ਪਤਾਸੇ ਰਿਉੜੀਆਂ ਰਲੇ-ਮਿਲੇ ਲੈ ਲਏ । ਜਗੀਰ ਕਪੂਰੀ ਜਾਣਾ ਚਾਹੁੰਦਾ ਸੀ, ਪਰ ਰੂਪ ਨੇ ਉਸਨੂੰ ਸਹਿਜ ਨਾਲ ਆਖਿਆ:
“ਜਿੱਥੇ ਕਿਤੇ ਜਾਣਾ ਹੋਵੇ, ਉਕਰ ਨਾਲ ਜਾਨਾ ਚਾਹੀਦਾ ਏ ।"
“ਸਾਡੇ ਵਾਲਾ ਤਾਂ ਸਰਿਆ ਏ ਫੇਰ । ਨਾ ਸਾਡਾ ਉਕਰ ਹੋਵੇ ਨਾ ਕੋਈ ਲਿਜਾਵੇ ।
“ਜੇ ਉਹਨਾ ਲਿਜਾਣਾ ਹੁੰਦਾ, ਜਾਂਦੀਆਂ ਹੋਈਆਂ ਨਾ ਕਹਿ ਕੇ ਜਾਂਦੀਆਂ ।"
ਭਾਂਵੇ ਰੂਪ ਦਾ ਜਗੀਰ ਨਾਲੋਂ ਵੀ ਜਾਣ ਨੂੰ ਬਹੁਤਾ ਦਿਲ ਕਰਦਾ ਸੀ, ਪਰ ਥੋੜੀ ਝਿਜਕ ਅਤੇ ਬਹੁਤੀ ਸਿਆਣਪ ਨੇ ਉਸ ਨੂੰ ਦਾਤੇ ਦੇ ਰਾਹ ਪਾ ਦਿੱਤਾ ।
ਨਾਂ ਲਿਖ ਲਿਆ ਚੰਦ ਕੁਰੇ ਤੇਰਾ,
ਕੋਕੇ ਵਾਲੀ ਡਾਂਗ ਦੇ ਉੱਤੇ ।
ਭਾਗ - ਅੱਠਵਾਂ
ਬੱਗੇ ਬੋਤੇ ਵਾਲਿਆ ਮੈਂ ਬੱਗੀ ਹੋ ਹੋ ਜਾਨੀ ਆਂ
ਤੇਰੀ ਮਾਰੀ ਵੇ ਮੁੰਡਿਆ ਇੱਲ ਵਾਗੂੰ ਭਾਉਨੀ ਆਂ
ਅੱਖ ਮੱਚ ਜਾਵੇ ਰਾਤੀਂ, ਰਾਤ ਭਰ ਸਾਉਨੀ ਆਂ।
ਦੂਜੇ ਦਿਨ ਸ਼ਾਮੋ ਤੇ ਚੰਨੋ ਦੇ ਬਾਰੇ ਅੱਗੋਂ ਦੀ ਮੇਲੇ ਵਾਲਿਆਂ ਦੀਆਂ ਢਾਣੀਆਂ ਲੰਘ ਰਹੀਆਂ ਸਨ । ਕਈਆਂਹ ਦੇ ਮੋਢਿਆਂ ਤੇ ਡੱਬੀਆਂ ਵਾਲੇ ਦੁਪੱਟੇ ਰੱਖੇ ਹੋਏ ਸਨ ਅਤੇ ਕਈਆਂ ਦੇ ਚਾਦਰਿਆਂ ਨਾਲ ਕੱਛ ਹੇਠ ਦੀ ਵਲ ਮਾਰੇ ਹੋਏ ਸਨ । ਮੁੱਛਾਂ ਮਰੋੜਦੇ ਗੱਭਰੂ “ਖਰੜ-ਖਰੜ” ਕਰਦੇ ਚਾਦਰਿਆਂ ਨਾਲ ਕਦਮ ਪੁੱਟ ਰਹੇ ਸਨ । ਹਰ ਦੂਜੀ ਪਲਾਂਘ ਤੇ ਡਾਂਗ ਜਾਂ ਖੁੰਡੇ ਦੇ ਹੇਠਲੇ ਪਾਸੇ ਚੜੇ ਸਮ ਸੂਏ ਨੂੰ ਜੋਰ ਦੀ ਧਰਤੀ ਵਿੱਚ ਗੱਡਦੇ । ਜਵਾਨੀ ਦੀ ਮੜਕ ਹਰ ਹਰਕਤ ਤੇ ਭਾਰੂ ਸੀ ।
ਚੰਨੋ ਨੇ ਅੰਦਰਖਾਤੇ ਰੂਪ ਦੇ ਨਾ ਆਉਣ ਦਾ ਦੁੱਖ ਬਹੁਤ ਮਹਿਸੂਸ ਕੀਤਾ । ਪਰ ਕਦੇ ਨਿਰੀ ਸ਼ਰਮ ਵੀ ਬੋਲ ਕੇ ਦੱਸ ਸਕਦੀ ਹੈ, ਜਦਕਿ ਉਹ ਕੁਵਾਰੀ ਵੀ ਹੋਵੇ । ਇੱਕ ਕੁੜੀ ਦੇ ਗੂੰਗੇ ਜਜਬਾਤ ਉਹ ਆਪ ਵੀ ਨਹੀਂ ਜਾਣ ਸਕਦੀ । ਬਿਗਾਨੀ ਅਕਲ ਦਾ ਖਬਤ ਕੀ ਅਨੁਮਾਨ ਲਾ ਸਕਦਾ ਹੈ ? ਉਸਦੇ ਮਚਲ-ਮਚਲ ਪੈਂਦੇ ਚਾਵਾਂ ਨੇ ਆਪਣੇ ਪਰੇਮੀ ਨੂੰ ਉਡੀਕਿਆ ਸੀ । ਥੋੜਾ ਹੁੰਦਾ ਦਿਲ ਅੰਤਰੀਵ ਆਸਾਂ ਦੇ ਪਸਲੇਟੇ ਲੈਂਦਾ ਰਿਹਾ । ਬੇਸਬਰ ਅੱਖਾਂ ਨੇ ਬਾਹਰ ਨਿਕਲ ਨਿਕਲ ਪੈਹੇ ਵਿੱਚ ਉੱਡਦੀ ਗਰਦ ਨੂੰ ਵਾਰ-ਵਾਰ ਘੂਰਿਆ ਸੀ । ਹਨੇਰਾ ਹੋ ਗਿਆ ਤੇ ਅਖੀਰ ਉਸਦੀਆਂ ਉਡੀਕਾਂ ਤੇ ਵੀ ਰਾਤ ਪੈ ਗਈ । ਉਹਨਾ ਦੇ ਘਰ ਕਈ ਪਰਾਹੁਣੇ ਆਏ ਹੋਏ ਸਨ, ਪਰ ਉਸਨੂੰ ਖੁਸਦੇ ਮਨ ਨਾਲ ਸਾਰਾ ਘਰ ਭਾਂ-ਭਾਂ ਕਰਦਾ ਦਿਖਾਈ ਦੇ ਰਿਹਾ ਸੀ । ਸਾਰੀ ਦਿਹਾੜੀ ਉਸਦਾ ਮਨ ਭਟਕਦਾ ਰਿਹਾ । ਵਲਵਲਿਆਂ ਦੀ ਮਧੋਨ ਵਿੱਚੋਂ ਉੱਠ ਖਿਆਲਾਂ ਦਾ ਧੂਆਂ ਦਿਮਾਗ ਨੂੰ ਚੜਦਾ ਰਿਹਾ । ਉਸ ਤੋਂ ਰਾਤ ਨੂੰ ਨਾਂ ਤਾਂ ਰੋਟੀ ਖਾਧੀ ਗਈ ਤੇ ਨਾ ਹੀ ਉਹ ਸੌ ਸਕੀ । ਅਜਿਹੀ ਵਿਆਕੁਲ ਹਾਲਤ ਵਿੱਚ ਉਸਦਾ ਸਿਰ ਦੁਖਣ ਲੱਗ ਪਿਆ । ਦਿਮਾਗ ਦਿਲ ਦੀ ਤਰਜਮਾਨੀ ਕਰਨ ਤੋਂ ਤੰਗ ਆ ਗਿਆ ਸੀ (ਅਖੀਰ ਉਹ ਪਿਛਲੀ ਰਾਤ ਆਪਣੇ ਦੋਹੇ ਹੱਥਾਂ ਦੀ ਕੰਘੀ ਹਿੱਕ ਤੇ ਘੁੱਟ ਤੇ ਰੋ ਹੀ ਪਈ । ਪਿਆਰ ਦੀ ਮਜਬੂਰੀ ਅਤੇ ਹਾਰ ਨੂੰ ਅੱਥਰੂਆਂ ਬਿਨਾ ਕੌਣ ਸਹਾਰਾ ਦੇਂਦਾ ਹੈ ।
ਦਸ ਕੁ ਵਜੇ ਉਹ ਸ਼ਾਮੋ ਨਾਲ ਬਾਹਰ ਨੂੰ ਗਈ । ਜਿਹੜੇ ਰਾਹ ਉਹ ਜਾ ਰਹੀਆਂ ਸਨ, ਉਹ ਦਾਤੇ ਨੂੰ ਜਾਣ ਵਾਲਾ ਪੈਹਾ ਸੀ । ਮੇਲਾ ਵੇਖਣ ਵਾਲੇ ਦਾਤੇ ਵੱਲੋਂ ਵੀ ਬਹੁਤ ਲੋਕ ਆ ਰਹੇ ਸਨ । ਉਹਨਾ ਦੇ ਆਪਣੇ ਪਿੰਡ ਦੇ ਕਈ ਆਦਮੀ ਦਾਤਰੀ ਰੱਸਾ ਫੜੀ ਪੱਠੇ ਲੈਣ ਲਈ ਵਗੇ ਜਾ ਰਹੇ ਸਨ, ਜਿਵੇਂ ਉਹਨਾ ਨੂੰ ਅਵੇਰ ਹੋ ਗਈ ਸੀ । ਚੰਨੋ ਨੇ ਜਾਣ ਕੇ ਅੱਜ ਇਹ ਰਾਹ ਚੁਣਿਆ ਸੀ, ਜਿਸਨੂੰ ਸ਼ਾਮੋ ਨੇ ਸਿਰ ਹਿਲਾ ਕੇ ਅਤੇ ਗੁੱਝਾ ਮੁਸਕਾ ਕੇ ਸਮਜ ਲਿਆ ਸੀ । ਚੰਨੋ ਕਈ ਖੇਤਾਂ ਦੀ ਵਿੱਥ ਤੱਕ ਆਉਂਦੇ ਰਾਹੀਆਂ ਨੂੰ ਵੇਖਦੀ ਅਤੇ ਮੁੜ ਨੀਵੀਂ ਪਾ ਲੈਂਦੀ । ਵਾਸਤਵ ਵਿੱਚ ਪਿਆਰ ਭੋਲੇ ਹੁਸਨ ਨਾਲ ਬੁਰੀ ਕਰਦਾ ਹੈ। ਉਸ ਦੀਆਮ ਰੁਚੀਆਂ ਹੜ ਦੇ ਪਾਣੀ ਵਾਗ ਵੱਟਾਂ ਬੰਨੇ ਤੋੜ ਕੇ ਅਮੋੜ ਹੋ ਜਾਂਦੀਆਂ