(12) ਫਰੀਦਾ ਤਨ ਸੁਕਾ ਪਿੰਜਰ ਥੀਆ, ਤਲੀਆਂ ਚੂੰਡਹਿ ਕਾਗ।
ਅਜੈ ਸੁ ਰੱਬ ਨਾ ਬਹੁੜਿਆ, ਦੇਖ ਬੰਦੇ ਦੇ ਭਾਗ।
(13) ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ।
ਕੇਲ ਕਰੇਂਦੇ ਹੰਝ ਨੋ, ਅਚਿੰਤੇ ਬਾਜ ਪਏ।
ਬਾਜ ਪਏ ਤਿਸੁ ਰੱਬ ਦੈ, ਕੇਲਾਂ ਵਿਸਰੀਆ
ਜੋ ਮਨਿ ਚਿਤ ਨ ਚੇਤਿਹਨਿ, ਸੇ ਗੱਲੀਂ ਰੱਬ ਕੀਆ।
(14) ਫਰੀਦਾ ਜੋ ਤੈ ਮਾਰਨਿ ਮੁੱਕੀਆਂ, ਤਿਨਾ ਨਾ ਮਾਰੈ ਘੁੰਮਿ।
ਆਪਨੜੇ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ।
(15) ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹੰਢਾਇ।
ਦੇਹੀ ਰੋਗੁ ਨ ਲਗਈ, ਪੱਲੈ ਸਭ ਕਿਛੁ ਪਾਇ।
(16) ਇਕੁ ਫਿੱਕਾ ਨਾ ਗਲਾਇ ਸਭਨਾ ਮੈਂ ਸੱਚਾ ਧਣੀ।
ਹਿਆਓ ਨ ਕੈਹੀ ਠਾਹਿ, ਮਾਣਕ ਸੱਭ ਅਮੋਲਵੇ।
ਬਾਬਾ ਫਰੀਦ ਦੀ ਅਧਿਆਤਮਿਕ ਵਿਚਾਰਧਾਰਾ ਬਾਰੇ ਡਾ. ਦੀਵਾਨ ਸਿੰਘ ਲਿਖਦੇ ਹਨ, "ਸਿਖਰਾਂ ਤੇ ਪੁੱਜਾ ਹੋਇਆ ਅਧਿਆਤਮਿਕ ਤੇ ਰਹੱਸਵਾਦੀ ਅਨੁਭਵ, ਯਥਾਰਥ ਨਾਲ ਇਸ ਤਰ੍ਹਾਂ ਰਲਿਆ ਮਿਲਿਆ ਹੈ, ਜਿਵੇਂ ਸੰਸਾਰ ਦੀਆਂ ਠੋਸ ਵਸਤਾਂ ਵਿਚ ਪੌਣ ਸੰਮਿਲਤ ਰਹਿੰਦੀ ਹੈ। ਭਗਤੀ ਰਸ ਨੇ ਇਸ ਕਵਿਤਾ ਵਿਚ ਸ਼ਾਂਤ ਰਸ ਦਾ ਅੰਮ੍ਰਿਤ ਘੋਲ ਦਿੱਤਾ ਹੈ । ਇਕ ਡੂੰਘਾ ਤੇ ਮਿੱਠਾ ਦਰਦ ਇਸ ਕਵਿਤਾ ਦੀ ਰੂਹ ਵਿਚ ਭਰਿਆ ਹੋਇਆ ਹੈ। ਕਰੁਣਾ ਰਸ ਦੇ ਨਾਲ ਸ਼ਿੰਗਾਰ ਰਸ ਦੀ ਚਾਸਣੀ, ਇਸ ਦਰਦ ਨੂੰ ਸਹਿਣਯੋਗ ਕਰਦੀ ਹੈ।"
ਭਾਵੇਂ ਫਰੀਦ ਦੀ ਰਚਨਾ ਆਕਾਰ ਵਿਚ ਬਹੁਤੀ ਨਹੀਂ, ਪਰ ਕਾਵਿ ਗੁਣਾਂ ਕਰਕੇ, ਵਿਸ਼ੇ ਦੀ ਸ੍ਰੇਸ਼ਟਤਾ, ਗੰਭੀਰਤਾ ਤੇ ਪਰਪੱਕਤਾ ਕਰ ਕੇ, ਇਸ ਰਚਨਾ ਦਾ ਪੰਜਾਬੀ ਸਾਹਿੱਤ ਵਿਚ ਉੱਤਮ ਤੇ ਸਦੀਵੀ ਸਥਾਨ ਹੈ।
