Back ArrowLogo
Info
Profile

ਜੁੱਤੀ ਮਾਰ ਕੇ ਮਲਾਹਜਾ ਪਾ ਲਾਗੇ ।

 

ਭਾਗ-ਦੂਜਾ

ਲੈ ਪੈਣਾ ਕੁੜੀ ਸਾਗ ਨੂੰ ਚੱਲੀ

ਖੜੀ ਉਡੀਕੇ ਸਾਥਣ ਨੂੰ

ਕੱਚੀ ਕੈਲ ਮਰੋੜੇ ਦਾਤਣ ਨੂੰ ।

ਪਰਛਾਂਵੇ ਢਲ ਚੁੱਕੇ ਸਨ, ਪਰ ਸ਼ਾਮ ਦੇ ਵੇਹੜੇ ਵਿੱਚ ਹਾਲੇ ਕਾਫੀ ਧੁੱਪ ਸੀ । ਚਾਰ ਚਰਖੇ "ਘੂੰ-ਘੂੰ" ਚਲ ਰਹੇ ਸਨ । ਆਕੜੇ ਛੱਜ ਚੋਂ ਅੱਧਾ ਛਪ ਮੁੱਕ ਚੁੱਕਾ ਸੀ, ਬਾਕੀ ਰਹਿੰਦੇ ਨੂੰ ਮੁਕਾਉਣ ਲਈ ਸਾਰੀਆਂ ਹੱਥੀਂ ਨੂੰ ਛੋਹਲੀ ਨਾਲ ਘੁਮਾ ਰਹੀਆਂ ਸਨ । ਤਰਿੰਝਣ ਵਿੱਚ ਦੋ ਕੁੜੀਆਂ ਮੁਟਿਆਰਾਂ, ਇੱਕ ਪੰਜਾਹ ਦੇ ਲਗਭਗ ਬੁੱਢੀ ਅਤੇ ਇੱਕ ਤੀਹਾਂ ਕੁ ਵਰਿਆਂ ਦੀ ਬਹੁਟੀ ਪੱਟਾਂ ਵਿੱਚ ਬਾਲ ਪਾਈ ਕੱਤ ਰਹੀ ਸੀ । ਬੁੱਢੀ ਸ਼ਾਮੋ ਦੀ ਮਾਂ ਸੀ, ਦੂਜੀ ਮੁਟਿਆਰ ਉਸਦੀ ਸਹੇਲੀ ਚੰਨੋ । ਬਾਲ ਵਾਲੀ ਬਹਟੀ ਦੋਹਾਂ ਦੀ ਘਰਾਂ ਵਿੱਚੋ ਭਾਬੀ ਸੀ।

ਸੱਜੇ ਹੱਥ ਨਾਲ ਉਹ ਚਰਖੇ ਨੂੰ ਪੂਰੇ ਜੋਰ ਨਾਲ ਘੁਮਾ ਰਹੀਆਂ ਸਨ। ਚਰਮਖਾਂ ਦੇ ਆਸਰੇ ਖਲੋਤਾ ਤੱਕਲਾ ਮਸ਼ੀਨ ਦੇ ਧੁਰੇ ਵਾਂਗ ਘੁੰਮ ਰਿਹਾ ਸੀ । ਤੰਦ ਪਾਉਣ ਵੇਲੇ ਰਤਾ ਕੁ ਅਟਕਦਾ ਤੇ ਮੁੜ ਆਪਣੀ ਰਫਤਾਰ ਫੜ ਲੈਂਦਾ । ਮੁਟਿਆਰਾਂ ਦੀਆਂ ਬਾਹਾਂ ਲਗਰਾਂ ਵਾਂਗ ਤੰਦ ਪਾਉਂਦੀਆਂ ਤੇ ਉੱਚੀਆਂ ਉੱਠਦੀਆਂ । ਚੇਹਰਾ ਦੇਖਣ ਤੋਂ ਸ਼ਾਮੋ ਦੇ ਬੱਗੇ ਬੱਗੇ ਰੰਗ “ਚ ਲੁਕੀ ਸਿੱਖੀ ਦਾ ਪਤਾ ਲੱਗਦਾ ਸੀ, ਪਰ ਚੰਨੋ ਦਾ ਮੂੰਹ ਸਾਊਪੁਣੇ ਵਿੱਚ ਮਿੱਠਾ ਹੁਸਨ ਬਣਿਆ ਹੋਇਆ ਸੀ। ਕੱਤਦੀ ਸ਼ਾਮੇ ਨੂੰ ਗਲੀ ਵਿੱਚ ਲੰਘਦੇ ਆਦਮੀ ਚੰਗੀ ਤਰਾਂ ਦਿਸਦੇ ਸਨ। ਉਸ ਜਾਣ ਕੇ ਚਰਖਾ ਇਸ ਵਿਉਂਤ ਨਾਲ ਡਾਹਿਆ ਸੀ । ਛੋਪ ਵੱਲ ਵੇਖ ਕੇ ਉਹ ਗਲੀ ਵੱਲ ਝਾਤ ਮਾਰਦੀ । ਇਵੇਂ ਪਰਤੀਤ ਹੁੰਦਾ ਜਿਵੇਂ ਕਿਸੇ ਦੀ ਗੁੱਝੀ ਉਡੀਕ ਨੇ ਉਸਨੂੰ ਬੇਕਰਾਰ ਕਰ ਦਿੱਤਾ ਸੀ । ਗੁੱਡੇ ਸੁੱਟ ਸੁੱਟ ਉਸ ਆਪਣੀ ਮਾਂ ਦੀਆਂ ਪੂਣੀਆਂ ਜੋੜ ਦਿੱਤੀਆਂ ਸਨ ।ਪਰ ਉਸਦਾ ਜੀਅ ਹੁਣ ਕੱਤਣ ਵੱਲੋਂ ਉਚਾਟ ਹੋ ਗਿਆ ਸੀ । ਰਹਿ-ਰਹਿ ਕੇ ਉਸਦੇ ਗੋਰੇ ਰੰਗ ਵਿੱਚ ਚਿਣਗਾਂ ਫੁੱਟ ਰਹੀਆਂ ਸਨ । ਉਹ ਬਾਰ ਬਾਰ ਗਲੀ ਵੱਲ ਨੂੰ ਤੱਕ ਰਹੀ ਸੀ ।

