ਉਪਮਾ ਅਲੰਕਾਰ
ਜੈਸੇ ਜਲ ਮਹਿ ਕਮਲੁ ਨਿਰਾਲਮ ਮੁਰਗਾਈ ਨੈਸਾਣੇ।
ਸੁਰਤ ਸਬਦਿ ਭਵ ਸਾਗਰ ਤਰੀਐ, ਨਾਨਕ ਨਾਮੁ ਵਖਾਣੇ।
ਗੁਰੂ ਸਾਹਿਬ ਦੀਆਂ ਅਣਗਿਣਤ ਤੁਕਾਂ ਅਟੱਲ ਸਚਾਈਆਂ ਦਾ ਰੂਪ ਧਾਰ ਕੇ ਲੋਕ ਜੀਵਨ ਦਾ ਅੰਗ ਬਣ ਗਈਆਂ ਹਨ ਤੇ ਆਮ ਲੋਕਾਂ ਵੱਲੋਂ ਆਪੋ ਆਪਣੇ ਮੱਤ ਜਾਂ ਵਿਚਾਰਾਂ ਦੀ ਪੁਸ਼ਟੀ ਲਈ ਇਨ੍ਹਾਂ ਨੂੰ ਦੁਹਰਾਇਆ ਜਾਦਾ ਹੈ, ਜਿਵੇਂ :
(1) ਟੀਆ ਕਾਰਣਿ ਪੂਰਹਿ ਤਾਲ।
(2) ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।
(3 ਨਿਵੈ ਸੋ ਗਉਰਾ ਹੋਇ।
(4) ਧਨੁ ਪਿਰ ਇਹਿ ਨਾ ਆਖੀਅਨ ਬਹਿਨ ਇਕੱਠੇ ਹੋਇ ।
(5) ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ।
(6) ਵਖਤ ਵੀਚਾਰੇ, ਸੁ ਬੰਦਾ ਹੋਇ ।
(7) ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ।
(8) ਪੜ੍ਹਿਆ ਮੂਰਖੁ ਆਖੀਐ ਜਿਸੁ ਲਬੁ ਲੋਭ ਆਹੰਕਾਰ।
(9) ਮਨੁ ਅੰਧਾ, ਨਾਉਂ ਸੁਜਾਨੁ ।
(10) ਫਿਟੁ ਇਵੇਹਾ ਜੀਵਿਆ, ਜਿਤੁ ਖਾਇ ਵਧਾਇਆ ਪੇਟੁ।
ਇਹੋ ਜਿਹੀਆਂ ਅਣਗਿਣਤ ਉਦਾਹਰਣਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ। ਗੁਰੂ ਸਾਹਿਬ ਦੀ ਸਮੁੱਚੀ ਕਾਵਿ-ਸਿਰਜਣਾ ਸਾਡੇ ਸਾਹਿੱਤ ਦਾ ਅਮਰ ਖਜਾਨਾ ਹੈ। ਉਨ੍ਹਾਂ ਨੇ ਬੜੇ ਮਾਣ ਨਾਲ ਆਪਣੇ ਆਪ ਨੂੰ ਸ਼ਾਇਰ ਆਖਿਆ- 'ਨਾਨਕ ਸ਼ਾਇਰ ਏਵ ਕਹਿਤ ਹੈ। ਭਾਵੇਂ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਆਪਣੇ ਵੇਲੇ ਦੇ ਸਮਕਾਲੀ ਮਸਲਿਆਂ ਨੂੰ ਆਪਣੀ ਬਾਣੀ ਦਾ ਆਧਾਰ ਬਣਾਇਆ, ਪਰ ਇਹ ਹਰ ਯੁੱਗ ਤੇ ਹਰ ਸਮੇਂ ਦੇ ਮਨੁੱਖਾਂ ਲਈ ਓਟ ਤੇ ਆਸਰਾ ਵੀ ਹੈ ਤੇ ਵੰਗਾਰ ਵੀ।
ਗੁਰੂ ਅੰਗਦ ਦੇਵ ਜੀ (1504-1552 ਈ.) : ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਗੁਰੂ ਅੰਗਦ ਦੇਵ ਗੁਰ-ਗੱਦੀ ਤੇ ਬਿਰਾਜਮਾਨ ਹੋਏ । ਆਪ ਦੀ ਰਚੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਬਾਕੀ ਸਭ ਗੁਰੂਆਂ ਨਾਲੋਂ ਘੱਟ ਹੈ। ਆਪ ਦੇ ਰਚੇ ਹੋਏ 63 ਸ਼ਲੋਕਾਂ ਦਾ ਮੂਲ ਵਿਸ਼ਾ ਨਿਰਮਾਣਤਾ ਗੁਰੂ-ਭਗਤੀ ਸ਼ਰਧਾ ਤੇ ਪ੍ਰੇਮ ਹੈ। ਇਹ ਸ਼ਲੋਕ ਜਾਂ ਤਾਂ ਬਾਕੀ ਗੁਰੂਆਂ ਦੀਆਂ ਵਾਰਾਂ ਵਿਚ ਆਉਂਦੇ ਹਨ ਜਾਂ "ਵਾਰਾਂ ਤੋਂ ਵਧੀਕ" ਸ਼ਲੋਕਾਂ ਦੇ ਸਿਰਲੇਖ ਹੇਠ । ਇਹ ਸ਼ਲੋਕ ਬੜੀ ਸਾਦਾ ਤੇ ਸਰਲ ਸ਼ੈਲੀ ਵਿਚ ਹਨ ਅਤੇ ਇਨ੍ਹਾਂ ਵਿਚ ਜ਼ਿੰਦਗੀ ਦੀਆਂ ਪਰਮ-ਸਚਿਆਈਆਂ ਨੂੰ ਪ੍ਰਗਟਾਇਆ ਗਿਆ ਹੈ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੇ ਆਪ ਨੇ ਇਹ ਸਲੋਕ ਉਚਾਰਿਆ:
ਜਿਸ ਪਿਆਰੇ ਸਿਉਂ ਨੇਹ, ਤਿਸ ਆਗੈ ਮਰਿ ਚਲੀਐ
ਧ੍ਰਿਗ ਜੀਵਣੁ ਸੰਸਾਰ, ਤਾਕੇ ਪਾਛੇ ਜੀਵਣਾ।
ਆਪ ਦੀ ਰਚਨਾ ਦੇ ਕੁਝ ਕੁ ਨਮੂਨੇ ਇਸ ਪ੍ਰਕਾਰ ਹਨ :
(1) ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜ਼ਾਰ।
ਏਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ ॥
(2) ਜੋ ਸਿਰਿ ਸਾਈਂ ਨਾ ਨਿਵੇ, ਸੋ ਸਿਰ ਦੀਜੈ ਡਾਰ ।
ਨਾਨਕ ਜਿਸ ਪਿੰਜਰ ਮੈਂ ਬ੍ਰਿਹਾ ਨਹੀਂ, ਸੋ ਪਿੰਜਰ ਲੈ ਜਾਰ।
(3) ਨਾਨਕ ਚਿੰਤਾ ਮਤੁ ਕਰੋ, ਚਿੰਤਾ ਤਿਸਿ ਹੀ ਹੈ।