ਆਉਂਦਾ ਹੈ, ਜਿਨ੍ਹਾਂ ਦੀ ਰਚਨਾ ਦਾ ਵਿਸ਼ਾ ਤੇ ਉਦੇਸ਼ ਲਗਭਗ ਸਾਮਾਨ ਹੈ । ਇਨ੍ਹਾਂ ਨਾਥ ਜੋਗੀਆਂ ਨੂੰ ਅਸੀਂ ਪੰਜਾਬੀ ਸਾਹਿੱਤ ਦੇ ਮੋਢੀ ਇਸ ਕਰਕੇ ਆਖਿਆ ਹੈ ਕਿ ਇਨ੍ਹਾਂ ਨੇ ਪੰਜਾਬੀ ਨੂੰ ਅਪਭ੍ਰੰਸ ਤੋਂ ਲੋਕ ਭਾਸ਼ਾ ਦੀ ਪੱਧਰ ਤੱਕ ਲਿਆਂਦਾ। ਇਸ ਵਿਚ ਅਣਗਿਣਤ ਸਾਹਿਤ ਰਚਿਆ, ਲੋਕ ਛੰਦਾਂ ਤੇ ਕਾਵਿ-ਰੂਪਾਂ ਦੀ ਵਰਤੋਂ ਕੀਤੀ, ਕਵਿਤਾ ਤੇ ਰਾਗ ਨੂੰ ਜੋੜਿਆ ਤੇ ਗੁਰਮੁਖੀ ਦੀ ਮੂਲ ਲਿੱਪੀ, ਸਿੱਧ-ਮਾਤ੍ਰਿਕਾ ਦੀ ਵਰਤੋਂ ਕੀਤੀ।
(ਅ) ਬਾਬਾ ਫਰੀਦ ਸ਼ਕਰ-ਗੰਜ
(1173 ਈ. ਤੋਂ 1266 ਈ.)
ਬਾਬਾ ਫਰੀਦ ਸ਼ਕਰ-ਗੰਜ ਨੂੰ ਪੰਜਾਬੀ ਸਾਹਿੱਤ ਦਾ ਪਿਤਾਮਾ ਆਖਿਆ ਗਿਆ ਹੈ । ਭਾਵੇਂ ਬਾਬਾ ਫਰੀਦ ਤੋਂ ਪਹਿਲਾਂ ਵੀ ਪੰਜਾਬੀ ਵਿਚ ਸਾਹਿੱਤ ਦੀ ਰਚਨਾ ਹੋਣ ਲਗ ਪਈ ਸੀ ਅਤੇ ਸਾਡੇ ਪਾਸ ਰਚੇ ਗਏ ਸਾਹਿੱਤ ਦੇ ਉੱਤਮ ਨਮੂਨੇ ਵੀ ਮੌਜੂਦ ਹਨ, ਪਰ ਬਾਬਾ ਫਰੀਦ ਨੂੰ ਪੰਜਾਬੀ ਸਾਹਿੱਤ ਦਾ ਮੀਲ-ਪੱਥਰ ਇਸ ਲਈ ਆਖਿਆ ਜਾਂਦਾ ਹੈ ਕਿ ਇਕ ਤਾਂ ਇਨ੍ਹਾਂ ਦੇ ਜਨਮ-ਮਰਨ ਦੀਆਂ ਪੱਕੀਆਂ ਤਾਰੀਖਾਂ ਸਾਡੇ ਪਾਸ ਹਨ ਅਤੇ ਦੂਜਾ ਇਨ੍ਹਾਂ ਦੁਆਰਾ ਰਚਿਆ ਗਿਆ ਸਾਹਿੱਤ, ਆਦਿ ਗ੍ਰੰਥ ਵਿਚ ਸੰਕਲਿਤ ਹੋ ਕੇ ਆਪਣੇ ਵੱਧ ਤੋਂ ਵੱਧ ਅਸਲੀ ਰੂਪ ਵਿਚ ਸਾਡੇ ਤੱਕ ਪੁੱਜਾ ਹੈ। ਤੀਜੀ ਗੱਲ ਇਹ ਹੈ ਕਿ ਬਾਬਾ ਫਰੀਦ ਦੀ ਰਚਨਾ ਸ਼ੁੱਧ ਤੇ ਠੁਕਦਾਰ ਪੰਜਾਬੀ ਵਿਚ ਲਿਖੀ ਗਈ, ਜਿਹੜੀ ਲਹਿੰਦੀ ਜਾਂ ਮੁਲਤਾਨੀ ਮੁਹਾਵਰੇ ਦੀ ਹੈ ਅਤੇ ਜਿਹੜੀ ਬਹੁਤ ਸਮੇਂ ਤੱਕ ਪੰਜਾਬੀ ਦੇ ਵਿਦਵਾਨਾਂ ਦਾ ਸਾਹਿੱਤਿਕ ਮਾਧਿਅਮ ਬਣੀ ਰਹੀ। ਨਾਥਾਂ ਜੋਗੀਆਂ ਦੀ ਰਚਨਾ ਉਸ ਵੇਲੇ ਦੀ ਲੋਕ ਬੋਲੀ ਪੰਜਾਬੀ ਵਿਚ ਤਾਂ ਸੀ, ਪਰ ਉਸ ਉੱਤੇ ਸਾਧ ਭਾਖਾ ਦਾ ਰੰਗ ਭਾਰੂ ਹੈ। ਇਸ ਦੇ ਟਾਕਰੇ ਤੇ ਬਾਬਾ ਫਰੀਦ ਨਿਰੋਲ ਪੰਜਾਬੀ ਦਾ ਲੇਖਕ ਸੀ।
ਬਾਬਾ ਫਰੀਦ ਦੇ ਨਾਂ ਥੱਲੇ ਗੁਰੂ ਗ੍ਰੰਥ ਸਾਹਿਬ ਵਿਚ 132 ਸ਼ਲੋਕ ਅਤੇ ਰਾਗ ਆਸਾ ਤੇ ਸੂਹੀ ਵਿਚ ਦੋ- ਦੋ ਸ਼ਬਦ ਦਰਜ ਹਨ । ਬਾਬਾ ਫਰੀਦ ਦੇ ਕੇਵਲ 112 ਸਲੋਕ ਹੀ ਹਨ, ਬਾਕੀ 20 ਸ਼ਲੋਕ ਪਹਿਲੇ, ਤੀਜੇ ਤੇ ਪੰਜਵੇਂ ਗੁਰੂ ਦੇ ਟਿੱਪਣੀ ਵਜੋਂ ਦਿੱਤੇ ਗਏ ਹਨ । ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਕੁਝ ਰਚਨਾ ਬਾਬਾ ਫਰੀਦ ਦੇ ਨਾਂ ਹੇਠ ਪ੍ਰਚਲਿਤ ਹੈ, ਪਰ ਉਸ ਦੇ ਫਰੀਦ ਰਚਿਤ ਹੋਣ ਬਾਰੇ ਵਿਦਵਾਨਾਂ ਵਿਚ ਮਦਭੇਦ ਹੈ।
ਬਾਬਾ ਫਰੀਦ ਦਾ ਜਨਮ 1173 ਈ. ਵਿਚ ਰਮਜ਼ਾਨ ਮਹੀਨੇ ਦੀ ਪਹਿਲੀ ਤਾਰੀਖ ਨੂੰ ਪਿੰਡ ਖੋਤਵਾਲ (ਹੁਣ ਪਿੰਡ ਚਉਲੀ ਮੁਸ਼ੈਖਾ) ਜ਼ਿਲ੍ਹਾ ਮੁਲਤਾਨ ਵਿਚ ਜਮਾਲੁਦੀਨ ਸੁਲੇਮਾਨ ਦੇ ਘਰ ਹੋਇਆ। ਆਪ ਦੀ ਰੁੱਚੀ ਧਰਮ ਵੱਲ ਸੀ, ਜਿਸ ਨੂੰ ਢਾਲਣ ਵਿਚ ਆਪ ਦੀ ਮਾਤਾ ਬੀਬੀ ਮਰੀਅਮ ਦਾ ਬਹੁਤ ਵੱਡਾ ਹੱਥ ਸੀ। ਆਪ ਨੇ ਗ਼ਜ਼ਨੀ ਤੇ ਕਾਬਲ ਵਿਚ ਇਸਲਾਮੀ ਵਿਦਿਆ ਪੜ੍ਹੀ ਅਤੇ ਦਿੱਲੀ ਦੇ ਖ੍ਵਾਜਾ ਬਖਤਿਆਰ ਕਾਕੀ ਦੇ ਮੁਰੀਦ ਬਣੇ । ਪਾਕ-ਪਟਨ ਵਿਚ ਆਪ ਦੀ ਗੱਦੀ ਅੱਜ ਤਕ ਕਾਇਮ ਹੈ।
