“ਹਾਂ ਸਾਰੇ ਰਾਜੀ ਖੁਸ਼ੀ ਨੇ ।”
"ਸਾਡਾ ਇਕ ਸੁਨੇਹਾ ਹੀ ਭੂਆ ਨੂੰ ਦੇ ਦੇਈਂ ।"
"ਇਕ ਛੱਡ ਭਾਂਵੇ ਦਸ ਸੁਨੇਹੇ ਦੇ ਦੇਵੋ, ਮੈਨੂੰ ਕਿਹੜਾ ਭਾਰ ਚੁੱਕਣਾ ਪੈਣਾ ਏ ।"
ਚੰਨੋ ਸ਼ਾਮੇ ਤੋਂ ਥੋੜਾ ਪਿੱਛੇ ਆਪਣੀ ਖੱਬੀ ਉਂਗਲ ਉੱਤੇ ਪੌਣੇ ਦਾ ਲੜ ਲਪੇਟ ਰਹੀ ਸੀ । ਉਸ ਦੇ ਖਿਆਲ ਵਿੱਚ ਸ਼ਾਮੋ ਬਿਲਕੁਲ ਯਬਲੀਆਂ ਮਾਰ ਰਹੀ ਸੀ ।
"ਚੰਗਾ ਭੂਆ ਨੂੰ ਆਖੀਂ, ਸੈਦ ਕਬੀਰ ਦੇ ਮੇਲੇ ਤੇ ਜਰੂਰ ਆਵੇ ।"
"ਹੋਰ?"
“ਹੋਰ ਬਸ, ਏਥੇ ਸੁੱਖ ਸਾਂਦ ਹੈ । ਮੇਲੇ ਨੂੰ ਜਰੂਰ-ਬਰ-ਜਰੂਰ ਆਵੇ, ਨਾਲੇ ਤੂੰ ਵੀ ਆਵੀਂ ।" ਮਗਰਲੀ ਗੱਲ ਕਹਿ ਕੇ ਸ਼ਾਮੋਂ ਦੰਦ ਜੋੜ ਕੇ ਹੱਸ ਪਈ । ਚੰਨੋ ਦੇ ਚੇਹਰੇ “ਤੇ ਤੂੰ ਵੀ ਆਵੀਂ ਸੁਣਕੇ ਲਾਲੀ ਛਿੜ ਗਈ। ਮੂਰਖਾਂ ਦੀਆਂ ਸਾਰੀਆਂ ਕਮਲੀਆਂ ਵਿੱਚੋਂ ਇੱਕ ਅੱਧੀ ਕੁਦਰਤੀ ਘੁਣਖਰ ਵਾਂਗ ਕੀਮਤੀ ਨਿਕਲ ਆਉਂਦੀ ਹੈ।
“ਮੈਂ ਵੀ ਆਵਾਂ ? ਕਿੱਥੇ ਰਹੂੰਗਾ ?" ਰੂਪ ਨੇ ਅਸਲ ਗੱਲ ਨੂੰ ਦਬਾਉਂਦਿਆਂ ਦੁਹਰਾ ਕੇ ਪੁੱਛਿਆ।
“ਤੂੰ ਆਪ ਹੀ ਆਖਦਾ ਸੀ, ਦਾਤੇ ਮੇਰੇ ਨਾਨਕੇ ਐ। ਨਹੀਂ ਏਥੇ ਕਪੂਰੀ ਤੇਰੀ ਚਾਚੀ ਦਾ ਘਰ ਐ। ਕੀ ਤੈਨੂੰ ਮੰਜਾ ਲੀੜਾ ਨਾ ਮਿਲੂ ।"
“ਨਾਲ ਦੀ ਸਹੇਲੀ ਤੋਂ ਵੀ ਪੁੱਛ ਲਾ, ਮੈਂ ਤਾਂ ਆਉਣ ਨੂੰ ਆ ਜੂੰਗਾ ।" ਰੂਪ ਨੇ ਜਾਣ ਬੁੱਝ ਕੇ ਚੰਨੋ ਨੂੰ ਛੇੜਨ ਦੀ ਨੀਯਤ ਨਾਲ ਆਖਿਆ ।
"ਤੂੰ ਕਿੰਝ ਵਧੇਰੇ ਮਾਣ ਨਾਲ ਆਉਣਾ ਏਂ ?"
