ਆਧਾਰ ਤੇ ਅੱਜ ਇਹ ਪੱਕੀ ਤਰ੍ਹਾਂ ਸਿੱਧ ਹੋ ਚੁੱਕਾ ਹੈ ਕਿ ਇਹ ਰਚਨਾ ਬਾਬਾ ਫਰੀਦ ਸ਼ਕਰ-ਗੰਜ ਦੀ ਹੈ, ਪਰ ਹੇਠਾਂ ਅਸੀਂ ਸੰਖੇਪ ਵਿਚ ਉਨ੍ਹਾਂ ਕਾਰਣਾਂ ਦਾ, ਜਿਨ੍ਹਾਂ ਅਧੀਨ ਇਹ ਭੁਲੇਖਾ ਪਿਆ ਤੇ ਉਹ ਦਲੀਲਾਂ, ਜਿਨ੍ਹਾਂ ਦੇ ਆਧਾਰ ਤੇ ਇਸ ਦੇ ਫਰੀਦ ਸ਼ਕਰ-ਗੰਜ ਰਚਿਤ ਹੋਣ ਬਾਰੇ ਨਿਸਚਾ ਹੋਇਆ ਦਰਜ ਕਰਨਾ ਜ਼ਰੂਰੀ ਸਮਝਦੇ ਹਾਂ :
(ੳ) ਸਭ ਤੋਂ ਪਹਿਲਾਂ ਇਸ ਭੁਲੇਖੇ ਦਾ ਮੁੱਢ ਮੈਕਾਲਫ ਤੋਂ ਬੱਝਿਆ ਪ੍ਰਤੀਤ ਹੁੰਦਾ ਹੈ, ਜਿਸ ਨੇ ਆਪਣੀ ਪੁਸਤਕ 'ਸਿੱਖ ਰਿਲੀਜਨ' ਵਿਚ ਇਨ੍ਹਾਂ ਸਲੋਕਾਂ ਨੂੰ ਸ਼ੇਖ ਬ੍ਰਹਮ ਕ੍ਰਿਤ ਦੱਸ ਕੇ ਆਖਿਆ ਕਿ ਸੇਖ ਬ੍ਰਹਮ ਨੇ ਰਚਨਾ ਕਰਨ ਸਮੇਂ ਆਪਣੀ ਗੱਦੀ ਦੇ ਮੋਢੀ ਬਾਬਾ ਫਰੀਦ ਦਾ ਨਾਂ ਵਰਤਿਆ, ਜਿਵੇਂ ਸਿੱਖ ਸਾਹਿਬਾਨ ਨੇ "ਨਾਨਕ ਨਾਮ ਦੀ ਵਰਤੋਂ ਕੀਤੀ ਹੈ।
(ਅ) ਡਾਕਟਰ ਲਾਜਵੰਤੀ ਰਾਮਾਕ੍ਰਿਸ਼ਨਾ ਨੇ ਫਰੀਦ ਦੇ ਸ਼ਲੋਕਾਂ ਵਿਚ ਆਈ ਇਸ ਤੁਕ - "ਜਿਤੁ ਆਸਣੁ ਹਮ ਬੈਠੇ, ਕੇਤੇ ਬੈਸਿ ਗਇਆ ਦਾ ਗ਼ਲਤ ਅਰਥ ਦੇ ਕੇ ਇਹ ਸਿੱਧ ਕੀਤਾ ਕਿ 'ਸੇਖ ਬ੍ਰਹਮ' ਆਖਦੇ ਹਨ- ਜਿਸ ਗੱਦੀ ਤੇ ਮੈਂ ਬੈਠਾ ਹਾਂ, ਮੈਥੋਂ ਪਹਿਲਾਂ ਕਈ ਫਰੀਦ ਬੈਠ ਚੁੱਕੇ ਹਨ।" ਇਸ ਲਈ ਇਹ ਰਚਨਾ ਸ਼ੇਖ ਫਰੀਦ ਦੀ ਨਹੀਂ, ਬਲਕਿ ਸ਼ੇਖ ਬ੍ਰਹਮ ਦੀ ਹੈ।
