Back ArrowLogo
Info
Profile

ਬੱਧਾ ਸੰਗਲ ਪਾਇਕੈ ਜਨ ਕੀਲੇ ਅੰਦਰ ।

ਆਪਣਾ ਹੁਕਮ ਮਨਾਇਕੇ ਛੱਡਿਆ ਜੱਗ ਅੰਦਰ।          (ਸਿਕੰਦਰ ਇਬਰਾਹੀਮ ਦੀ ਵਾਰ)

ਇਹ ਵਾਰਾਂ ਆਕਾਰ ਵਿਚ ਬਹੁਤ ਲੰਮੀਆ ਨਹੀਂ, ਨਾ ਹੀ ਇਨ੍ਹਾਂ ਵਿਚ ਯੁੱਧ-ਖੇਤਰ ਦੇ ਨਜ਼ਾਰੇ, ਸੂਰਮਿਆਂ ਦੇ ਭੇੜ ਤੇ ਹਥਿਆਰਾਂ ਦੀ ਲਿਸ਼ਕ ਦਰਸਾਈ ਗਈ ਹੈ, ਜਿਹੜੀ ਨਜਾਬਤ ਦੀ ਵਾਰ' ਜਾਂ 'ਚੰਡੀ ਦੀ ਵਾਰ' ਵਿਚ ਸਾਡੀਆਂ ਅੱਖਾਂ ਸਾਹਮਣੇ ਆ ਖਲੋਂਦੀ ਹੈ। ਇਹ ਵਾਰਾਂ ਭੱਟ ਜਾਂ ਮਰਾਸੀ ਪੁਸ਼ਤੋ ਪੁਸ਼ਤ ਗਾਉਂਦੇ ਤੁਰੇ ਆ ਰਹੇ ਹਨ।

 

(ਹ) ਫੁਟਕਲ ਰਚਨਾ - ਕਿੱਸੇ ਤੇ ਵਾਰਤਕ ਆਦਿ

ਡਾਕਟਰ ਮੋਹਨ ਸਿੰਘ ਦਾ ਮਤ ਹੈ ਕਿ ਇਸ ਕਾਲ ਵਿਚ ਪੁਸ਼ਯ ਨਾਂ ਦਾ ਇਕ ਕਵੀ ਹੋਇਆ ਹੈ, ਜਿਸ ਨੇ ਸਭ ਤੋਂ ਪਹਿਲਾਂ ਸੱਸੀ ਪੁੰਨੂੰ ਦਾ ਕਿੱਸਾ ਲਿਖਿਆ। ਇਹ ਕਿੱਸਾ ਲਿਖਤੀ ਰੂਪ ਵਿਚ ਸਾਨੂੰ ਪ੍ਰਾਪਤ ਨਹੀਂ. ਇਸ ਲਈ ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ।

ਅਮੀਰ ਖ਼ੁਸਰੋ (1253 ਤੋਂ 1325 ਈ.) ਲਾਹੌਰ, ਮੁਲਤਾਨ ਤੇ ਦਿੱਲੀ ਵਿਚ ਰਿਹਾ । ਫਾਰਸੀ ਵਿਚ ਇਸ ਨੇ ਢੇਰ ਰਚਨਾ ਕੀਤੀ ਪਰ ਡਾ. ਮੋਹਨ ਸਿੰਘ, ਸੁਜਾਨ ਰਾਏ ਦਾ ਹਵਾਲਾ ਦੇ ਕੇ ਆਖਦੇ ਹਨ ਕਿ "ਅਮੀਰ ਖ਼ੁਸਰੋ ਨੇ ਪੰਜਾਬ ਦੀ ਜਬਾਨ ਵਿਚ ਮਨੋਹਰ ਇਬਾਰਤ ਵਿਚ ਤੁਗਲਕ ਸ਼ਾਹ ਤੇ ਨਾਸਰ ਦੀਨ ਦੀ ਲੜਾਈ ਨੂੰ ਨਜ਼ਮਿਆ ਹੈ, ਜਿਸ ਨਜ਼ਮੀ ਰੂਪ ਨੂੰ ਹਿੰਦ ਦੀ ਜ਼ਬਾਨ ਵਿਚ ਵਾਰ ਕਹਿੰਦੇ ਹਨ।" ਇਸ ਵਾਰ ਤੋਂ ਬਿਨਾਂ ਅਮੀਰ ਖ਼ੁਸਰੋ ਦੀਆਂ ਬੁਝਾਰਤਾਂ ਦਾ ਅਸੀਂ ਪਿੱਛੇ ਹਵਾਲਾ ਦੇ ਆਏ ਹਾਂ । ਆਮ ਵਿਦਵਾਨਾਂ ਦਾ ਵਿਚਾਰ ਹੈ ਕਿ ਭਾਰਤੀ ਇਤਿਹਾਸ ਤੇ ਮਿਥਿਹਾਸ ਨਾਲ ਸੰਬੰਧਿਤ ਬਹੁਤ ਸਾਰੇ ਕਿੱਸੇ ਜਿਵੇਂ - ਸੋਰਠ ਬੀਜਾ, ਗੋਪੀ ਚੰਦ, ਮੈਨਾ-ਵੰਤੀ, ਰਸਾਲੂ, ਕੋਕਿਲਾ ਆਦਿ ਜ਼ਰੂਰ ਪੂਰਵ-ਨਾਨਕ ਕਾਲ ਵਿਚ ਹੀ ਲਿਖੇ ਗਏ ਹੋਣਗੇ, ਪਰ ਸਾਡੇ ਪਾਸ ਉਨ੍ਹਾਂ ਦੇ ਕੋਈ ਨਮੂਨੇ ਨਹੀਂ ।

