ਕੁਝ ਵੀ ਨਾ । ਹਾਲੀ ਮਾਮਲਾ ਦੇਣ ਖਾਤਰ ਉਸਨੂੰ ਆਪਣੀ ਜੰਜੀਰੀ ਵੇਚਣੀ ਪਈ । ਜਿਉਣਾ ਜਮੀਨ ਤਾਂ ਆਪ ਵਾਹ ਜਾਂਦਾ ਪਰ ਹਰ ਛਿਮਾਹੀ ਮਾਮਲਾ ਸੰਤੀ ਨੂੰ ਦੇਣਾ ਪੈਂਦਾ ਸੀ । ਉਹ ਹਰ ਪਾਸਿਓਂ ਨਿਰਾਸ਼ ਹੋ ਗਈ ਸੀ । ਉਹ ਕਈ ਵਾਰ ਸੋਚਦੀ ਸੀ, ਮੈਂ ਜਿਉਣੇ ਨਾਲ ਵਾਹ ਪਾ ਕੇ ਕਿੰਨਾ ਕਮਲ ਕੀਤਾ ਸੀ ।
ਪੰਜ ਛੇ ਮਹੀਨੇ ਹੋਰ ਬੀਤ ਜਾਣ ਤੇ ਸਿਆਲ ਮੁੜ ਆ ਗਿਆ ਸੀ ਅਤੇ ਸੰਤੀ ਦੀ ਉਦਾਸ ਜਿੰਦਗੀ ਵਿੱਚ ਉਦਾਸ ਪਤਝੜ ਲੈ ਆਇਆ । ਇਕ ਸ਼ਾਮ ਉਹ ਆਪਣੇ ਧੂੜ ਨਾਲ ਲਿਬੜੇ ਮੁੰਡੇ ਨੂੰ ਗਰਮ ਪਾਣੀ ਨਾਲ ਨਹਾ ਰਹੀ ਸੀ । ਮੁੰਡਾ ਨਹਾਉਣ ਲਈ ਅਸਲੋਂ ਰਾਜੀ ਨਹੀਂ ਸੀ ਸਗੋਂ ਰੋਣੀ ਸੂਰਤ ਬਣਾ ਕੇ “ਈ ਆਹੀਂ ਕਰ ਰਿਹਾ ਸੀ । ਮੁੰਡਾ ਖੁੱਦੋ-ਖੂੰਡੀ ਖੇਡਦਾ ਰੋਜ ਹਾਣੀਆਂ ਨਾਲ ਲਿੱਬੜ ਕੇ ਘਰ ਆਉਂਦਾ ਅਤੇ ਬਿਨਾ ਹੱਥ ਪੈਰ ਧੋਤੇ ਰਜਾਈ ਚ ਜਾਣ ਦੀ ਜਿਦ ਕਰਦਾ । ਪਰ ਸੰਤੀ ਉਸਨੂੰ ਨਹਾਉਣ ਜਾਂ ਘੱਟੋ-ਘੱਟ ਹੱਥ ਪੈਰ ਧੋਣ ਲਈ ਖਿੱਚ ਕੇ ਪਟੜੇ ਤੇ ਕਰ ਲੈਂਦੀ ਸੀ । ਅੱਜ ਉਹ ਜਦੋਂ ਹੀ ਉਸਨੂੰ ਨੁਹਾ ਹੀ ਰਹੀ ਸੀ ਕਿ ਰੂਪ ਆ ਗਿਆ।
ਸੰਤੀ ਨੇ ਰੂਪ ਨੂੰ ਮੰਜੀ ਡਾਹ ਦਿੱਤੀ ਤੇ ਉਹ ਬਹਿ ਗਿਆ। ਵਿਹੜੇ ਵਿੱਚ ਖਲੋਤੀ ਪਲੂਣ ਗਾਂ ਰੂਪ ਨੂੰ ਓਪਰਾ ਸਮਝ ਕੇ ਸਿਰ ਚੁੱਕ ਕੇ ਵੇਖ ਰਹੀ ਸੀ ।ਸਤੀ ਵੀ ਕੋਲ ਹੀ ਪੀਹੜੀ ਡਾਹ ਕੇ ਬਹਿ ਗਈ ।
“ਮੈਂ ਚਾਚੀ ਪਰਸੋਂ ਨੂੰ ਦਾਤੇ ਗਿਆ ਸੀ ।" ਰੂਪ ਨੇ ਗੱਲ ਤੋਰਦਿਆਂ ਆਖਿਆ, "ਕਪੂਰੀ ਰਾਹ ਵਿੱਚ ਸਾਗ ਨੂੰ ਜਾਂਦੀਆਂ ਦੇ ਕੁੜੀਆਂ ਮਿਲੀਆਂ ਸਨ । ਓਹਨਾ ਸੁਨੇਹਾ ਦਿੱਤਾ ਕਿ ਭੂਆ ਸੈਦ ਕਬੀਰ ਦੇ ਮੇਲੇ ਤੇ ਜਰੂਰ ਆਵੇ।
“ਹੱਛਾ ਤੈਨੂੰ ਸਾਮੇ ਤੇ ਚੰਨੋ ਮਿਲੀਆਂ ਹੋਣੀਆਂ ਏ ।" ਸੰਤੀ ਨੇ ਪੇਕਿਆਂ ਤੋਂ ਸੁਣਕੇ ਖੁਸ਼ੀ ਅਨੁਭਵ ਕਰਦਿਆਂ ਆਖਿਆ ।
"ਇਉਂ ਨਾਂ ਤਾਂ ਮੈਂ ਉਹਨਾ ਦੇ ਜਾਣਦਾ ਨਹੀਂ ।"
“ਤੈਨੂੰ ਉਹਨਾ ਨੇ ਕਿਵੇਂ ਸਿਆਣ ਲਿਆ ਕਿ ਤੂੰ ਨਵੇਂ ਪਿੰਡ ਦਾ ਹੀ ਏਂ ?"
