ਇਸ ਕਾਲ ਦੀਆਂ ਹੋਰ ਵੀ ਫੁਟਕਲ ਰਚਨਾਵਾਂ ਦਾ ਹਵਾਲਾ ਕਈ ਵਿਦਵਾਨਾਂ ਨੇ ਦਿੱਤਾ ਹੈ, ਜਿੰਨੀ ਦੇਰ ਤਕ ਉਨ੍ਹਾਂ ਬਾਰੇ ਕੋਈ ਨਿਸ਼ਚਿਤ ਸਬੂਤ ਜਾਂ ਪਰਮਾਣ ਨਾ ਮਿਲੇ ਉਨ੍ਹਾਂ ਸੰਬੰਧੀ ਚਰਚਾ ਕਰਨੀ ਉੱਚਿਤ ਪ੍ਰਤੀਤ ਨਹੀਂ ਹੁੰਦੀ ।
ਪੂਰਵ-ਨਾਨਕ ਕਾਲ ਦੇ ਸਾਹਿੱਤ ਉੱਤੇ ਸਮੁੱਚੀ ਝਾਤ
1. ਪੂਰਵ-ਨਾਨਕ ਕਾਲ ਵਿਚ ਪੰਜਾਬੀ ਸਾਹਿੱਤ ਸਿਰਜਣਾ ਦੀ ਇਕ ਨਿਸ਼ਚਿਤ ਮਰਯਾਦਾ ਹੋਂਦ ਵਿਚ ਆ ਚੁੱਕੀ ਸੀ ਤੇ ਅੱਠਵੀਂ ਨੌਵੀਂ ਸਦੀ ਤੋਂ ਵੱਖ-ਵੱਖ ਖੇਤਰਾਂ, ਅੱਡ ਮਨੋਰਥਾਂ ਤੇ ਭਿੰਨ-ਭਿੰਨ ਕਲਾ-ਰੂਪਾਂ ਵਿਚ ਸਾਹਿੱਤ ਲਿਖਿਆ ਜਾਣ ਲਗ ਪਿਆ ਸੀ । ਇਸ ਸਾਹਿੱਤ ਦੇ ਪਿਛੇ ਸੰਸਕ੍ਰਿਤ, ਪ੍ਰਾਕਿਰਤਾਂ ਤੇ ਅਪਭ੍ਰੰਸ਼ਾਂ ਦੀ ਇਕ ਨਿਸ਼ਚਿਤ ਪਰੰਪਰਾ ਤੁਰੀ ਆ ਰਹੀ ਸੀ, ਜਿਨ੍ਹਾਂ ਵਿਚ ਕਈ ਸੌ ਸਦੀਆਂ ਤੋਂ ਉੱਤਮ ਸਾਹਿੱਤ ਲਿਖਿਆ ਜਾਂਦਾ ਰਿਹਾ ਸੀ । ਮੁਸਲਮਾਨਾਂ ਦੇ ਪੰਜਾਬ ਵਿਚ ਪ੍ਰਵੇਸ਼ ਨਾਲ, ਇਸ ਭਾਰਤੀ ਸਾਹਿੱਤ ਪ੍ਰਣਾਲੀ ਵਿਚ ਅਰਬੀ ਫਾਰਸੀ ਸਾਹਿੱਤਾਂ ਦੀ ਮਹਾਨ ਪਰੰਪਰਾ ਵੀ ਆ ਸ਼ਾਮਲ ਹੋਈ, ਜਿਨ੍ਹਾਂ ਨੇ ਪੰਜਾਬੀ ਸਾਹਿੱਤ ਲਈ ਨੀਹਾਂ ਦਾ ਕੰਮ ਕੀਤਾ।
2. ਮੱਧ ਕਾਲ ਦੇ ਲਗਭਗ ਸਾਰੇ ਕਲਾ- ਰੂਪਾਂ ਦਾ ਆਰੰਭ ਪੂਰਵ-ਨਾਨਕ ਕਾਲ ਵਿਚ ਹੋ ਚੁੱਕਾ ਸੀ, ਯਥਾ ਵੀਰ ਕਾਵਿ, ਸੂਫ਼ੀ ਕਾਵਿ, ਕਿੱਸਾ ਕਾਵਿ, ਅਧਿਆਤਮਕ ਕਾਵਿ ਤੇ ਵਾਰਤਕ ਆਦਿ । ਭਾਵੇਂ ਇਨ੍ਹਾਂ ਦੀ ਗਿਣਤੀ ਜਾਂ ਆਕਾਰ ਬਹੁਤਾ ਨਹੀਂ ਤੇ ਨਾ ਹੀ ਇਨ੍ਹਾਂ ਕਲਾ-ਰੂਪਾਂ ਦਾ ਉਸ ਵੇਲੇ ਤਕ ਪੂਰਨ ਭਾਂਤ ਵਿਸਤਾਰ ਜਾਂ ਵਿਕਾਸ ਹੀ ਹੋਇਆ ਸੀ । ਸਾਹਿੱਤਕ ਪਕਿਆਈ ਜਾਂ ਪਰਪੱਕਤਾ ਦੀ ਘਾਟ ਵੀ ਬਹੁਤੀਆਂ ਕਲਾ-ਕ੍ਰਿਤਾਂ ਵਿਚ ਪ੍ਰਤੱਖ ਦਿਖਾਈ ਦਿੰਦੀ ਹੈ।