ਆਮ ਵਿਚਾਰ ਇਹੀ ਰਿਹਾ ਹੈ ਕਿ ਪੰਜਾਬੀ ਵਾਰਤਕ ਦਾ ਆਰੰਭ ਲਗਭਗ ਸੋਲ੍ਹਵੀਂ ਸਦੀ ਵਿਚ ਹੋਇਆ, ਪਰ ਇਹ ਹੋ ਨਹੀਂ ਸਕਦਾ, ਕਿਉਂ ਜੋ ਸਾਡੇ ਪਾਸ ਅੱਠਵੀਂ ਨੌਵੀਂ ਸਦੀ ਤੋਂ ਸਾਹਿੱਤ ਦੀ ਇਕ ਨਿਰੰਤਰ ਧਾਰਾ ਚਲੀ ਆ ਰਹੀ ਹੈ ਤੇ ਉਸ ਵਿਚ ਵਾਰਤਕ ਦਾ ਆਭਾਵ ਨਹੀਂ ਹੋ ਸਕਦਾ। ਡਾਕਟਰ ਤ੍ਰਿਲੋਚਨ ਸਿੰਘ ਬੇਦੀ ਨੇ ਤੇਰ੍ਹਵੀਂ ਸਦੀ ਦੀ ਇਕ ਵਾਰਤਕ ਕ੍ਰਿਤ 'ਏਕਾਦਸ਼ੀ ਮਹਾਤਮ' ਦਾ ਹਵਾਲਾ ਦਿੱਤਾ ਹੈ। ਏਸੇ ਤਰ੍ਹਾਂ ਪ੍ਰੋ. ਪ੍ਰੀਤਮ ਸਿੰਘ ਨੇ ਫਰੀਦ ਜੀ ਕਾ ਪੱਧਤੀ ਨਾਮਾ' ਇਕ ਹੋਰ ਵਾਰਤਕ ਰਚਨਾ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਕਵਿਤਾ ਦੇ ਨਾਲ-ਨਾਲ ਵਾਰਤਕ ਦੀ ਰਚਨਾ ਵੀ ਹੁੰਦੀ ਰਹੀ ਹੋਵੇਗੀ। ਇਹ ਵਾਰਤਕ ਆਕਾਰ ਵਿਚ ਭਾਵੇਂ ਕਵਿਤਾ ਦੇ ਟਾਕਰੇ ਤੇ ਥੋੜ੍ਹੀ ਹੋਵੇ, ਪਰ ਲਿਖੀ ਜ਼ਰੂਰ ਜਾਂਦੀ ਰਹੀ । ਹੇਠਾਂ ਅਸੀਂ ਨਮੂਨੇ ਮਾਤ੍ਰ ਉਪਰੋਕਤ ਦੋਹਾਂ ਪੁਸਤਕਾਂ ਵਿਚੋਂ ਵਾਰਤਕ ਦੇ ਕੁਝ ਭਾਗ ਦਰਜ ਕਰਦੇ ਹਾਂ :

1. "(ਦੈਵ) ਤੇ ਦੀ ਪੂਜਾ ਕਰਣਿ । ਸੋ ਤੂਸੇ ਜਪਾਂ ਕਰੀ ਬੋਲੀ ਦੇਣਾ । ਤਬ ਸ੍ਰੀ ਬ੍ਰਮ੍ਹਾ ਜੀ ਨਾਰਦਾ ਕੀ ਬੋਲਦਾ ਹੈਨ। ਹੇ ਪੁਤਰ ਜੀ ਤੁਸੇ ਏਹੇ ਵਡਿ ਪਵਿਤ੍ਰ ਕਥਾ ਪੁਛੀ ਆਜ ਤਿਕ ਏਹੈ ਕਥਾ ਅਸੇ ਕੀਸਿ ਪਾਸ ਨਹੀਂ ਦਸਿ । ਏਹੀ ਜੇ ਕਥਾ ਹੈਨ ਸੋ ਮਹਾਂ ਗੁਪਤ ਵਾਰਤਾ ਹੈਨ। ਅਸੇ ਏਹੇ ਕਥਾ ਕੀਸਿ ਪਾਸ ਨਹੀਂ ਦਸਿ। ਆਜ ਤੇਰੇ ਪਾਸ ਮੈਂ ਕਥਾ ਦਸਦਾ ਹੈਨ ।" (ਇਕਾਦਸੀ ਮਹਾਤਮ)

2. "ਬਗੈਰ ਗੁਨਹ ਏਕ ਘੜੀ ਨਾਹੀ ਗੁਜਰੀ ਮੁਝ ਪਰਿ।

ਹਜੂਰਿ ਦਿਲ ਬੰਦਗੀ ਭੀ ਏਕ ਘੜੀ ਨਹੀਂ ਗੁਜਰੀ ।

ਯਾ ਨਿਸਚੇ ਜਾਨ। ਇਨ ਨਫਸ ਨੇ ਮੇਰੀ ਸਾਹਿਬ

ਨਾ ਰਾਹ ਮਾਰਯਾ ਹੈ। ਨਫਸ ਇੰਦ ਸਿਆਣਾ ਸੋਈ ਜੋ ਹਰ ਹਵਾਲੇ ਸ਼ੁਕਰ ਕਰੈ।

ਸਭ ਸੰਸਾਰ ਮੈਂ ਅਹਮਕ ਸੇ ਹੈਂ ਜੋ ਇੰਦਰਯਾ ਕੈ ਪੀਛੇ ਬਹਕਯਾ ਫਿਰੈਂ।

ਤਿਸ ਨੂੰ ਅੰਤ ਸਾਹਿਬ ਨਾ ਬਕਸੈਗਾ।"            (ਫਰੀਦ ਜੀ ਕਾ ਪਸਤਿਨਾਮਾ)

32 / 93
Previous
Next