ਰੂਪ ਨੂੰ ਕੋਈ ਛੇਤੀ ਜਵਾਬ ਨਾਂ ਔਹੜਿਆ ਤੇ ਉਸ ਗੱਲਜਿਹੀ ਬਣਾ ਕੇ ਉੱਤਰ ਦਿੱਤਾ:
“ਕਪੂਰੀ ਫਰਮਾਹਾਂ ਵਾਲੇ ਖੂਹ ਤੇ ਮੈਨੂੰਇਕ ਮੁੰਡਾ ਮਿਲਿਆ ਮੇਰਾ ਲਿਹਾਜੂ ਹੀ ਐ। ਮੈਂ ਉਸਨੂੰ ਨਵੇਂ ਪਿੰਡ ਆਉਣ ਲਈ ਕਿਹਾ ਸੀ, ਸ਼ਾਇਦ ਕੋਲੋਂ ਦੀ ਲੰਘਦੀਆਂ ਨੇ ਓਦੋਂ ਸੁਣ ਲਿਆ ਹੋਣਾਂ।
ਸੰਤੀ ਬਹੁਤੀ ਚਤਰ ਨਹੀਂ ਸੀ, ਦਿੱਧੇ ਸਾਦੇ ਸੁਭਾਅ ਵਾਲੀ ਔਰਤ ਸੀ ਜਿਹੜੀ ਚਿਹਰੇ ਤੋਂ ਅੰਦਰਲੇ ਭਾਵ ਨਹੀਂ ਪੜ ਸਕਦੀ ਸੀ ।
"ਹੂੰ” ਸੰਤੀ ਨੇ ਹੁੰਗਾਰਾ ਭਰਦਿਆਂ ਆਖਿਆ, "ਉਹਨਾ ਦੋਹਾਂ ਦਾ ਆਪੋ ਵਿੱਚ ਈ ਬੜਾ ਸਹੇਲਪੁਨਾ ਹੈ ।"
"ਬਹੁਤਾ ਕੁਝ ਤਾਂ ਮੈਂ ਵੀ ਉਲਟਾ ਕੇ ਨਹੀਂ ਪੁੱਛਿਆ ।"
“ਜੇ ਸਨੇਹਾ ਨਾ ਵੀ ਆਉਂਦਾ ਤਾਂ ਮੈਂ ਤਾਂ ਵੀ ਜਾਣਾ ਸੀ । ਅੱਜ ਦਿਨ ਕੀ ਹੈ ।"
“ਐਤਵਾਰ ।“
"ਹਾਂ ਸੱਚ ਅੱਜ ਸਾਡੇ ਮੇਦਨ ਨੂੰ ਵੀ ਸਕੂਲੋਂ ਛੁੱਟੀ ਹੈ ।"ਐਸ ਵੀਰਵਾਰ ਨੂੰ ਤਿੰਨ ਦਿਨ ", ਸੰਤੀ ਨੇ ਉਂਗਲਾਂ ਦੇ ਵਾਢੇ ਗਿਣਦਿਆਂ ਕਿਹਾ, ਮੇਲਾ ਅਗਲੇ ਤੋਂ ਅਗਲੇ ਵੀਰਵਾਰ ਦਾ ਏ । ਅਜੇ ਸਤਾਰਾਂ ਠਾਰਾਂ ਦਿਨ ਪਏ ਆ। ਮੈਂ ਆਪਣੇ ਭਰਾ ਨੂੰ ਨਾਲ ਲਿਆ ਕੇ ਜਿਉਣੇ ਅੰਤ ਨਿਪੁੱਤੇ ਦਾ ਬੀ ਕਜੀਆ ਨਬੇੜਨਾ ਹੈ।
“ਭਲਾ ਚਾਚੀ ਉਹ ਆ ਕੇ ਕੀ ਕਰੂ ।"
“ਆਦਮੀ ਕੱਠੇ ਕਰਕੇ ਫੇਰ ਪੁੱਛਾਂਗੇ ਨਹੀਂ ਸਰਕਾਰੇ ਅਰਜੀ ਪਾਵਾਂਗੇ ।"
“ਚਾਚੀ ਕਿੰਨਾ ਪੁੱਛ ਲਵੋ, ਉਸ ਤੁਹਾਡੇ ਪੈਰ ਨਹੀਂ ਲੱਗਣ ਦੇਣੇ “ਰੂਪ ਨੇ ਹਮਦਰਦੀ ਜਤਾਉਂਦਿਆਂ ਕਿਹਾ।
“ਫੇਰ ਰੂਪ ਤੂੰ ਹੀ ਕੋਈ ਉਪਾਅ ਦੱਸ। ਮੇਰੀ ਜਾਨ ਬੜੀ ਔਖੀ ਐ।"