(ੲ) ਤੀਜਾ ਭੁਲੇਖਾ ਡਾਕਟਰ ਗੋਪਾਲ ਸਿੰਘ ਵਰਗੇ ਵਿਦਵਾਨਾਂ ਨੇ ਪਾਇਆ, ਜਿਹੜੇ ਆਖਦੇ ਸਨ ਕਿ ਗੁਰੂ ਨਾਨਕ ਸਾਹਿਬ ਤੋਂ ਤਿੰਨ ਸੌ ਸਾਲ ਪਹਿਲਾਂ ਪੰਜਾਬੀ ਦਾ ਸਾਹਿੱਤਕ ਰੂਪ ਏਨਾ ਵਿਗਸਤ ਤੇ ਬੋਲੀ ਦੀ ਠੇਠਤਾ ਤੇ ਪਕਿਆਈ ਏਨੇ ਨਹੀਂ ਹੋ ਸਕਦੇ, ਜਿੰਨੇ ਕਿ ਫਰੀਦ ਦੀ ਰਚਨਾ ਵਿਚੋਂ ਦਿਖਾਈ ਦਿੰਦੇ ਹਨ ਜਾਂ ਸ਼ੇਖ ਫਰੀਦ ਦੇ ਵੱਡੇ ਵਡੇਰੇ ਕੇਵਲ ਇਕੋ ਪੁਸ਼ਤ ਪਹਿਲਾਂ ਭਾਰਤ ਵਿਚ ਆਏ ਸਨ, ਇਸ ਲਈ ਉਨ੍ਹਾਂ ਪਾਸੋਂ ਏਨੀ ਠੇਠ ਭਾਸ਼ਾ ਦੀ ਆਸ ਨਹੀਂ ਰੱਖੀ ਜਾ ਸਕਦੀ।
(ਸ) ਬਾਵਾ ਬੁੱਧ ਸਿੰਘ ਦਾ ਮੱਤ ਹੈ ਕਿ ਇਹ ਰਚਨਾ ਦੋਹਾਂ ਫਰੀਦਾਂ ਦੀ ਹੋ ਸਕਦੀ ਹੈ ਤੇ ਸ਼ੇਖ ਬ੍ਰਹਮ ਨੇ ਬਾਬਾ ਫਰੀਦ ਦੇ ਸਲੋਕਾਂ ਦੇ ਨਾਲ ਹੀ ਆਪਣੀ ਰਚਨਾ ਸ਼ਾਮਿਲ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤੀ ।
(ਹ) ਇਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਫਰੀਦ ਦੀ ਰਚਨਾ ਦਾ ਰੰਗ ਏਨਾ ਇਸਲਾਮੀ ਨਹੀਂ, ਜਿੰਨਾ ਕਿ ਫਰੀਦ ਵਰਗ, ਇਸਲਾਮ ਦੇ ਪਰਚਾਰਕ ਤੇ ਪਹਿਲੀ ਪੀੜ੍ਹੀ ਦੇ ਸੂਫ਼ੀ ਫਕੀਰ ਦਾ ਹੋਣਾ ਚਾਹੀਦਾ ਹੈ। ਫਰੀਦ ਦੀ ਭਾਵ-ਧਾਰਾ ਵਿਚ ਬੁੱਧ ਮੱਤ ਜਾਂ ਉਪਨਿਸ਼ਦਾਂ ਵਾਲਾ ਰੰਗ ਪ੍ਰਧਾਨ ਹੈ । ਇਸ ਦਾ ਉੱਤਰ ਸਾਫ ਹੈ ਕਿ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਗੁਰੂ ਜੀ ਨੇ ਕੇਵਲ ਉਹੀ ਰਚਨਾ ਚੁਣੀ ਹੋਵੇਗੀ, ਜਿਸ ਵਿਚ ਇਸਲਾਮੀ ਹਵਾਲੇ ਬਹੁਤ ਨਾ ਹੋਣ, ਕਿਉਂਜੋ ਆਦਿ ਗ੍ਰੰਥ ਤੋਂ ਬਿਨਾਂ ਵੀ ਫਰੀਦ ਦੇ ਨਾਂ ਹੇਠ ਬਹੁਤ ਸਾਰੀ ਰਚਨਾ ਪ੍ਰਚਲਿਤ ਹੈ।
