ਕਮਾਦ ਦੀ ਛਿੱਲ ਰੱਖੀ ਹੋਈ ਸੀ ।ਛੋਟੀਆਂ ਬਾਲੜੀਆਂ ਊਟ-ਪਟਾਂਗ ਗੀਤ ਗਾ ਰਹੀਆਂ ਸਨ । ਹਨੇਰਾ ਵਧ ਰਿਹਾ ਸੀ । ਵੱਡੀਆਂ ਸੁਆਣੀਆਂ ਨੇ ਵੀ ਲੋਹੜੀ ਦੇ ਨਿੱਘੇ ਚਾਨਣ ਵਿੱਚ ਫਿਕਰਾਂ ਨੂੰ ਭੁਲਾ ਦਿੱਤਾ ਸੀ ਮੁਟਿਆਰਾਂ ਤੇ ਵਹੁਟੀਆਂ ਦੀਆਂ ਅਬੋਲ ਖੁਸ਼ੀਆਂ ਗੁੱਝਿਆ ਹਾਣੀਆਂ ਦੀਆਂ ਅੱਖਾਂ ਵਿੱਚ ਮੁਸਕਾ-ਮੁਸਕਾ ਜਾਂਦੀ । ਵਲਵਲੇ ਲੋਹੜੀ ਦੀ ਲਾਟ ਵਾਂਗ ਮਚਲ ਰਹੇ ਸਨ ਅਤੇ ਸਾਰਿਆਂ ਦੀਆਂ ਅੱਖਾਂ ਵਿੱਚ ਮੁਸਕਾਂਦੀ ਲਾਟ ਨੱਚ ਰਹੀ ਸੀ । ਨਿੱਘੀ ਰਾਤ ਵਿੱਚ ਪਿਆਰ ਹੁਸਨ ਜਵਾਨ ਲਹੂ ਮੁਸਮਸੀਆਂ ਛੇੜ ਰਿਹਾ ਸੀ । ਲੋਹੜੀ ਸੇਕ ਰਹੀਆਂ ਨਿੱਕੀਆਂ-ਵੱਡੀਆਂ ਦੀ ਕੰਨ “ਚ ਪਾਈ ਨਹੀਂ ਸੁਣਦੀ ਸੀ । ਐਨੇ ਰੌਲੇ ਵਿੱਚ ਲਾਗੇ ਬੈਠੀਆਂ ਵੀ ਆਪਣੀ ਗੱਲ ਸਮਝ-ਸਮਝਾ ਨਹੀ ਸਕਦੀਆਂ ਸਨ । ਚਿੱਟੇ ਕਾਲੇ ਤਿਲ ਅਤੇ ਸਲਾਰੇ ਦੇ ਗੂਹੜੇ ਨੀਲੇ ਬੀ ਲੋਹੜੀ ਤੇ ਸੁੱਟਣ ਨਾਲ ਤਿੜ ਤਿੜ ਦੀ ਅਵਾਜ ਪੈਦਾ ਹੁੰਦੀ, ਜਿਹੜੀ ਸਾਰਿਆਂ ਦੇ ਚਿਹਰੇ ਖਿੜਾ ਜਾਂਦੀ । ਜਿੰਨਾਂ ਦੇ ਘਰੀਂ ਪਿਆਰ ਦਾ ਫਲ ਬੱਚੇ ਦੇ ਰੂਪ ਵਿੱਚ ਆਇਆ ਸੀ । ਉਹਨਾ ਖੁਸ਼ੀ ਵਿੱਚ ਰਿਵਾਜ ਅਨੁਸਾਰ ਗੁੜ ਵੰਡਣਾ ਸ਼ੁਰੂ ਕਰ ਦਿੱਤਾ ਸੀ । ਗੁੜ ਵੰਡਣ ਵੇਲੇ ਤਾਂ ਲੋਹੜੇ ਦਾ ਰੌਲਾ ਮੱਚ ਉੱਠਿਆ ।
"ਤਾਇਆ ਮੈਨੂੰ ਦੇਈਂ । ਚਾਚਾ ਮੈਨੂੰ । ਚੰਦਰੇ ਹੱਥਾਂ ਵਾਲਿਆਂ, ਖੁੱਲੇ ਜੇਰੇ ਨਾਲ ਵੰਡ । ਨੀ ਇਹ ਤੇ ਝੁਰਿਆ ਪਿਆ ਏ ।" ਇਤਿਆਦੀ ਅਵਾਜਾਂ ਨੇ ਸਾਰਿਆਂ ਦੇ ਸਿਰ ਦੁਖਣ ਲਾ ਦਿੱਤੇ ।
ਇਸ ਅਤਿ ਦੇ ਥੱਲੇ ਅਤੇ ਹੱਥੋਪਾਈ ਵਿੱਚ ਚੰਗਾ ਮੌਕਾ ਤਾੜ ਕੇ ਸਬ ਦੀ ਅੱਖ ਬਚਾ ਕੇ ਖਿਸਕ ਗਈ । ਲੋਹੜੀ ਰੂਪ ਦੇ ਘਰ ਤੋਂ ਬਹੁਤੀ ਦੂਰ ਨਹੀਂ ਸੀ । ਰਾਜੀ ਮਰਾਸਣ ਉਸਦੀ ਉਡੀਕ ਵਿੱਚ ਹਾਲੇ ਤੱਕ ਲੋਹੜੀ ਤੇ ਨਹੀਂ ਗਈ ਸੀ । ਸੱਦਣ ਆਈਆਂ ਨੂੰ “ਮੀਰ ਥੋੜਾ ਢਿੱਲਾ ਹੈ, ਉਹਨੂੰ ਚਾਹ ਕਰਕੇ ਦੇ ਆਵਾਂ ਆਖ ਟਾਲ ਦਿੱਤਾ । ਜਦ ਮਾਮੂਲੀ ਜਿਹੇ ਸਾਹ ਚੜੇ ਤੇ ਬਚਨੋ, ਰਾਜੀ ਦੇ ਘਰ ਪਹੁੰਚੀ, ਤਦ ਮੀਰ ਸੱਚੀਂ ਆਪਣੀ ਬੁੱਢੀ ਹੁੱਕੀ ਮੂੰਹ ਵਿੱਚ ਪਾਈ ਅਗਲੇ ਅੰਦਰ ਪਿਆ ਉੱਘ ਰਿਹਾ ਸੀ । ਰਾਜੀ ਬਚਨੋ ਨੂੰ ਥੋੜਾ ਸਾਹ ਫੁਲੀ ਵੇਖ ਕੇ ਦੰਦਾ ਹੇਠ ਜੀਭ ਲੈਕੇ ਹੱਸ ਪਈ । ਰਾਜੀ ਨੇ ਬਚਨੋ ਨੂੰ ਪੌੜੀ ਵੱਲ ਹੱਥ ਦਾ ਇਸ਼ਾਰਾ ਕੀਤਾ ਅਤੇ ਆਪ ਅੰਦਰਲੇ ਬੂਹੇ ਅੱਗੇ ਹੋ ਕੇ ਦੀਵੇ ਦਾ ਬਾਹਰ ਆਉਂਦਾ ਮਿੰਨਾਂ ਜਿਹਾ ਚਾਨਣ ਰੋਕ ਲਿਆ । ਪੌੜੀ ਚੜਦੀ ਬਚਨੋਂ ਦਾ ਦਿਲ ਹਰ ਡੰਡੇ ਤੇ ਧੜਕਦਾ ਅਤੇ ਮੁੜ ਨਵੇਂ ਹੰਭਲੇ ਵਿੱਚ ਇਰਾਦਾ ਅੱਗੇ ਵਧ ਜਾਂਦਾ । ਜੀਵਨ ਆਦਰਸ਼ ਵੱਲ ਕਦੇ ਕਦੇ ਵਧਦਾ ਹੈ, ਪਰ ਕਾਮਨਾ ਉਸਨੂੰ ਖੁਆਰ ਥਾਂ-ਥਾਂ ਕਰਦੀ ਹੈ । ਉਹ ਵੀਂਗੀ ਪੌੜੀ ਦੇ ਕਮਜੋਰ ਡੰਡਿਆਂ ਤੇ ਹੱਥ ਪਾ-ਪਾ ਕੇ ਮਸੀਂ ਕੰਧ ਤੇ ਚੜੀ ਸੀ । ਰੂਪ ਦੇ ਪੱਕੇ ਦਲਾਣ ਨੂੰ ਦੂਜੇ ਪਾਸੇ ਪੱਕੀਆਂ ਪੌੜੀਆਂ ਚੜਦੀਆਂ ਸਨ । ਮਰਾਸੀਆਂ ਵਾਲੇ ਪਾਸੇ ਕੋਈ ਲੱਕੜ ਦੀ ਪੌੜੀ ਵੀ ਨਹੀਂ ਸੀ । ਘੁੱਗਣੀ ਮਾਰ ਕੇ ਕੰਧ ਤੇ ਬੈਠੀ ਬਚਨੋ ਨੇ ਹੇਠਾਂ ਤੱਕਿਆ । ਕੰਧ ਦੇ ਨਾਲ-ਨਾਲ ਖੁਰਲੀ ਬਣੀ ਹੋਈ ਸੀ ।
ਹੇਠਾ ਛਾਲ ਮਾਰ ਕੇ ਸੱਟ ਲੱਗਣ ਦੇ ਖਿਆਲ ਨੇ ਉਸਨੂੰ ਕੰਬਾ ਦਿੱਤਾ। ਉਹ ਬੜੀ ਕਾਹਲੀ ਸੋਚ ਰਹੀ ਸੀ ਕਿ ਹੁਣ ਕੀ ਕਰਾਂ, ਔਰਤ ਦੀ ਤਰਤ ਵਿੱਚ ਇਹ ਖਾਸ ਸਿਫਤ ਹੈ ਕਿ ਉਹ ਜਜਬਾਤੀ ਤੋਂ ਵਿੱਚ ਪੰਘਰਦੀ ਅਤੇ ਮੁਸ਼ਕਿਲਾਂ ਵਿੱਚ ਫਸੀ ਵੀ ਕੁਝ ਚੰਗਾ ਸੋਚ ਸਕਦੀ ਹੈ ।ਉਸ ਕੰਧ ਤੋਂ ਰੋੜੀ ਪੱਟ ਕੇ ਵਿਹੜੇ ਵਿੱਚ ਵਗਾਹ ਕੇ ਮਾਰੀ, ਪਰ ਉੱਤਰ ਕੋਈ ਨਾ ਾਇਆ । ਫਿਰ ਕੰਧ ਤੇ ਬੈਠਿਆਂ ਉਸਨੂੰ ਕਿਸੇ ਦੇ ਵੇਖ ਲੈਣ ਦੇ ਖਿਆਲ ਨੇ ਚੌਕੰਨਾ ਕਰ ਦਿੱਤਾ । ਉਹ ਇੱਕ ਦਮ ਤ੍ਰਭਕੀ ਤੇ ਦੂਜੇ ਹੀ ਪਲ ਉਸਦੇ ਵਿੱਚ ਲੋਹੜੇ ਦਾ ਬਲ ਆਗਿਆ । ਉਹ ਕੰਧ ਨੂੰ ਹੱਥ ਪਾ ਕੇ ਲਮਕ ਗਿਆ ਅਤੇ ਆਪਣੇ ਆਪ ਨੂੰ ਸੰਭਾਲ ਕੇ ਖੁਰਲੀ ਵਿੱਚ ਛਾਲ ਮਾਰ ਦਿੱਤੀ।
................
