ਤੇ ਸਾਹਿੱਤ ਨੂੰ ਲੋਕ-ਜੀਵਨ ਨਾਲ ਜੋੜਨ ਦੀ ਨਵੀਂ ਪਿਰਤ ਪਾਈ । ਆਪ ਨੇ ਆਮ ਲੋਕਾਂ ਦੀਆਂ ਭਾਵਨਾਵਾਂ ਤੇ ਜਜ਼ਬਿਆਂ ਦੀ ਨਾ ਕੇਵਲ ਤਰਜਮਾਨੀ ਹੀ ਕੀਤੀ, ਸਗੋਂ ਨੀਵੇਂ ਨਿਤਾਣੇ ਤੇ ਲਤਾੜੇ ਹੋਏ ਲੋਕਾ ਦੇ ਹੱਕ ਵਿਚ ਇਕ ਜ਼ਬਰਦਸਤ ਆਵਾਜ ਬੁਲੰਦ ਕੀਤੀ ਅਤੇ ਆਪਣੇ ਆਪ ਨੂੰ ਉਨ੍ਹਾਂ ਦਾ ਸਾਥੀ ਦੱਸਿਆ :
ਨੀਚਾ ਅੰਦਰ ਨੀਚ ਜਾਤਿ, ਨੀਚੀ ਹਉ ਅਤਿ ਨੀਚ ।
ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ।
ਆਪ ਨੇ ਮਨੁੱਖਾਂ ਨੂੰ ਜਾਤ-ਪਾਤ, ਛੂਤ-ਛਾਤ, ਊਚ-ਨੀਚ ਤੇ ਸਮਾਜਿਕ ਭੇਦ-ਭਾਓ ਦੀਆਂ ਤੰਗ ਵਲਗਣਾਂ ਵਿੱਚੋਂ ਕੱਢ ਕੇ, ਉੱਚਾ, ਸੁੱਚਾ ਬਲਵਾਨ ਤੇ ਬੇਖ਼ੌਫ ਜੀਵਨ ਜੀਉਣ ਦੀ ਜਾਚ ਦੱਸੀ । ਅਧਿਆਤਮਿਕ ਪਵਿੱਤਰਤਾ ਤੇ ਸੱਚ ਦੀ ਪਛਾਣ ਉੱਤੇ ਜ਼ੋਰ ਦਿੱਤਾ, ਪਰ ਇਨ੍ਹਾਂ ਤੋਂ ਵੀ ਵੱਧ ਕੇ, ਉੱਚੇ ਆਚਾਰ ਨੂੰ ਮਹੱਤਵ ਦਿੰਦਿਆਂ ਹੋਇਆ ਆਖਿਆ :
ਸਚਹੁ ਉਰੇ ਸਭ ਕਉ, ਉਪਰ ਸਚੁ ਆਚਾਰ।
ਗੁਰੂ ਸਾਹਿਬ ਇਕ ਅਦੁੱਤੀ ਸ਼ਖ਼ਸੀਅਤ ਤੇ ਅਲੋਕਿਕ ਪ੍ਰਤਿਭਾ ਦੇ ਮਾਲਕ ਸਨ, ਇਕ ਮਹਾਨ ਰਹੱਸਵਾਦੀ, ਪ੍ਰਤਿਭਾ-ਸ਼ੀਲ ਕਵੀ, ਅਕਾਲ-ਪੁਰਖ ਦੇ ਅਨਿੰਨ ਭਗਤ, ਸੰਗੀਤ ਦੇ ਰਸੀਏ। ਇਨ੍ਹਾਂ ਸਭਨਾਂ ਖੂਬੀਆਂ ਦੇ ਪ੍ਰਮਾਣ ਸਾਨੂੰ ਉਨ੍ਹਾਂ ਦੇ ਰਚੇ ਹੋਏ ਸਾਹਿੱਤ ਵਿਚੋਂ ਮਿਲਦੇ ਹਨ। ਇਸ ਅਮਰ ਸਾਹਿੱਤ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਡੂੰਘੇ ਤੋਂ ਡੂੰਘੇ, ਗੰਭੀਰ ਤੋਂ ਗੰਭੀਰ ਅਤੇ ਸੂਖ਼ਮ ਅਧਿਆਤਮਿਕ ਵਿਸ਼ਿਆਂ ਨੂੰ ਲੋਕ-ਅਨੁਭਵ ਦੇ ਵੱਧ ਤੋਂ ਵੱਧ ਨੇੜੇ ਰਖਿਆ ਤੇ ਉਸ ਨੂੰ ਲੋਕ-ਭਾਸ਼ਾ ਦੇ ਮਾਧਿਅਮ ਰਾਹੀਂ ਰੂਪਮਾਨ ਕੀਤਾ ਹੈ। ਆਪ ਦਾ ਸਾਹਿੱਤ ਆਕਾਰ ਤੇ ਪ੍ਰਕਾਰ, ਗੁਣਾਂ ਤੇ ਗਿਣਤੀ ਵਲੋਂ ਪੰਜਾਬੀ ਸਾਹਿੱਤ ਨੂੰ ਇਕ ਅਮਰ ਦੇਣ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਆਪ ਦੀ ਜਿਹੜੀ ਬਾਣੀ ਦਰਜ ਹੈ, ਉਹ ਗੁਰੂ ਅਰਜਨ ਸਾਹਿਬ ਤੋਂ ਛੁੱਟ, ਬਾਕੀ ਸਭਨਾਂ ਨਾਲੋਂ ਵੱਧ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਆਪ ਦੇ ਨਾਂ ਹੇਠ ਬਹੁਤ ਸਾਰੀ ਬਾਣੀ ਪ੍ਰਚਲਿਤ ਹੈ, ਜਿਸ ਦੀ ਪ੍ਰਮਾਣਿਕਤਾ ਬਾਰੇ ਸ਼ੱਕ ਹੈ। ਆਦਿ ਗ੍ਰੰਥ ਵਿਚ ਦਰਜ ਆਪ ਦੀ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ - (1) ਜਪੁਜੀ ਸਾਹਿਬ. (2) ਰਾਗ ਆਸਾ, ਮਾਝ ਤੇ ਮਲ੍ਹਾਰ ਵਿਚ ਰਚੀਆਂ ਵਾਰਾਂ, (3) ਤੁਖਾਰੀ ਰਾਗ ਦਾ ਬਾਰ੍ਹਾਂ-ਮਾਂਹ, (4) ਰਾਗ ਆਸਾ, ਪੱਟੀ, (5) ਬਾਬਰ ਬਾਣੀ, (6) ਸੋਹਿਲਾ. (7) ਅਲਾਹੁਣੀਆਂ, (8) ਕਈ ਸ਼ਬਦ ਤੇ ਸ਼ਲੋਕ, (9) ਛੰਤ ਤੇ ਰੇਖਤਾ । ਵਿਦਵਾਨਾਂ ਅਨੁਸਾਰ ਇਸ ਸਾਰੀ ਬਾਣੀ ਦੇ ਕੁਲ 2949 ਬੰਦ ਹਨ।
ਗੁਰੂ ਸਾਹਿਬ ਦੀ ਸਾਰੀ ਬਾਣੀ ਰਾਗਾਂ ਵਿਚ ਹੈ। ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 19 ਰਾਗਾਂ ਵਿਚ ਆਪ ਦੀ ਬਾਣੀ ਮਿਲਦੀ ਹੈ। ਗੁਰੂ ਸਾਹਿਬ ਨੇ ਜੀਵਨ ਦੇ ਲਗਭਗ 24 ਵਰ੍ਹੇ ਦੇਸ਼ ਦੇਸ਼ਾਂਤਰਾਂ ਦਾ ਰਟਨ. ਕੀਤਾ ਅਤੇ ਆਪਣੇ ਸਮੇਂ ਦੇ ਹਰ ਧਰਮ, ਫਿਰਕੇ, ਜਾਤੀ ਤੇ ਵਿਚਾਰਧਾਰਾ ਦੇ ਆਗੂਆਂ ਤੇ ਵਿਦਵਾਨਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰੇ ਉਪਰੰਤ ਆਪਣੇ ਲਈ ਮੌਲਿਕ, ਨਿੱਗਰ, ਵਿਗਿਆਨਕ ਤੇ ਉਪਯੋਗੀ ਮਾਰਗ ਧਾਰਨ ਕੀਤਾ। ਆਪ ਦੀ ਸਾਰੀ ਬਾਣੀ ਵਿਚੋਂ ਹੇਠ ਲਿਖੇ ਤਿੰਨ ਦਾਰਸ਼ਨਿਕ ਸਿੱਧਾਂਤ ਉੱਘੜਦੇ ਹਨ. ਜਿਨ੍ਹਾਂ ਨੂੰ ਆਪ ਨੇ ਸਪੱਸ਼ਟ ਤੇ ਨਿਸ਼ਚਿਤ ਭਾਸ਼ਾ ਵਿਚ ਸਾਡੇ ਦ੍ਰਿਸ਼ਟੀਗੋਚਰ ਕੀਤਾ। ਇਹ ਤਿੰਨ ਪੱਖ ਮਾਨਵ- ਸਮਾਜ ਦੀ ਆਦਿ ਕਾਲ ਤੋਂ ਜਿਗਿਆਸਾ ਰਹੇ ਹਨ ਤੇ ਹਰ ਧਾਰਮਿਕ ਆਗੂ ਨੇ ਆਪੋ ਆਪਣੀ ਸਮਝ ਤੇ ਆਪੋ ਆਪਣੀ ਬੁਧ ਤੇ ਪ੍ਰਤਿਭਾ ਦੁਆਰਾ ਉਨ੍ਹਾਂ ਦਾ ਉੱਤਰ ਦੇਣ ਜਾਂ ਲੱਭਣ ਦਾ ਯਤਨ ਕੀਤਾ । ਇਹ ਤਿੰਨ ਪੱਖ ਹਨ:
(ੳ) ਇਸ ਸੰਸਾਰ ਵਿਚ ਰਹਿੰਦਿਆਂ ਸਮਾਜਿਕ ਤੇ ਸਦਾਚਾਰਕ ਪੱਖ ਤੋਂ ਆਦਰਸ਼ਕ ਜੀਵਨ ਜੀਉਣ ਦੀ ਜਾਂਚ ।
(ਅ) ਆਤਮਾ ਤੇ ਪਰਮਾਤਮਾ ਸੰਬੰਧੀ ਸੱਚ ਦੀ ਭਾਲ ।
(ੲ) ਸ੍ਰਿਸ਼ਟੀ-ਰਚਨਾ ਜਾਂ ਵਿਸ਼ਵ ਦੇ ਪਸਾਰ ਨਾਲ ਸੰਬੰਧਿਤ ਰਹੱਸ - ਜਿਹੜੇ ਅੱਜ ਵਿਸ਼ਵ ਭਰ ਦੇ ਵਿਗਿਆਨੀਆਂ ਦੀਆਂ ਖੋਜਾਂ ਦਾ ਮੁੱਖ ਰੁਝੇਵਾਂ ਬਣਿਆ ਹੋਇਆ ਹੈ।