ਚੰਨੋ ਨੇ ਕੰਧ ਦੀ ਭੇਜੀ ਜਾਂਦੀ ਛਾਂ ਨੂੰ ਵੇਖ ਕੇ ਕਿਹਾ:

"ਸਿਆਲਾਂ ਦੇ ਦਿਨ ਕੀ ਹੁੰਦੇ, ਵਿੰਹਦਿਆਂ ਹੀ ਮੁੱਕ ਜਾਂਦੇ ਐ ।"

“ਹਾਂ ਬੀਬੀ ਹੁਣ ਅਜੇ ਦੁਪਹਿਰਾ ਸੀ । ਅੱਜ ਤਾਂ ਛਪ ਵੀ ਮੁੱਕਣਾ ਨੀਂ ", ਵਹੁਟੀ ਨੇ ਸੁਭਾਵਿਕ ਉੱਤਰ ਦਿੱਤਾ ।

“ਚਲ ਜੇ ਨਾ ਮੁੱਕੂ ਤੇ ਨਾ ਸਹੀ, ਅਸੀਂ ਸਾਗ ਨੂੰ ਵੀ ਜਾਣਾ ਹੈ ।" ਸ਼ਾਮੋ ਨੇ ਚਰਖਾ ਚੁੱਕਣ ਦੀ ਸਲਾਹ ਨਾਲ ਕਿਹਾ।

“ਜੇ ਸਾਗ ਨੂੰ ਜਾਣਾ ਹੈ ਤਾਂ ਕੁਵੇਲਾ ਕਿਉਂ ਕਰਦੀਓਂ”, ਵਹੁਟੀ ਨੇ ਸ਼ਾਮੋ ਦੇ ਖਿਆਲ ਦੀ ਪ੍ਰੋੜ੍ਹਤਾ ਵਿੱਚ ਆਖਿਆ।

“ਸ਼ਾਮੋ ਅੜੀਏ ਹੋਰ ਨਾ ਗੁੱਡਾ ਸੁੱਟੀ ਹੁਣ । ਚੱਲ ਖਸਮਾਂ ਨੂੰ ਖਾਵੇ ਰਾਤ ਨੂੰ ਕੱਤ ਲਾਂ ਗੀਆਂ, ਕਿਉਂ ਤਾਈ ?" ਚੰਨੋ ਨੇ ਬੁੱਢੀ ਵੱਲ ਵੇਖਦਿਆਂ ਕਿਹਾ।

“ਥੋਡੀ ਮਰਜੀ ਐ ਧੀਏ ।" ਸ਼ਾਮੋ ਦੀ ਮਾ ਨੇ ਹਾਂ ਵਿੱਚ ਹਾਂ ਮਿਲਾ ਦਿੱਤੀ ।

ਗਲੀ ਵਿੱਚ ਦੀ ਕੋਈ ਸੰਤਰੇ ਰੰਗੀ ਪੱਗ ਵਾਲਾ ਲੰਘ ਗਿਆ । ਸ਼ਾਮੇ ਦੀਆਂ ਗੱਲ੍ਹਾਂ ਇਕਦਮ ਸੰਤਰੇ ਦੀਆਂ ਛਿੱਲੜਾ ਵਾਂਗ ਭਖ ਉੱਠੀਆਂ। ਪਰ ਦੂਜੇ ਹੀ ਪਲ ਨਿਸ਼ਾਨਾ ਉੱਕ ਜਾਣ ਵਾਂਗ ਸਿਰ ਫੇਰਿਆ।

ਚੰਨੋ ਨੇ ਸਬ ਤੋਂ ਪਹਿਲਾਂ ਪੂਣੀਆਂ ਕੱਤ ਕੇ ਚਰਖਾ ਖੜਾ ਕਰ ਦਿੱਤਾ ਅਤੇ ਰੋੜ ਕੇ ਉਸਨੂੰ ਨੁੱਕਰ ਵਿੱਚ ਕਰ ਦਿੱਤਾ । ਕੱਤਦਿਆਂ ਉਸਦੀ ਸਲਵਾਰ ਉੱਤੇ ਪੂਣੀਆਂ ਵਿੱਚੋਂ ਭੰਨ ਨਿਕਲ ਨਿਕਲ ਵਿਖਰਦਾ ਰਿਹਾ ਸੀ । ਪੱਟਾਂ ਕੋਲੋਂ ਫੜਕੇ ਉਸਨੇ ਸਲਵਾਰ ਨੂੰ ਝੰਜੋੜਿਆ ਅਤੇ ਭੰਨ ਕਬੂਤਰ ਦੇ ਖੱਬਾਂ ਵਾਂਗ ਆਲੇ ਦੁਆਲੇ ਖਿੰਡ ਗਿਆ । ਉਸ ਕੱਤਣੀ ਦਾ ਢੱਕਣ ਚੁੱਕ ਕੇ ਗਲੋਟੇ ਆਪਣੀ ਚੁੰਨੀ ਦੀ ਝੋਲੀ ਵਿੱਚ ਉਲਟਾਏ ।

6 / 145
Previous
Next