"ਜਦੋਂ ਕੋਈ ਸੱਦੇ, ਫਿਰ ਕੁਝ ਬਣਕੇ ਹੀ ਆਉਣਾ ਪੈਂਦਾ ਹੈ ।
ਪੰਜ ਛੇ ਖੇਤਾਂ ਦੀ ਵਿੱਥ ਤੇ ਇੱਕ ਗੱਭਰੂ ਸੱਜੇ ਹੱਥ ਕਿਰਪਾਨ ਛੜੀ ਆ ਰਿਹਾ ਸੀ ਅਤੇ ਉਸਦੇ ਪਿੱਛੇ ਬਾਗ ਵਾਲੀ ਸ਼ਾਇਦ ਉਸਦੀ ਵਹੁਟੀ ਆ ਰਹੀ ਸੀ । ਚੰਨੋ ਨੇ ਸ਼ਾਮੋ ਦਾ ਧਿਆਨ ਗੱਲਾਂ ਨਾਲੋਂ ਤੋੜ ਕੇ ਆਉਂਦੇ ਰਾਹੀਆਂ ਵੱਲ ਕਰਾਇਆ। ਉਹਨਾਂ ਓਥੋਂ ਹੀ ਖੇਤਾਂ ਵੱਲ ਜਾਣ ਨੂੰ ਸੈਨਤ ਮਿਲਾਈ । ਸ਼ਾਮੇ ਨੇ ਧਿਆਨ ਨਾਲ ਵੇਖਦਿਆਂ ਆਖਿਆ:
“ਆਪਣੇ ਪਿੰਡ ਦੇ ਨਹੀਂ ।
“ਚੰਗਾ ਮੈਂ ਜਰੂਰ ਆਵਾਂਗਾ, ਰੂਪ ਨੇ ਗੱਲਾਂ ਦਾ ਅਖੀਰ ਕਰਦਿਆਂ ਆਖਿਆ।
“ਬੇਫਿਕਰ ਰਹਿ, ਅਸੀਂ ਤੈਨੂੰ ਧਰਮਸ਼ਾਲਾ “ਚ ਪਾਲਾਂਗੀਆਂ ।" ਸ਼ਾਮੋ ਮਖੌਲ ਕਰਕੇ ਹੱਸ ਪਈ,
“ਜਿੱਥੇ ਮਰਜੀ ਹੋਈ ਪਾ ਦਿਓ। ਹੱਛਾ ਸਾਸਰੀ ਕਾਲ ।
“ਸਾ ਸਰੀ ਕਾਲ “
ਰੂਪ ਆਪਣੇ ਨਾਨਕੀਂ ਦਾਤੇ ਪਿੰਡ ਨੂੰ ਚਲਿਆ ਗਿਆ ਅਤੇ ਉਹ ਦੋਵੇਂ ਖੇਤਾ ਨੂੰ ਸਾਗ ਤੋੜਨ ਨੂੰ ਮੁੜ ਪਈਆਂ । ਖੇਤ ਕੁ ਵਿੱਥਾ ਤੇ ਆਉਂਦਾ ਰਾਹੀਂ ਆਪਣੀ ਘਰਵਾਲੀ ਨੂੰ ਅੱਖ ਮਾਰ ਕੇ ਮੁਸਕਾ ਪਿਆ । ਜਵਾਨੀ, ਜਵਾਨੀ ਤੇ ਰਸ਼ਕ ਕਰਦੀ ਹੈ ਜਾਂ ਜੋ ਕੁਝ ਆਪ ਮੰਗਦੀ ਹੈ, ਦੂਜੇ ਕੋਲ ਸਹਾਰ ਨਹੀਂ ਸਕਦੀ । ਖੁਦਗਰਜੀ ਕੁਦਰਤੀ ਨਹੀਂ, ਮਨੁੱਖ ਦੀ ਅਸੰਤੋਸ਼ੀ ਤਬੀਅਤ ਵਿੱਚ ਜੰਮ ਪੈਂਦੀ ਹੈ ।
ਚੰਨੋ ਨੇ ਆਪਣੇ ਖਿਆਲਾਂ ਦੀ ਧੁੰਮ ਵਿੱਚ ਸ਼ਾਮ ਨੂੰ ਆਖਿਆ-
"ਕਿੱਡਾ ਸੋਹਣਾ ਜਵਾਨ ਐ, ਪਰ ਕੰਮ ਕਿਹੜੇ ਜਾ ਰਿਹਾ ਏ ।