ਜਗੀਰ ਨੂੰ ਲੈ ਕੇ ਕਪੂਰਿਆਂ ਤੋਂ ਸੈਦ ਕਬੀਰ ਆਉਣ ਵਾਲੇ ਰਾਹ ਚ ਖਲੋਤੇ ਸਨ । ਉਸਦਾ ਵਿਸ਼ਵਾਸ ਸੀ, ਉਹ ਜਰੂਰ ਆਉਣਗੀਆਂ। ਲੋਕ ਦੋ-ਦੋ ਚਾਰ-ਚਾਰ ਕੋਹ ਤੋਂ, ਉਹ ਐਥੋਂ ਅੱਧ ਕੋਹ ਤੋਂ ਨਹੀਂ ਆਉਣਗੀਆਂ ? ਇਸ ਮੇਲੇ ਤੇ ਕਈ ਜੋੜੀਆਂ ਦੇ ਮੇਲ ਹੁੰਦੇ ਸਨ । ਸੜਦੀਆਂ ਅੱਖਾਂ ਆਪਣੇ ਪਰੇਮੀ ਤੱਕ ਕੇ ਠਰਦੀਆਂ, ਪਰ ਮੁੜ ਭਟਕਣਾ ਵਿੱਚ ਦੂਣ ਸਵਾਈਆਂ ਬਲ ਉਠਦੀਆਂ। ਪਿਆਰ ਸਾੜੇ ਵਿੱਚ ਜਿਉਂਦਾ ਹੈ, ਬੇਸਬਰੀ ਦੀ ਕੈਦ ਵਿੱਚ ਤੜਫਦਾ ਹੈ । ਜਿੰਦਗੀ ਬੰਧਨਾ ਵਿੱਚ ਬਲ ਖਾਂਦੀ ਵੀ ਸਿਸਕਰਹੀ ਹੈ। ਜੀਉਣ ਦੀ ਖਾਹਿਸ਼ ਪ੍ਰਬਲ ਹੈ, ਕੁਦਰਤੀ ਰੁਚੀਆਂ ਨੂੰ ਕੌਣ ਮਾਰ ਸਕਦਾ ਹੈ।
ਰੂਪ ਖੇਤ ਦੀ ਵੱਟ ਤੇ ਖਲੋਤਾ ਸੀ ਅਤੇ ਉਸਦਾ ਬੈਤਾ ਨੇੜੇ ਹੀ ਇੱਕ ਝਾੜੀ ਵਿੱਚ ਮੂੰਹ ਮਾਰ ਰਿਹਾ ਸੀ । ਸਾਰਾ ਰਾਹ ਠਾਠੀ ਵਗ ਰਿਹਾ ਸੀ । ਉਸ ਦੀ ਨਜਰ ਕੁੜੀਆਂ ਦੀਆਂ ਆਉਂਦੀਆਂ ਜਾਂਦੀਆਂ ਟੋਲੀਆਂ ਵਿੱਚ ਖੁੱਭ ਜਾਂਦੀ । ਆਖਰ ਤੀਰ ਨਿਸ਼ਾਨੇ ਤੇ ਜਾ ਹੀ ਵੱਜਾ। ਕਪੂਰਿਆਂ ਵੱਲੋਂ ਇੱਕ ਟੋਲੀ ਆ ਰਹੀ ਸੀ, ਤੇ ਰੂਪ ਦੀਆਂ ਬੇਸਬਰ ਅੱਖਾਂ ਨੇ ਚੰਨੋ ਤੇ ਸ਼ਾਮੋ ਨੂੰ ਝੱਟ ਪਛਾਣ ਲਿਆ । ਉਹਦੇ ਚਿਹਰੇ ਤੇ ਸਾਰੇ ਮੇਲੇ ਦੀ ਰੂਹ-ਖੁਸ਼ੀ ਆ ਚਮਕੀ । ਚੰਨੋ ਨੂੰ ਤੱਕ ਕੇ ਉਸਨੂੰ ਇੱਕ ਪਰਕਾਰ ਦਾ ਨਸ਼ਾ ਜਿਹਾ ਚਜ਼ ਗਿਆ । ਉਸਦੀਆਂ ਆਪ ਮਦਰਾ ਵੰਡਦੀਆਂ ਅੱਖਾਂ ਨੇ ਇੱਕ ਵਾਰ ਫੇਰ ਕਿਸੇ ਦੇ ਰੂਪ ਦੀ ਘੁੱਟ ਭਰੀ, ਅੰਦਰਲੀ ਥਰਾਂਦ ਵਿੱਚ ਉਹ ਝੂਟ ਖਾ ਗਿਆ। ਚੰਨੋ ਦੇ ਮੋਟੇ ਮੋਟੇ ਮਿਰਗ ਨੈਣ ਉਸਨੂੰ ਆਪਣੀਆਂ ਪਲਕਾਂ ਵਿੱਚ ਲੁਕਾ ਰਹੇ ਸਨ । ਉਸ ਦੀ ਹੋਸ਼ ਕਿਸੇ ਦੇ ਰੂਪ ਵਿੱਚ ਗੋਤੇ ਖਾ ਰਹੇ ਸਨ । ਚੰਨੋ ਰੂਪ ਨੂੰ ਵੇਖਕੇ ਅਸਲੋਂ ਹਰੀ ਹੋ ਗਈ । ਚੁੰਨੀ ਤੇ ਪੱਗ ਦੇ ਇੱਕੋ ਰੰਗ ਨੇ ਉਸ ਨੂੰ ਪਿਆਰ ਦੇ ਗੂਹੜੇ ਰੰਗ ਵਿੱਚ ਸੂਹੀ ਕਰ ਦਿੱਤਾ । ਉਸ ਦਾ ਚਿਹਰਾ ਹਰੀ ਬੁੱਕਲ ਦੇ ਵਿੱਚਕਾਰ ਸੂਹੇ ਗੁਲਾਬ ਵਾਂਗ ਖਿੜਿਆ ਜਾਪ ਰਿਹਾ ਸੀ । ਉਸਨੂੰ ਇਉਂ ਪਰਤੀਤ ਹੋ ਰਿਹਾ ਸੀ ਜਿਵੇਂ ਉਸਦੇ ਅੰਦਰ ਮਿਠਾਸ ਪੰਘਰਦੀ ਜਾਰਹੀ ਹੋਵੇ । ਉਹ ਸੋਚ ਰਹੀ ਸੀ, ਪੱਗ ਤੇ ਚੁੰਨੀ ਦਾ ਇੱਕੋ ਰੰਗ, ਦਿਲਾਂ ਦੀ ਇੱਕੋ ਪਿਆਰ ਸੰਗ, ਕੀ ਚੰਗਾ ਹੋਵੇ, ਸੱਚ, ਸੱਚ ਹੋ ਜਾਵੇ । ਉਹ ਪਲਕ ਮਾਤਰ ਵਿੱਚ ਬਹੁਤ ਕੁਝ ਸੋਚ ਗਈ ਅਤੇ ਅੰਦਰਲੇ ਭਾਵਾਂ ਵਿੱਚ ਉਲਝ ਕੇ ਸਾਰਿਆਂ ਤੋਂ ਪਿੱਛੇ ਹੋ ਗਈ । ਉਸਨੂੰ ਆਪਣਾ ਆਪ ਕਿਰਦਾ ਜਾਪਿਆ ਜਿਵੇਂ ਉਹ ਰੂਪ ਤੱਕ ਆਉਂਦੀ ਆਉਂਦੀ ਹੋਸ਼ ਗਵਾ ਲਵੇਗੀ । ਖਿਆਲਾਂ ਅਤੇ ਵਲਵਲਿਆਂ ਦੀ ਬਹੁਤਾ ਲਹੂ ਵਿੱਚ ਇਨਕਲਾਬ ਬਨ ਗਈ ਗਈ, ਜਿਸਦਾ ਅਸਰ ਬਾਹਰਲੀ ਜਿਲਦ ਦਾ ਕੁਦਰਤੀ ਰੰਗ ਬਦਲਾ ਰਿਹਾ ਸੀ । ਬੇਪਰਦੇ ਹੁਸਨ ਵਿੱਚ ਸੰਗ ਦੇ ਚਿੰਨ ਫੂਕਾਂ ਮਾਰ-ਮਾਰ ਉਸਨੂੰ ਹੋਰ ਭਖਾ ਰਹੇ ਸਨ । ਜਿਸ ਵੇਲੇ ਔਰਤ ਸ਼ਰਮ ਵਿੱਚ ਪਨਾਹ ਮੰਗਦੀ ਹੈ, ਉਸ ਵੇਲੇ ਉਸ ਦੀ ਹੀ ਕੋਮਲਤਾ ਹੀ ਮਾਰੂ ਹੋ ਜਾਂਦੀ ਹੈ । ਸ਼ਾਮੋ ਦੀਆਂ ਖਚਰੀਆਂ ਨਜਰਾਂ ਚੰਨੋ ਦੇ ਚਿਹਰੇ ਤੋਂ ਉਸਦੇ ਅੰਦਰਲੇ ਭੇਤ ਵੀ ਚੁਰਾ ਗਈਆਂ।
ਸੰਤੀ ਨੇ ਵੀ ਨੇੜੇ ਆ ਕੇ ਰੂਪ ਤੇ ਜਗੀਰ ਨੂੰ ਪਛਾਣ ਲਿਆ, ਉਹਨਾਂ ਨੂੰ ਵੇਖ ਕੇ ਉਸਨੂੰ ਆਪਣਾ ਪਿੰਡ ਤੇ ਜਮੀਨ ਵਾਲ ਬਖੇਜਾ ਯਾਦ ਆ ਗਿਆ, ਪਰ ਉਹ ਰਲੀ ਜੁੜੀ ਖੁਸ਼ੀ ਵਿੱਚ ਸਬ ਭੁੱਲ ਗਈ । ਉਸ ਦੋਹਾਂ ਨੂੰ ਆਖਿਆ:
“ਤੁਸੀਂ ਘਰ ਨਾ ਆਏ ਰੂਪ ।
“ਰੋਟੀ ਟੁੱਕ ਖਾਦਾ ਸੀ, ਮੈਂ ਕਿਹਾ ਕੀ ਜਾਣਾ ਏ ।"
“ਰੋਟੀ ਨਾ ਸਹੀ, ਤੁਸੀਂ ਚਾਹ ਦੀ ਘੁੱਟ ਪੀਂਦੇ, ਨਾਲੇ ਘਰੇ ਬੋਤਾ ਬੰਨ ਆਉਂਦੇ ।
ਸ਼ਾਮੋ ਨੇ ਰੂਪ ਨੂੰ ਨੀਵੀਂ ਪਾਈ ਖਲੋਤਾ ਵੇਖ ਕੇ ਮਨ ਵਿੱਚ ਕਿਹਾ, " ਤੂੰ ਖੁਸ਼ੀ ਵਿੱਚ ਭਲਾ ਮਾਣਸ ਬਣਕੇ ਵਿਖਾ, ਮੈਂ ਤਾਂ ਤੇਰੇ ਢਿੱਡ ਦੀਆਂ ਵੀ ਜਾਣਦੀ ਆਂ ।"
ਜਦ ਰੂਪ ਨੇ ਥੋੜਾ ਉਤਾਂਹ ਤੱਕਿਆ, ਸ਼ਾਮੋ ਉਸਨੂੰ ਵੇਖਕੇ ਗੁੱਝਾ ਮੁਸਕਾ ਪਈ । ਮੁੜ ਸ਼ਾਮੇ ਚੰਨੋ ਨੂੰ ਤਾੜਨ ਲੱਗ ਪਐ । ਐਤਕੀਂ ਚੰਨੋ ਆਪਣੇ ਇਮਤਿਹਾਨ ਲਈ ਪੂਰੀ ਤਰਾਂ ਤਿਆਰ ਸੀ । ਉਸਨੇ ਆਪੇ ਤੇ ਹਰ ਸੰਭਵ ਕਾਬੂ ਪਾਇਆ ਹੋਇਆ ਸੀ । ਮਾਹੌਲ ਤੱਕ ਕੇ ਕੁਵਾਰੀ ਆਪਣੇ ਵਲਵਲਿਆਂ ਨੂੰ ਮਜਬੂਰੀ ਦਬਾ ਕੇ ਰੱਖਦੀ ਹੈ।
“ਚੰਗਾ ਆਥਣ ਨੂੰ ਕਿਤੇ ਦਾਤੇ ਨੂੰ ਨਾ ਚਲੇ ਜਾਇਓ, ਸਿੱਧੇ ਘਰ ਨੂੰ ਆਇਓ, ਆਹੈ ।" ਸੰਤੀ ਨੇ ਚਿਤਾਵਨੀ ਵਜੋਂ ਕਿਹਾ।
“ਅਸੀਂ ਚਾਚੀ ਦਾ ਘਰ ਛੱਡਕੇ ਦੋ ਕੋਹ ਵਾਟ ਜਰੂਰ ਕਰਨੀ ਐ, " ਜਗੀਰ ਨੇ ਸੰਤੀ ਨੂੰ ਉੱਤਰ ਦਿੱਤਾ ।
ਪਰ ਰੂਪ ਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ, " ਨਹੀਂ ਚਾਚੀ ਦਾਤੇ ਜਰੂਰ ਜਾਣਾ ਏ, ਮਾਮੇ ਨੂੰ ਮਿਲਣਾ ਏ, ਇਕ ਕੰਮ ਐ।"
ਚੰਨੋ ਦੇ ਦਿਲ ਵਿੱਚ ਕਿਸੇ ਨੇ ਸੂਈ ਮਾਰ ਦਿੱਤੀ । ਉਹ ਪੀੜ ਨਾਲ ਇਉਂ ਬੇਮਲੂਮ ਧੁੜ-ਧੂੜਾਈ, ਜਿਵੇਂ ਕੰਨ ਵਿੰਨਾਉਣ ਵੇਲੇ ਕੁੜੀ ਦਾ ਕੋਮਲ ਹਿਰਦਾ ਲਰਜ਼ਦਾ ਹੈ।