ਰੂਪ ਕੋਲੋਂ ਥੋੜਾ ਹੀ ਸਮਾਂ ਪਹਿਲਾਂ ਉਸਦਾ ਪੱਗ-ਵੱਟ ਭਰਾ ਜਗੀਰ ਉਠ ਕੇ ਗਿਆ ਸੀ । ਬਚਨੋਂ ਦਾ ਅੱਕ ਰਾਤੀ ਰੂਪ ਨੂੰ ਮਿਲਣ ਦਾ ਕਰਾਰ ਸੀ । ਜਗੀਰ ਠੇਕੇ ਤੋਂ ਸ਼ਰਾਬ ਦੀ ਬੋਤਲ ਲੈ ਆਇਆ ਸੀ । ਰੂਪ ਨੇ ਪੀਣ ਨਾਂਹ-ਨੁੱਕਰ ਕੀਤੀ, ਪਰ ਅੱਗਰੇ ਹਮੇਸ਼ਾ ਪੀ ਲੈਂਦਾ ਸੀ । ਰੂਪ ਨਹੀਂ ਸੀ ਚਾਹੁੰਦਾ, ਕਿ ਜਗੀਰ ਬਹੁਤਾ ਚਿਰ ਉਸ ਕੋਲ ਰਹੇ । ਪਰ ਪਿਆਏ ਬਿਨਾ ਜਗੀਰ ਵੀ ਜਾਣਾ ਵਾਲਾ ਨਹੀਂ ਸੀ । ਅਖੀਰ ਰੂਪ ਨੇ ਛੇਤੀ ਛੇਤੀ ਗਲੋਂ ਗਲਾਵਾਂ ਲਾਹੁਣ ਲਈ ਉਸ ਨਾਲ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਪੀਂਦਿਆਂ ਉਦਰੀਆਂ-ਗੁਦਰੀਆਂ ਮਾਰਨ ਤੋਂ ਬਿਨਾ ਉਨਾਂ ਦੇ ਸੰਨ ਮੱਤੀ ਦੀ ਜਮੀਨ ਵਾਲੀ ਗੱਲ ਵੀ ਛਿੜੀ। ਪਰ ਜਗੀਰ ਨੇ ਸਰਸਰੀ ਗੱਲ ਸਮਝ ਕੇ ਆਖਿਆ:
“ਜਿਵੇਂ ਤੂੰ ਆਖੇਂਗਾ, ਬਾਈ ਕਰ ਲਾਂਗੇ, ਕਿਹੜੀ ਗੱਲ ਹੈ ।"
“ਜੇ ਕੋਈ ਹਭੀ-ਨਭੀ ਪਈ ?"
"ਤੇਰੀ ਖਾਤਰ ਸਬ ਕੁਝ ਕਰਲਾਂਗੇ ।" ਜਗੀਰ ਨੇ ਬੋਤਲ ਤੇ ਕੌਲੀ ਰੂਪ ਵੱਲ ਵਧਾਈ।
“ਮੈਨੂੰ ਤਾਂ ਯਾਰ ਦੇ ਹਾੜਿਆਂ ਨਾਲ ਈ ਤਾਰ ਆ ਗਈ । ਤੂੰ ਦੋ ਹੋਰ ਪੀ, ਤੇਰੀਆਂ ਅੱਖਾਂ ਅਜੇ ਵੀ ਚਿੱਟੀਆਂ ਪਈਆਂ ਹਨ ।" ਰੂਪ ਨੇ ਲਾਲਟੈਣ ਦੇ ਚਾਨਣ ਵਿੱਚ ਦੇਖ ਮੁਸਕਰਾਉਂਦਿਆਂ ਕਿਹਾ।