ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਔਰੰਗਜ਼ੇਬ ਦੇ ਸਮੇਂ ਗੁਰੂ ਤੇਗ ਬਹਾਦਰ ਤੇ ਉਨ੍ਹਾਂ ਦੇ ਬਹੁਤ ਸਾਰੇ ਸੇਵਕਾਂ ਦਾ ਕਤਲ, ਇਨ੍ਹਾਂ ਬਾਦਸ਼ਾਹਾਂ ਦੀ ਕੱਟੜ-ਵਾਦੀ ਨੀਤੀ ਦਾ ਫਲ ਸੀ, ਜਿਸ ਦੇ ਵਿਰੁੱਧ ਪ੍ਰਤੀਕਰਮ ਵਜੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕੇ ਸਾਮਰਾਜ ਦੇ ਖਿਲਾਫ ਇਕ ਸ਼ਕਤੀਸ਼ਾਲੀ ਅੰਦੋਲਨ ਚਲਾਇਆ ਤੇ ਲਤਾੜੀ ਹੋਈ ਸਾਧਾਰਣ ਜਨਤਾ ਦੇ ਮਨੋ-ਬੱਲ ਨੂੰ ਉੱਚਾ ਚੁੱਕਿਆ। ਇਸ ਤਰ੍ਹਾਂ ਗੁਰੂ ਨਾਨਕ ਦੀ ਸਿੱਖਿਆ ਨਾਲ ਜਿੱਥੇ ਭਗਤੀ ਮਾਰਗ ਪੰਜਾਬ ਵਿਚ ਆਪਣੇ ਸਿਖਰ ਤੇ ਪੁੱਜਾ ਉਥੇ ਗੁਰੂ ਗੋਬਿੰਦ ਸਿੰਘ ਦਾ ਸ਼ਕਤੀ ਦਾ ਪ੍ਰਚਾਰ, ਮੁਗ਼ਲ ਰਾਜ ਦੀ ਅਧੋਗਤੀ ਦਾ ਕਾਰਨ ਬਣਿਆ।
ਗੁਰੂ ਨਾਨਕ ਦੇ ਜਨਮ ਸਮੇਂ ਲੋਧੀਆਂ ਪਠਾਣਾਂ ਦਾ ਰਾਜ ਸੀ । ਇਹ ਰਾਜ ਕਿਸੇ ਤਰ੍ਹਾਂ ਵੀ ਲੋਕ-ਹਿਤੈਸੀ ਜਾਂ ਸ਼ਕਤੀਸ਼ਾਲੀ ਨਹੀਂ ਆਖਿਆ ਜਾ ਸਕਦਾ । ਭ੍ਰਿਸ਼ਟਾਚਾਰ, ਵੱਢੀ-ਖੋਰੀ, ਬੇਈਮਾਨੀ ਤੇ ਬੇ-ਇਨਸਾਫੀ ਜੋ ਉਸ ਵੇਲੇ ਵਿਆਪਕ ਸੀ, ਉਸ ਦਾ ਚਿੱਤਰ ਗੁਰੂ ਨਾਨਕ ਬਾਣੀ ਤੇ ਭਾਈ ਗੁਰਦਾਸ ਦੀ ਪਹਿਲੀ ਵਾਰ ਵਿਚੋਂ ਸਪੱਸ਼ਟ ਭਾਂਤ ਸਾਡੇ ਦ੍ਰਿਸ਼ਟੀਗੋਚਰ ਹੁੰਦਾ ਹੈ :
ਰਾਜੇ ਸ਼ੀਂਹ ਮੁਕੱਦਮ ਕੁੱਤੇ,
ਜਾਇ ਜਗਾਇਨ ਬੈਠੇ ਸੁੱਤੇ ।
ਜਾਂ
ਕਲਿ ਕਾਤੀ ਰਾਜੇ ਕਸਾਈ, ਧਰਮੁ ਪੰਖ ਕਰ ਉਡਰਿਆ,
ਕੂੜ ਅਮਾਵਸ, ਸਚੁ ਚੰਦ੍ਰਮਾ ਦੀਸੈ ਨਾਹੀਂ ਕੈ ਚੜ੍ਹਿਆ ।
ਭਾਈ ਗੁਰਦਾਸ ਦੇ ਸ਼ਬਦਾਂ ਵਿਚ ਉਸ ਵੇਲੇ ਦਾ ਚਿੱਤਰ ਦੇਖੋ :
ਕਲਿ ਆਈ ਕੁਤੇ ਮੁਹੀ, ਖਾਜ ਹੁਆ ਮੁਰਦਾਰ ਗੁਸਾਈਂ।
ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਯਾਨ ਬਿਨ, ਕੂੜ ਕੁਸੱਤ ਮੁਖਹੁ ਆਲਾਈ।
ਚੇਲੇ ਸਾਜ਼ ਵਜਾਇੰਦੇ, ਨੱਚਣ ਗੁਰੂ ਬਹੁਤ ਬਿਧ ਭਾਈ।
ਸੇਵਕ ਬੈਠਣ ਘਰਾਂ ਵਿਚ ਗੁਰੂ ਉਠ ਘਰੀਂ ਤਿਨਾੜੇ ਜਾਈ।
ਕਾਜ਼ੀ ਹੋਈ ਰਿਸ਼ਵਤੀ, ਵੱਢੀ ਲੈ ਕੇ ਹੱਕ ਗਵਾਈ।
ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਇ ਕਿਥਾਊਂ ਜਾਈ।
ਵਰਤਿਆ ਪਾਪ ਸਭਸ ਜੱਗ ਮਾਹੀ ।
ਗੁਰੂ ਨਾਨਕ ਨੇ ਲੋਧੀਆਂ ਦੇ ਭੈੜੇ ਰਾਜ ਦਾ ਜੋ ਚਿੱਤਰ ਬਾਬਰ-ਬਾਣੀ ਵਿਚ ਪੇਸ਼ ਕੀਤਾ ਹੈ, ਉਹ ਉਸ ਵੇਲੇ ਦੀ ਰਾਜਸੀ ਸਥਿਤੀ ਦੀ ਮੂੰਹ ਬੋਲਦੀ ਤਸਵੀਰ ਹੈ :
ਪਾਪ ਕੀ ਜੰਝ ਲੈ ਕਾਬਲਹੁ ਧਾਇਆ, ਜ਼ੋਰੀ ਮੰਗੇ ਦਾਨ ਵੇ ਲਾਲੋ।
ਸਰਮੁ ਧਰਮੁ ਦੁਇ ਛਪ ਖਲੋਏ, ਕੂੜੁ ਫਿਰੈ ਪਰਧਾਨ ਵੇ ਲਾਲੋ।
ਕਾਜੀਆਂ ਬ੍ਰਾਹਮਣਾਂ ਦੀ ਗੱਲ ਬੱਕੀ, ਅਗਦ ਪੜ੍ਹੇ ਸੈਤਾਣ ਵੇ ਲਾਲੋ।
ਅਤੇ ਰਾਜਿਆਂ ਦੀ ਦਸ਼ਾ ਕੀ ਸੀ :
ਸਾਹਾਂ ਸੁਰਤਿ ਗਵਾਈਆਂ ਰੰਗ ਤਮਾਸ਼ੈ ਚਾਇ।
ਬਾਬਰ ਵਾਣੀ ਫਿਰ ਗਈ, ਕੁਇਰੁ ਨ ਰੋਟੀ ਖਾਇ।
ਹਿੰਦੂ ਜਾਤੀ ਦੀ ਉਸ ਵੇਲੇ ਦੀ ਧਾਰਮਿਕ ਦਸ਼ਾ ਬਾਰੇ ਡਾਕਟਰ ਗੋਕਲ ਚੰਦ ਨਾਰੰਗ ਆਪਣੀ ਪ੍ਰਸਿੱਧ ਪੁਸਤਕ "ਟ੍ਰਾਂਸਫਾਰਮੇਸ਼ਨ ਔਫ ਸਿਖਿਜ਼ਮ' ਵਿਚ ਲਿਖਦੇ ਹਨ :
"ਅਸਲੀ ਧਰਮ ਦੇ ਸੋਮੇ ਨਿਰਾਰਥਕ ਰਸਮਾਂ ਰੀਤਾਂ, ਫੋਕੇ ਵਹਿਮਾਂ ਪੰਡਤਾਂ ਦੇ ਸਵਾਰਥ ਅਤੇ ਲੋਕਾਂ ਦੀ ਅਗਿਆਨਤਾ ਦੇ ਕਾਰਨ ਸੁੱਕ ਗਏ ਸਨ। ਅਸਲੀਅਤ ਦੀ ਥਾਂ ਕੇਵਲ ਦੇਖ-ਦਿਖਾਵਾ ਹੀ ਰਹਿ ਗਿਆ ਸੀ