ਉਹ ਬਿਸਤਰਾ ਵਿਛਾ ਨਹੀਂ ਸਗੋਂ ਗੰਨ ਰਿਹਾ ਹੋਵੇ । ਮੁੜ ਬਾਹਰ ਵਿਹੜੇ ਵਿੱਚ ਆ ਗਿਆ, ਬਚਨੋਂ ਹਾਲੇ ਵੀ ਨਾ ਆਈ। ਉਸਦਾ ਸਰੀਰ ਤੋੜ ਕਰ ਰਿਹਾ ਸੀ । ਉਹ ਕੁੰਡਾ ਖੋਲ ਕੇ ਬਚਨੀ ਨੂੰ ਲੋਹੜੀ ਤੇ ਵੇਖਣ ਚਲਿਆ ਗਿਆ । ਉਹ ਓਥੇ ਵੀ ਕਿਤੇ ਨਾ ਦਿਸੀ । ਉਸ ਦਾ ਮਨ ਨਫਰਤ ਨਾਲ ਭਰ ਗਿਆ। ਜਦ ਮਨ ਵਿੱਚ ਗਾਲਾਂ ਦੇਂਦਾ ਵਾਪਸ ਪਰਤਿਆ, ਬਚਨੋ ਉਸਦੇ ਬਿਸਤਰੇ ਚੇ ਮੁਟਕੜੀ ਮਾਰੀ ਬੈਠੀ ਸੀ । ਉਸਦੇ ਨਸ਼ੇ ਦੀ ਤੋਟ ਇਕਦਮ ਚੜਾਈ ਵਿੱਚ ਬਦਲ ਗਈ । ਬਚਨੋ ਨੇ ਪੈਂਦੀ ਸੱਟੇ ਕਿਹਾ।
“ਲੈ ਮਰ ਜਾਣਿਆ ਕੰਧ ਤੋਂ ਛਾਲ ਮਾਰਦਿਆਂ ਦੋਵੇਂ ਲੱਤਾਂ ਟੁੱਟ ਗਈਆਂ ।"
“ਥੂ ਸਰਦਾਰਨੀ, ਪਾਰੋਂ ਬੋਲ ਮਾਰਦੀ: ਮੈਥੋਂ ਕੰਧ ਟੱਪਿਆਂ ਨਾ ਜਾਵੇ, ਖਿੱਚ ਲੈ ਬਾਂਹ ਫੜਕੇ ।"
ਫੁੱਲ ਦੀ ਕਿਹੜਾ ਲੱਗਣ ਦੇਂਦਾ ਸੀ, ਰੂਪ ਨੇ ਵਲਵਲਿਆਂ ਦੀ ਮਚਲਾਣ ਵਿੱਚੋਂ ਆਖਿਆ।
"ਕਿਸੇ ਜਾ ਵੱਡੇ ਦਾ ਡਰ ਨਹੀਂ ਸੀ ਨਾ ।"
ਮਚਦੀ ਕਾਮਨਾ ਪੋਹ-ਮਾਘ ਦਾ ਕੱਕਰ ਨਹੀਂ ਠਾਰ ਸਕਦਾ । ਜਿੰਦਗੀ ਦੇ ਅਜੋੜ ਸਾਥ ਵਿੱਚ ਅਵੱਗਿਆ ਜਨਮ ਲੈਂਦੀ ਹੈ, ਜਿਸਨੂੰ ਸਮਾਜ ਦੋਸ਼ ਤੇ ਗੁਨਾਹ ਸਮਝਦਾ ਹੈ । ਪਰ ਸਮਾਜ ਨੇ ਕਦੇ ਇਹ ਨਹੀਂ ਸੋਚਿਆ, ਇਹ ਪੈਦਾ ਕਿਉਂ ਹੁੰਦੇ ਹਨ ? ਬਚਨੋ ਦਾ ਸੌਲਾ ਰੰਗ ਲਾਲਟੈਣ ਦੇ ਚਾਨਣ ਵਿੱਚ ਪੰਘਰ ਕੇ ਤਾਂਬੇ ਵਰਗਾ ਹੋ ਗਿਆ ਸੀ । ਰੂਪ ਦੇ ਮੰਜੇ ਦੇ ਪਿਛਲੇ ਪਾਸੇ ਪਿੱਤਲ ਮੜਿਆ ਸੰਦੂਕ ਖਲੋਤਾ ਸੀ । ਉਸ ਦੇ ਉਤਲੇ ਹਿੱਸੇ ਵਿੱਚ ਸਿਆਣੇ ਕਾਰੀਗਰ ਨੇ ਮੋਰ ਤੇ ਮੋਰਨੀ ਬਣਾਏ ਹੋਏ ਸਨ । ਰੂਪ ਨੇ ਹੱਸਦਿਆਂ ਕੁਝ ਸੋਚ ਕੇ ਪੁੱਛਿਆ :
"ਮੈਨੂੰ ਕੋਈ ਸਾਕ ਨਹੀਂ ਕਰਾਉਣਾ ?"