(ੲ) ਲੋਕ ਸਾਹਿੱਤ
ਹਰ ਭਾਸ਼ਾ ਦੇ ਸਾਹਿੱਤ ਦਾ ਮੁੱਢਲਾ ਰੂਪ ਲੋਕ ਸਾਹਿੱਤ ਹੀ ਹੁੰਦਾ ਹੈ, ਜਿਸ ਵਿਚ ਲੋਕ-ਗੀਤ, ਬੁਝਾਰਤਾਂ, ਅਖਾਣ ਕਹਿ-ਮੁਕਰਨੀਆਂ ਤੇ ਦੋ-ਸੁਖਨੇ ਆਦਿ ਹੁੰਦੇ ਹਨ । ਕਹਿ-ਮੁਕਰਨੀਆਂ ਉਨ੍ਹਾਂ ਬੁਝਾਰਤਾਂ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਵਿਚ ਜਵਾਬ ਵੀ ਵਿਚੇ ਦਿੱਤਾ ਹੁੰਦਾ ਹੈ। ਦੋ-ਸੁਖਨੇ ਵਿਚ ਸਵਾਲ ਦੋ ਭਾਸ਼ਾਵਾਂ ਵਿਚ ਹੁੰਦਾ ਹੈ ਤੇ ਉੱਤਰ ਇਕ ਅਜਿਹੇ ਸ਼ਬਦ ਰਾਹੀਂ ਦਿੱਤਾ ਜਾਂਦਾ ਹੈ, ਜਿਹੜਾ ਦੋ ਭਾਸ਼ਾਵਾਂ ਵਿਚ ਸਾਂਝਾ ਹੋਵੇ। ਆਦਿ ਕਾਲ ਦੀਆਂ ਬਹੁਤ ਸਾਰੀਆਂ ਬੁਝਾਰਤਾਂ ਅਮੀਰ ਖ਼ੁਸਰੇ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ। ਪੁਰਾਣੀਆਂ ਬੁਝਾਰਤਾਂ ਪੁਸ਼ਤ-ਦਰ-ਪੁਸ਼ਤ ਸਾਡੇ ਤੱਕ ਪੁੱਜੀਆਂ ਹਨ ਤੇ ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ ਅੱਜ ਭਾਵੇਂ ਇਨ੍ਹਾਂ ਦਾ ਰੰਗ-ਰੂਪ ਪ੍ਰਤੀਤ ਹੁੰਦਾ ਹੈ, ਪਰ ਇਨ੍ਹਾਂ ਦੀ ਆਯੂ ਬਹੁਤ ਪੁਰਾਣੀ ਹੈ। ਉਦਾਹਰਣ ਲਈ ਹੇਠਾਂ ਕੁਝ ਬੁਝਾਰਤਾਂ ਨਮੂਨੇ ਮਾਤ੍ਰ ਦਰਜ ਕੀਤੀਆਂ ਜਾ ਰਹੀਆਂ ਹਨ:
ਕਹਿ ਮੁਕਰਨੀਆਂ
(1) ਇਕ ਸੁਘੜ ਮੈਂ ਡਿੱਠੀ ਨਾਰੀ।
ਪੰਡਤਾਂ ਨੂੰ ਲੱਗੇ ਬਹੁਤ ਪਿਆਰੀ ।
ਬੱਚੇ ਉਹਦੇ ਸੁੱਚੇ ਮੋਤੀ ।
ਮਿੱਤਰ ਪਿਆਰੇ ਦੱਸ ਪੜ੍ਹ ਕੇ ਪੋਥੀ। (ਪੋਥੀ)
(2) ਇਕ ਦੁਮੂੰਹੀ ਕਾਲਾ ਰੰਗ।
ਘੋੜੇ ਤੇ ਚੜ੍ਹ ਬਹੇ ਨਿਸ਼ੰਗ ।
ਜਿਸ ਰਾਹ ਲਏ, ਉਸੇ ਰਾਹ ਕੱਢੇ।