“ਮੈਨੂੰ ਕੀ ਪਤਾ, ਕਿਹੜੇ ਕੰਮ ਜਾ ਰਿਹਾ ਏ ।"
“ਦਾਤੇ ਜੂਆ ਹੁੰਦਾ, ਮੈਨੂੰ ਪੱਕੀ ਸ਼ੱਕ ਏ ਜੂਆ ਖੇਡਣ ਜਾ ਰਿਹਾ ਏ ।
ਸਾਡੇ ਕਰਤਾਰੇ ਨੂੰ ਵੀ ਕਦੇ-ਕਦੇ ਝੱਸ ਉੱਠ ਖਲੋਂਦਾ ਏ ।
“ਹਾਂ ਜੂਆ ਨਾ ਕਿਤੇ ਹੋਰ, ਉਂਗ ਦੀਆਂ ਪਤਾਲ ਤੂੰ ਮਾਰੀ ਜਾਨੀ ਏਂ ।" ਸ਼ਾਮੋ ਨੇ ਦੁਪੱਟਾ ਵੱਟ ਤੇ ਰੱਖ ਦਿੱਤਾ ।
ਦੋਵੇਂ ਸਾਗ ਤੋੜਨ ਲੱਗ ਪਈਆਂ। ਚੰਨੋ ਗੰਦਲ ਤੋੜਦੀ-ਤੋੜਦੀ ਆਪਣੇ ਭਾਵਾਂ ਵਿੱਚ ਜੁੜ ਜਾਂਦੀ । ਉਸਦੇ ਅੰਦਰ ਸੋਚਾਂ ਜੰਮ ਪਈਆਂ ਸਨ, ਜਿਹੜੀਆਂ ਉਸਦੇ ਹਿਰਦੇ ਨੂੰ ਬੇਮਲੂਮ ਚੋਭਾਂ ਨਾਲ ਫੈਲ ਰਹੀਆਂ ਸਨ। ਹਿਰਦੇ ਵਿੱਚ ਚੋਭਾਂ, ਕਸਕਾਂ ਦੀ ਫੈਲਾ-ਫੈਲੀ, ਉਹ ਮਿੱਠਾ ਦਰਦ ਸੁਆਦ ਅਨੁਭਵ ਕਰਦੀ । ਅੱਜ ਪਹਿਲੇ ਦਿਲ ਸ਼ਾਮੋ ਨੇ ਗੰਦਲਾਂ ਦੀਆਂ ਕਈ ਚੀਰਨੀਆਂ ਤੋੜ ਕੇ ਉਸ ਨੂੰ ਦਿੱਤੀਆਂ ।
ਮੇਰੇ ਭਾ ਦਾ ਦੁੱਧ ਮੁਸ਼ਕੇ,
ਤੇਰਾ ਰੰਗ ਮੁਸ਼ਕੇ ਮੁਟਿਆਰੇ।
ਭਾਗ : ਤੀਜਾ
ਬੇਦੀ ਵਾਲਾ ਤਾਰਾ ਚੜਦਾ, ਘਰ-ਘਰ ਹੋਣ ਵਿਚਾਰਾਂ
ਕੁਸ ਲੁਟ ਲੀ ਮੈਂ ਪਿੰਡ ਦਿਆਂ ਪੈਂਚਾਂ, ਕੁਸ ਲੁਟ ਲੀ ਸਰਕਾਰਾਂ
ਗਹਿਣੇ ਸਾਰੇ ਘਰਦਿਆਂ ਲਾਹ ਲਏ, ਜੋਬਨ ਲੈ ਲਿਆ ਯਾਰਾਂ
ਭੇਡਾਂ ਚਾਰਦੀਆਂ ਬੇਕਦਰਿਆਂ ਦੀਆਂ ਨਾਰਾਂ ॥
ਸੰਤੀ ਦੇ ਮਾਲਕ ਹੁਕਮੇ ਨੇ ਪਿਛਲੀ ਉਮਰੇ ਪਰਦੇਸੋਂ ਆ ਕੇ ਵਿਆਹ ਕਰਵਾਇਆ ਸੀ । ਜਦ ਉਹ ਗੱਭਰੂ ਸੀ ਤੇ ਰਾਤ-ਦਿਨ ਹਿੱਕ ਡਾਹ ਕੇ ਲੋਹੜੇ ਦਾ ਕੰਮ ਕਰਦਾ ਸੀ . ਉਦਪੋਂ ਉਸਨੂੰ ਕਿਸੇ ਸਾਕ ਨਾ ਕੀਤਾ । ਪੜਦਾਦੇ ਤੋਂ ਚਾਲੀ ਘੁਮਾਂ ਜਮੀਨ ਪੁੱਤ-ਪੋਤਰਿਆਂ ਵਿੱਚ ਵੰਡੀਦੀ ਦੋ- ਦੋ ਘੁਮਾਂ ਰਹਿ ਗਈ ਸੀ । ਘਰ ਤੇ ਜਮੀਨ ਤੋਂ ਬਿਨਾਂ ਇੱਕ ਕਾਮੇ ਦਾ ਵਿਆਹ ਹੋ ਜਾਂਦਾ ਪਰ ਮਾਮੂਲੀ ਜਮੀਨ ਵਾਲੇ ਜੱਟ ਮੁੰਡੇ ਨੂੰ ਸਾਕ ਨਹੀਂ ਅਤੇ ਕਮਾਊ ਮੁੰਡੇ ਦੀ ਥਾਂ ਬਹੁਤੀ ਵਾਰ ਜਮੀਨ ਨੂੰ ਸਾਕ ਕੀਤਾ ਜਾਂਦਾ ਹੈ । ਦੂਜੇ ਜੱਟ ਕੁੜੀਆਂ ਲੈਣਾਂ ਤਾਂ ਸਾਰੇ ਚਾਹੁੰਦੇ ਹਨ, ਪਰ ਦੇਣ ਵਾਰੀ ਆਪਣਾ ਸਿਰ ਸ਼ਰੀਕ ਦੇ ਪੈਰਾਂ ਹੇਠ ਸਮਝਿਆ ਜਾਂਦਾ ਹੈ । ਕਈ ਵਾਰ ਤਾਂ ਇਸਦੀ ਹੇਠੀ ਦੇ ਵਤੀਰੇ ਨੂੰ ਮਹਿਸੂਸ ਕਰਦਿਆਂ ਕੁੜੀ ਨੂੰ ਮਾਰ ਵੀ ਦਿੱਤਾ ਜਾਂਦਾ ਹੈ ।
ਹੁਕਮਾ ਵੀ ਲੋਕਾਂ ਤੋਂ ਜਮੀਨ ਲੈ ਕੇ ਵਾਹੁੰਦਾ ਰਿਹਾ । ਮੰਦਵਾੜੇ ਵਿੱਚ ਆ ਕੇ ਉਸਦਾ ਤੇ ਬਲਦਾਂ ਦਾ ਮਸਾਂ ਹੀ ਢਿੱਡ ਭਰਦਾ ਸੀ । ਵਿਹਲੇ ਦਿਨਾਂ ਵਿੱਚ ਉਹ ਸ਼ਹਿਰ ਦੀ ਮੰਡੀ ਤੱਕ ਆਪਣੇ ਗੱਡੇ ਨਾਲ ਭਾਰ ਵੀ ਵਾਹ ਲੈਂਦਾ ਸੀ ।ਔਰਤ ਬਿਨਾਂ ਵਾਹੀ ਨਹੀਂ ਚੱਲ ਸਕਰੀ । ਕਿਸਾਨ ਦਾ ਜਿੰਨਾ ਕੰਮ ਖੇਤਾਂ ਵਿੱਚ ਹੁੰਦਾ ਹੈ, ਓਨਾ ਹੀ ਘਰ ਵਿਗੁਚਦਾ ਹੈ । ਹਲ ਵਾਹੁੰਦਿਆਂ, ਖੂਹ ਚਲਾਉਂਦਿਆਂ ਅਤੇ ਗੋਡੀ ਆਦਿ ਕਰਦਿਆਂ ਜੇ ਵੇਲੇ ਸਿਰ ਰੋਟੀ ਹੀ ਨਾ ਪੁੱਜੇ ਤਾਂ ਕਿਸਾਨ ਦਾ ਕੰਮ ਕਿਸ ਤਰਾਂ ਨੇਪਰੇ ਚੜ ਸਕਦਾ ਹੈ।
ਵੱਡਾ ਭਰਾ ਜਿਉਣਾ ਅੱਡ ਹੋ ਗਿਆ ਸੀ ਅਤੇ ਹੁਕਮੇ ਨੇ ਤਿੰਨ ਕੁ ਸਾਲ ਬਿਰਧ ਮਾਈ ਦੀ ਸਹਾਇਤਾ ਨਾਲ ਵਾਹੀ ਜਾਰੀ ਰੱਖੀ । ਪਰ ਉਸਦੇ ਅੱਖਾਂ ਮੀਟਣ ਨਾਲ ਹੀ ਉਸਨੂੰ ਮਜਬੂਰ ਹੋ ਕੇ ਛੱਡਣੀ ਪਈ । ਪਸ਼ੂ ਅਤੇ ਗੱਡਾ ਵੇਚ ਕੇ ਕਲਕੱਤੇ ਚਲਾ ਗਿਆ । ਉਥੇ ਉਸਨੂੰ ਕੰਮ ਨਾ ਮਿਲਣ ਕਰਕੇ ਉਹ, ਜਹਾਜ ਚੜਕੇ ਸਿੰਗਾਪੁਰ ਚਲਾ ਗਿਆ ਸੀ । ਥੋੜਾ ਚਿਰ ਗੁਰਦਵਾਰੇ ਅਟਕਣ ਪਿੱਛੋਂ ਉਸਨੂੰ ਚੌਲਾਂ ਵਾਲੀ ਮਿੱਲ ਵਿੱਚ ਰਾਤ ਦੇ ਜਾਗੇ ਦੀ ਨੌਕਰੀ ਮਿਲ ਗਈ। ਓਥੇ ਉਸਨੇ ਜੀਅ ਲਾਕੇ ਕੰਮ ਕੀਤਾ । ਮਿੱਲ ਦੇ ਮਦਰਾਸੀ ਮਜਦੂਰਾਂ ਤੋਂ ਵਿਆਜ ਖਾ-ਕਾ ਕੇ ਉਸ ਕੋਲ ਖਾਸੀ ਰਕਮ ਹੋ ਗਈ ਸੀ ।