰਪਟ ਕਹੈ ਗਵਾਇਆ ਜੋਗ ।
(3) ਸਿੱਖ ਕੀ ਘਰਿਨੀ ਲਾਗੈ ਪਾਇ
ਉਸ ਕਾ ਰੂਪ ਦੇਖ, ਉਸ ਕਾ ਕਾਮ ਢਲ ਜਾਇ।
ਸਿਖਿ ਕੇ ਪੁਤ੍ਰਿ ਕਾ ਮੁਖ ਲੈ ਚਚੋਲੇ
ਜੈਸੇ ਕੁੱਤਾ ਹਾਂਡਿ ਕੋ ਬਰੋਲੇ।
(4) ਖਾਣ ਕੇ ਅਜਾਣਿ ਹੋਇ, ਬਾਤ ਤੂੰ ਲੈ ਪਛਾਣਿ
ਚੇਲੇ ਹੋਇਆਂ ਲਾਭ ਹੋਇਆ, ਗੁਰੂ ਹੋਇਆ ਹਾਣ।
ਡਾ. ਮੋਹਨ ਸਿੰਘ ਚਰਪਟ ਦਾ ਹਵਾਲਾ ਦਿੰਦੇ ਹੋਏ ਆਖਦੇ ਹਨ ਕਿ ਉਹ "ਪਹਿਲਾ ਮੱਧਕਾਲੀਨ ਦੰਭ ਬਿਦਾਰੂ ਹੋਇਆ ਹੈ। ਉਸ ਨੇ ਨਿਧੜਕ ਤੇ ਨਿਝੱਕ ਹੋ ਕੇ, ਗਿਰਹੀ ਤੇ ਉਦਾਸੀ, ਜੋਗੀ ਤੇ ਸੰਨਿਆਸੀ ਦੀ ਮਾਨਸਿਕ ਦਸ਼ਾ ਨੂੰ ਨੰਗਾ ਕੀਤਾ ਤੇ ਚੋਭ ਲਾਈ।"
ਚਰਪਟ ਇਸ ਸੰਸਾਰ ਨੂੰ 'ਕਾਟਿਉਂ ਕੀ ਬਾੜੀ' ਆਖਦਾ ਹੈ ਤੇ ਏਥੇ ਸੁਖੀ ਜੀਵਨ ਜੀਉਣ ਲਈ ਉਸ ਦੀ ਸਿੱਖਿਆ ਸੀ :
ਸੁਨ ਸਿਖਵੰਤਾ, ਸੁਨ ਪਤਵੰਤਾ
ਇਸ ਜੱਗ ਮੈਂ ਕੈਸੇ ਰਹਿਨਾ।
ਅੱਖੀਂ ਦੇਖਣਾ, ਕੰਨੀ ਸੁਨਣਾ,
ਮੁਖ ਸੇ ਕਛੁ ਨ ਕਹਿਨਾ ।
ਬਕਤੇ ਆਗੇ ਸ੍ਰੋਤਾ ਹੋਇਬਾ,
ਰਹੁ ਧੋਂਸ ਆਗੈ, ਮਸਕੀਨਾ।
ਗੁਰੂ ਆਗੈ ਚੇਲਾ ਹੋਇਬਾ,
ਇਹੋ ਬਾਤ ਪਰਬੀਨਾ।
ਚੋਰੰਗੀ ਨਾਥ : ਚੋਰੰਗੀ ਨਾਥ ਵੀ ਮਛੰਦਰ ਨਾਥ ਦਾ ਚੇਲਾ ਤੇ ਗੋਰਖ ਨਾਥ ਦਾ ਗੁਰ-ਭਾਈ ਸੀ । ਇਹ ਸਿਆਲਕੋਟ ਦੇ ਰਾਜਾ ਸਾਲਵਾਹਨ ਦਾ ਪੁੱਤਰ ਸੀ, ਜਿਸ ਨੂੰ ਪੂਰਨ ਭਗਤ ਵੀ ਕਹਿੰਦੇ ਹਨ। ਪ੍ਰਸਿੱਧ ਹਿੰਦੀ ਵਿਦਵਾਨ ਪੰਡਤ ਅਯੋਧਿਆ ਸਿੰਘ ਉਪਾਧਿਆਇ ਆਪ ਨੂੰ ਪੂਰਨ ਭਗਤ ਦਾ ਵੱਡਾ ਭਰਾ ਮੰਨਦੇ ਹਨ। ਚੋਰੰਗੀ ਨਾਥ ਬਾਰੇ ਡਾਕਟਰ ਮੋਹਨ ਸਿੰਘ ਕਿਸੇ ਪੁਰਾਣੇ ਗ੍ਰੰਥ ਦਾ ਹਵਾਲਾ ਦੇ ਕੇ ਆਖਦੇ ਹਨ ਕਿ ਇਸ ਗ੍ਰੰਥ ਵਿਚ ਦਰਜ ਕਵਿਤਾ ਵਿਚ ਚੋਰੰਗੀ ਨਾਥ ਆਪਣੀ ਆਤਮ-ਕਥਾ ਦਾ ਬਿਆਨ ਕਰਦਾ ਹੋਇਆ ਲਿਖਦਾ ਹੈ "ਮੈਂ ਸਾਲਵਾਹਨ ਦਾ ਪੁੱਤਰ ਹਾਂ ਅਤੇ ਮੈਨੂੰ ਪਿਉ ਨੇ ਅੰਨ੍ਹੇ ਖੂਹ ਵਿਚ ਸਿਟਵਾ ਦਿੱਤਾ, ਜਿੱਥੋਂ ਮੈਨੂੰ ਮਛੰਦਰ ਨਾਥ ਨੇ ਕਢਵਾਇਆ।" ਚੋਰੰਗੀ ਨਾਥ ਦੀ ਰਚਨਾ ਵਿਚ "ਪ੍ਰਾਣ ਸੰਗਲੀ" ਤੇ ਕੁਝ ਹੋਰ ਸ਼ਬਦ-ਸਲੋਕ ਸ਼ਾਮਲ ਹਨ । ਰਚਨਾ ਦਾ ਨਮੂਨਾ ਇਸ ਪ੍ਰਕਾਰ ਹੈ :
ਮਾਲੀ, ਲੋ ਮਲਮਾਲੀ ਲੋ
ਸੀਚੈ ਸਹਜ ਕਿਆਰੀ
ਉਨਮਨਿ ਕਲਾ ਏਕ ਪਹੂਪਨਿ
ਪਹਿਲੇ ਆਵਗਵਨ ਨਿਵਾਰੀ ।
ਇਨ੍ਹਾਂ ਤੋਂ ਬਿਨਾਂ ਰਤਨ ਨਾਥ, ਭਰਥਰੀ ਨਾਥ ਤੇ ਗੋਪੀ ਨਾਥ ਆਦਿ ਕਈ ਹੋਰ ਨਾਥਾਂ ਦਾ ਜ਼ਿਕਰ ਵੀ
--------------------
1. ਪੰਜਾਬੀ ਅਦਬ ਦੀ ਮੁਖਤਸਰ ਤਵਾਰੀਖ ਪੰਨਾ 17