3. ਇਸ ਕਾਲ ਦਾ ਜਿਹੜਾ ਸਾਹਿੱਤ ਸਾਨੂੰ ਅੱਜ ਪ੍ਰਾਪਤ ਹੈ, ਵਿਸ਼ੇਸ਼ ਤੋਰ ਤੇ ਲੋਕ-ਸਾਹਿੱਤ, ਲੋਕ-ਵਾਰਾਂ ਤੇ ਲੋਕ-ਬੁਝਾਰਤਾਂ ਆਦਿ ਇਨ੍ਹਾਂ ਦੀ ਭਾਸ਼ਾ ਤੇ ਲਹਿਜੇ ਵਿਚ ਨਿਸ਼ਚੇ ਹੀ ਸਮੇਂ ਦੇ ਬੀਤਣ ਨਾਲ ਅੱਜ ਤਬਦੀਲੀ ਆ ਗਈ ਹੈ, ਕਿਉਂਜੋ ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ, ਇਹ ਵਰਤਮਾਨ ਰੂਪ ਦੇ ਬਹੁਤ ਨੇੜੇ ਪੁੱਜ ਗਈ ਹੈ। ਇਨ੍ਹਾਂ ਨੂੰ ਲਿਖਤੀ ਰੂਪ ਢੇਰ ਚਿਰ ਪਿੱਛੋਂ ਦਿੱਤਾ ਗਿਆ।
4. ਬਾਬਾ ਫਰੀਦ ਦੇ ਸ਼ਲੋਕ ਜ਼ਰੂਰ ਸ਼ੁੱਧ ਤੇ ਅਸਲੀ ਰੂਪ ਵਿਚ ਸਾਡੇ ਤਕ ਪੁੱਜੇ ਹਨ । ਇਸ ਦਾ ਕਾਰਣ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹੋਣ ਉਪਰੰਤ ਇਹ ਮੂਲ ਰੂਪ ਵਿਚ ਸਾਂਭੇ ਰਹੇ ।
5. ਨਾਥਾਂ ਜੋਗੀਆਂ ਦਾ ਸਾਹਿੱਤ ਵੀ ਸਾਡਾ ਗੌਰਵਮਈ ਵਿਰਸਾ ਹੈ। ਅਧਿਆਤਮਿਕ ਵਿਚਾਰਧਾਰਾ ਤੋਂ ਬਿਨਾਂ ਇਸ ਰਚਨਾ ਦਾ ਮਹੱਤਵ ਇਸ ਗੱਲ ਵਿਚ ਵੀ ਹੈ ਕਿ ਇਸ ਨਾਲ ਸਾਡੀ ਭਾਸ਼ਾ ਅਪਭ੍ਰੰਸ ਦੇ ਰੂਪ ਤੋਂ ਨਿਕਲ ਕੇ ਲੋਕ ਭਾਸ਼ਾ ਵੱਲ ਆਈ । ਪੰਜਾਬੀ ਕਵਿਤਾ ਨੂੰ ਰਾਗਾਂ ਨਾਲ ਜੋੜਨ ਤੇ ਲੋਕ-ਛੰਦਾਂ ਤੇ ਕਾਵਿ-ਰੂਪਾਂ ਦਾ ਪ੍ਰਯੋਗ ਕਰਨ ਵਿਚ ਇਨ੍ਹਾਂ ਜੋਗੀਆਂ ਨੇ ਪਹਿਲ ਕੀਤੀ । ਮੱਧ-ਕਾਲ ਦੇ ਸਾਹਿੱਤ ਦੀ ਬਹੁਤ ਸਾਰੀ ਅਧਿਆਤਮਿਕ ਸ਼ਬਦਾਵਲੀ ਦੀ ਵਰਤੋਂ ਵੀ ਪਹਿਲੀ ਵਾਰ ਇਨ੍ਹਾਂ ਜੋਗੀਆਂ ਨਾਲ ਹੀ ਹੋਈ ।
6. ਪੰਜਾਬੀ ਦੀ ਮੂਲ ਲਿੱਪੀ 'ਸਿੱਧ-ਮਾਤ੍ਰਿਕਾ' ਦੀ ਵਰਤੋਂ ਪਹਿਲੋਂ ਪਹਿਲ ਇਨ੍ਹਾਂ ਜੋਗੀਆਂ ਨੇ ਹੀ ਕੀਤੀ, ਜਿਹੜੀ ਸੋਧੇ ਜਾਣ ਉਪਰੰਤ 'ਗੁਰਮੁਖੀ' ਅਖਵਾਈ ।