ਆਦਿ ਗ੍ਰੰਥ ਵਿਚ ਦਰਜ ਬਾਣੀ ਦੇ ਬਾਬਾ ਫਰੀਦ ਰਚਿਤ ਹੋਣ ਬਾਰੇ ਹੇਠ ਲਿਖੀਆਂ ਅਕੱਟ ਦਲੀਲਾਂ ਨੇ ਹੁਣ ਇਸ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ :
(1) ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਵੱਖ-ਵੱਖ ਗੁਰੂਆਂ ਤੇ ਭਗਤਾਂ ਦੀ ਬਾਣੀ ਨੂੰ ਨਿਖੇੜਨ ਲਈ ਵਿਸ਼ੇਸ਼ ਸੰਕੇਤ ਦਿੱਤੇ ਹਨ ਅਤੇ ਹਰ ਬਾਣੀ ਦੇ ਨਾਲ ਸ਼ਬਦ "ਸੁਧ ਕੀਚੈ" ਵਰਤੇ ਹਨ । ਜੇ ਉਨ੍ਹਾਂ ਨੂੰ ਬਾਬਾ ਫਰੀਦ ਤੇ ਸ਼ੇਖ ਬ੍ਰਹਮ ਦੀ ਰਚਨਾ ਬਾਰੇ ਕੋਈ ਭੁਲੇਖਾ ਹੁੰਦਾ ਤਾਂ ਇਸ ਸੰਬੰਧੀ ਵੀ ਜ਼ਰੂਰ ਕੋਈ ਸੰਕੇਤ ਦੇ ਦਿੱਤਾ ਜਾਂਦਾ ।
(2) ਹਜ਼ਰਤ ਕਿਰਮਾਨੀ ਨੇ ਇਕ ਪੁਸਤਕ "ਸੀਅਰੁਲ ਔਲੀਆ' ਸ਼ੇਖ ਬ੍ਰਹਮ (1510 ਤੋਂ 1552 ਈ.) ਤੋਂ ਲਗਭਗ ਦੋ ਸੋ ਸਾਲ ਪਹਿਲਾਂ ਲਿਖੀ, ਜਿਸ ਵਿਚ ਕੁਝ ਉਹ ਸਲੋਕ ਦਰਜ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹਨ। ਇਹ ਸ਼ੇਖ ਬ੍ਰਹਮ ਦੇ ਕਿਵੇਂ ਹੋ ਗਏ ?
(3) ਉਸੇ ਪੁਸਤਕ ਵਿਚ ਲਿਖਿਆ ਹੈ - "ਦਰ ਜੁਬਾਨਿ ਮੁਲਤਾਨੀ ਅਸ਼ਿਆਰ ਸ਼ੀਰੀਂ ਵਾਰਵਾਂ ਅਸਤ ।" (ਮੁਲਤਾਨੀ ਜੁਬਾਨ ਵਿਚ ਮਿੱਠੇ ਤੇ ਰਵਾਂ ਸ਼ੇਅਰ) ਇਹ ਬਾਬਾ ਫਰੀਦ ਸ਼ਕਰ-ਗੰਜ ਬਾਰੇ ਹੀ ਹੋ ਸਕਦੇ ਹਨ, ਜਿਹੜੇ ਆਪਣੇ ਬਚਨਾਂ ਦੀ ਮਿਠਾਸ ਕਰਕੇ ਪ੍ਰਸਿੱਧ ਹਨ।