"ਮੈਨੂੰ ਈ ਰੱਖ ਲੈ ।" ਬਚਨੋਂ ਨੇ ਝੱਟ ਹੀ ਮਸਖਰੀ ਕੀਤੀ ।
"ਤੂੰ ਕਦੋਂ ਰਹਿਨੀਂ ਏਂ ।"
"ਤੂੰ ਹਿੱਕ ਥਾਪੜ, ਰਹਿਣ ਨੂੰ ਕਿਹੜੀ ਗੱਲ ਏ ।
"ਇੰਨਾਂ ਚਾਲਾਂ ਨਾਲ ਕਿਸੇ ਹੋਰ ਨੂੰ ਚਾਰਿਆ ਕਰ ।"
“ਲੈ ਵੇਖ ਲੈ, ਮੈਨੂੰ ਅੜਿਆ ਚਾਲਾਂ ਦੱਸਦਾ ਏਂ । ਸਾਕ ਜੱਟ ਮਚਲਾ ਆਪ ਨਹੀਂ ਲੈਂਦਾ ।"
"ਹਾਸੇ ਨਾਲ ਤਾਂ ਹਾਸਾ ਰਿਹਾ ।" ਰੂਪ ਨੇ ਥੋੜਾ ਗੰਭੀਰ ਹੋ ਕੇ ਕਿਹਾ, “ਤੂੰ ਚੱਜ ਦਾ ਸਾਕ ਜਰੂਰ ਕਰਾ ਦੇ ।" ਇਉਂ ਚੋਰੀਆਂ ਕਿੰਨਾਂ ਕੁ ਚਿਰ ਕਰਾਂਗੇ, ਨਾਲੇ ਬਗਾਨੀ ਤੀਵੀ ਦੀ ਕਾਹਦੀ ਮੇਰ ਹੈ।
ਬਚਨੋਂ ਨੂੰ ਆਖਰੀ ਗੱਲ ਸੂਈ ਵਾਂਗ ਚੁਭ ਗਈ । ਰੂਪ ਉਸਦੇ ਪਹਿਲੀ ਉਮਰ ਵਿੱਚ ਜਿਉਣੇ ਨਾਲ ਸਾਰੇ ਕਾਰੇ ਵੇਖ ਤੇ ਸੁਣ ਚੁੱਕਾ ਸੀ । ਏਸੇ ਲਈ ਹੀ ਉਸ ਦੇ ਮਨ ਨੇ ਬਚਨੀ ਦੀ ਮੁਲਾਹਜੇਦਾਰੀ ਦਾ ਗੂੜਾ ਅਸਰ ਨਾ ਕਬੂਲਿਆ । ਬਚਨੋ ਨੂੰ ਉਸਦੀ ਆਖੀ ਗੱਲ ਕੱਟ ਕੇ ਸੁਟ ਗਈ । ਉਸ ਤਲਖੀ ਦੀ ਅੰਦਰ ਘੁੱਟ ਭਰਦਿਆਂ ਕਿਹਾ:
ਜੇ ਭਲਾ ਕੋਈ ਸਾਕ ਹੋਵੇ ਈ ਨਾ, ਫੇਰ ਭਲਾ ਕਿਵੇਂ ਸਰੇ । ਅਗਲੀ ਵਾਗੂੰ ਜੇ ਕੋਈ ਗਲ ਫਾਹ ਪੈ ਗਿਆ, ਤਾਂ ਰੋਈ ਜਣਦਿਆਂ ਨੂੰ ।
“ਮੈਂ ਤੈਨੂੰ ਹੁਣੇ ਜੋ ਰੋਨਾ ਹਾਂ, ਕਿਸੇ ਭਲੇ ਘਰ ਦੀ ਧੀ ਲਿਆ ਦੇ ।"
“ਫੇਰ ਆਹ ਮੂੰਹ ਨਹੀਂ ਰਹਿਣੇ ।"
"ਬਈ ਹੀਰੀਏ ਮੈਂ ਨਹੀਂ ਮੁੱਖ ਮੋੜਦਾ ਤੇਰੇ ਵੱਲੋਂ, ਜਿੱਥੇ ਤੇਰੀ ਮਰਜੀ ਐ ਲਿਖਾ ਲੈ ।"
“ਸਰਦਾਰਾ ਦਿਲ ਫਿਰ ਕੁਝ ਹੋਰ ਹੋ ਜਾਂਦੇ ਨੇ । ਮੈਨੂੰ ਕੀ ਲੋੜ ਏ, ਮੈਂ ਆਪਣੇ ਪੈਰ ਕੁਹਾੜੀ ਮਾਰਾਂ, ਮੈਨੂੰ ਤਾਂ ਮਸਾਂ ਥਿਆਇਆ ਏਂ ।" ਬਚਨੋ ਦਾ ਆਪਾ ਰੂਪ ਤੇ ਉਲਰਿਆ ਪਿਆ ਸੀ । ਉਸ ਆਪ ਮੁਹਾਰੇ ਕਿਹਾ:
“ਮੇਰਾ ਯਾਰ ਸਰੂ ਦਾ ਬੂਟਾ, ਰੱਬ ਕੋਲੋਂ ਲਿਆ ਮੰਗ ਕੇ ।"