ਬਾਬਾ ਫਰੀਦ ਦੇ ਨਾਂ ਨਾਲ ਬਹੁਤ ਸਾਰੀਆਂ ਕਰਾਮਾਤਾਂ ਜੁੜੀਆਂ ਹੋਈਆਂ ਹਨ, ਜਿਹੜੀਆਂ ਉਨ੍ਹਾਂ ਦੇ ਸ਼ਰਧਾਲੂਆਂ ਜਾਂ ਚੇਲਿਆਂ ਨੇ ਜੋੜ ਲਈਆਂ। ਇਨ੍ਹਾਂ ਵਿਚੋਂ ਬਹੁਤੀਆਂ ਦਾ ਸੰਬੰਧ ਸ਼ੱਕਰ ਨਾਲ ਹੈ, ਪਰ ਅੱਜ ਸਾਰੇ ਵਿਦਵਾਨ ਇਸ ਗੱਲ ਤੇ ਸਹਿਮਤ ਹਨ ਕਿ ਆਪਣੇ ਬਚਨਾਂ ਦੀ ਮਿਠਾਸ ਕਰਕੇ ਆਪ ਦਾ ਨਾਂ 'ਸ਼ਕਰ-ਗੰਜ' ਪੈ ਗਿਆ। ਆਪ ਨੇ ਫਿਰ ਤੁਰ ਕੇ ਇਸਲਾਮ ਦਾ ਪ੍ਰਚਾਰ ਕੀਤਾ ਤੇ ਲੱਖਾਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ। 'ਸੀਅਰੁਲ ਔਲੀਆ ਪੁਸਤਕ ਦਾ ਕਰਤਾ ਹਜ਼ਰਤ ਕਿਰਮਾਨੀ ਆਪ ਨੂੰ "ਪੀਰਾਂ ਦਾ ਪੀਰ" (ਸ਼ੈਖੁਲ ਮੁਸ਼ਾਇਖ) ਆਖਦਾ ਹੈ।
ਕਾਫੀ ਸਮੇਂ ਤਕ ਵਿਦਵਾਨਾਂ ਵਿਚ ਇਹ ਵਾਦ-ਵਿਵਾਦ ਚਲਦਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਫਰੀਦ ਦੀ ਰਚਨਾ ਬਾਬਾ ਫਰੀਦ ਸ਼ਕਰ-ਗੰਜ ਦੀ ਨਹੀਂ ਸਗੋਂ 'ਸੇਖ ਬ੍ਰਹਮ ਦੀ ਹੈ, ਜਿਹੜੇ ਫਰੀਦ ਦੀ ਗੱਦੀ ਦੇ ਬਾਰ੍ਹਵੇਂ ਪੀਰ ਸਨ । ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਨਾਲ ਹੋਈ ਆਪਣੀ ਮੁਲਾਕਾਤ ਸਮੇਂ ਇਹ ਸ਼ਲੋਕ ਉਨ੍ਹਾਂ ਦੇ ਭੇਟ ਕੀਤੇ, ਜਿਹੜੇ ਗੁਰੂ ਜੀ ਨੇ ਆਪਣੀ ਥਾਣੀ ਨਾਲ ਸਾਂਭ ਰੱਖੇ। ਪਿੱਛੋਂ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਦੇਵ ਜੀ ਨੇ ਉਹੋ ਰਚਨਾ ਸ਼ਾਮਲ ਕਰ ਲਈ । ਭਾਵੇਂ ਖੋਜ ਤੇ ਦਲੀਲਾਂ ਦੇ