ਚੰਗਾ ਮੈਂ ਆਪਣਾ ਪੈਣਾ ਲੈ ਕੇ ਆਉਂਦੀ ਹਾਂ । “ਚੰਨੋ ਨੇ ਘਰ ਨੂੰ ਜਾਂਦਿਆਂ ਸ਼ਾਮੋ ਨੂ ਆਖਿਆ ।
“ਅੜੀਏ ਭੋਰਾ ਟੁੱਕ ਤਾਂ ਖਾ ਲੈ ਦੇਣ ਦੇ, ਮੈਨੂੰ ਤਾਂ ਭੁੱਖ ਲੱਗੀ ਐ।" ਸ਼ਾਮੋ ਨੇ ਵੀ ਚਰਖਾ ਖੜਾ ਕਰਦਿਆਂ ਕਿਹਾ।
ਚੰਨੋ ਤੇ ਸ਼ਾਮੋ ਦੇ ਘਰਾਂ ਵਿਚਕਾਰ ਧਰਮਸ਼ਾਲਾ ਹੀ ਸੀ, ਜਿਸ ਵਿੱਚ ਇੱਕ ਬਿਰਧ ਸਾਧੂ ਰਹਿੰਦਾ ਸੀ । ਧਰਮਸ਼ਾਲਾ ਦੇ ਉੱਚੇ ਪਿੱਪਲ ਦੀ ਛਾਂ ਚੰਨੋ ਦੇ ਕੋਠੇ ਤੇ ਆ ਜਾਂਦੀ ਸੀ, ਜਿਸ ਥੱਲੇ ਦੋਹਾਂ ਸਹੇਲੀਆਂ ਦਾ ਬਚਪਨ ਹਾੜ੍ਹ ਦੀਆਂ ਰੁੱਤਾਂ ਵਿੱਚ ਪੰਜ-ਗੀਟੜਾ ਖੇਡਦਿਆਂ ਲੰਘਿਆ ਸੀ ।ਉਹ ਕਿੰਨੀ ਵਾਰ ਹੀ ਖੇਡਦਿਆਂ ਲੜੀਆਂ ਸਨ, ਅਤੇ ਭਰਾਵਾਂ ਦੀਆਂ ਗਾਲਾਂ ਦੇਦੀਆਂ ਨੂੰ ਮਾਂ ਆ ਕੇ ਛੁਡਾਉਂਦੀ ਹੁੰਦੀ ਸੀ । ਨਿੱਕੀਆਂ ਲੜਾਈਆਂ ਤੇ ਰੋਸੇ ਕਈ ਵਾਰ ਗੂਹੜੇ ਪਿਆਰ ਵਿੱਚ ਬਦਲ ਜਾਂਦੇ ਹਨ । ਹੁਣ ਦੋਹਾਂ ਸਹੇਲੀਆਂ ਦਾ ਪਿਆਰ ਜੀਵਨ ਦੇ ਦੁੱਖ-ਸੁੱਖ ਦਾ ਸਾਂਝੀਵਾਲ ਬਣਿਆ ਹੋਇਆ ਸੀ।
ਚੰਨੋ ਤਿੰਨਾਂ ਭਰਾਵਾਂ ਦੀ ਭੈਣ ਸੀ ਅਤੇ ਉਸਦੇ ਮਾ-ਬਾਪ ਮਰ ਚੁੱਕੇ ਸਨ । ਘਰ ਦਾ ਬਹੁਤਾ ਕੰਮ ਇਸ ਨੂੰ ਕਰਨਾ ਪੈਂਦਾ ਸੀ । ਵੱਡੇ ਭਰਾ ਕਰਤਾਰੇ ਦੀ ਵਹੁਟੀ ਵੀ ਥੋੜਾ ਬਹੁਤ ਸਹਾਰਾ ਦੇਂਦੀ ਸੀ, ਪਰ ਚੰਨੋ ਉਸਨੂੰ ਨਵੀਂ ਨਵੀਂ ਕਰਕੇ ਬਹੁਤਾ ਕੰਮ ਨਹੀਂ ਲਾਉਂਦੀ ਸੀ । ਇਹਨਾਂ ਦਾ ਘਰ ਆਮ ਪੇਂਡੂ ਕਿਸਾਨਾਂ ਦੇ ਘਰਾਂ ਵਾਂਗ ਕੱਚਾ ਸੀ । ਇੱਕ ਪਾਸਿਓਂ ਘੁੰਮਿਆਂ ਦੀ ਕੰਧ ਮੀਂਹ ਦੀ ਝੜੀ ਕਾਰਨ ਡਿੱਗ ਪਈ ਸੀ, ਜਿਸ ਨਾਲ ਤੂੜੀ ਵਾਲੇ ਕੋਠੇ ਦੀ ਛੱਤ ਦਾ ਖੱਪਾ ਢਹਿ ਗਿਆ ਸੀ । ਘੋਲੋਂ ਤੇ ਕੁਝ ਆਰਥਿਕ ਤੰਗੀ ਕਰਕੇ ਕੰਧ ਬਣਾਈ ਨਹੀਂ ਸੀ ਗਈ ਅਤੇ ਕੰਡਿਆਂ ਵਾਲੀ ਵਾੜ ਹੀ ਕਰ ਦਿੱਤੀ ਸੀ । ਵੇਹੜੇ ਵਿੱਚ ਦੇ ਬਲਦ, ਇੱਕ ਮੱਝ ਅਤੇ ਇੱਕ ਮੁਹਾਰ ਬਿਨਾ ਬੈਤਾ ਖਲੋਤੇ ਸਨ । ਸਾਰੇ ਪਸ਼ੂ ਲਿੱਸੇ ਹੀ ਸਨ । ਇਵੇਂ ਜਾਪਦਾ ਸੀ, ਜਿਵੇਂ ਬੈਲਾਂ ਅਤੇ ਬੱਤਿਆਂ ਤੋਂ ਕੱਤੇ ਦੇ ਮਹੀਨੇ ਲੋੜ ਤੋਂ ਵੱਧ ਕੰਮ ਲਿਆ ਗਿਆ ਸੀ ਅਤੇ ਹੁਣ ਵੀ ਦਾਣੇ ਤੇ ਪੱਠਿਆਂ ਨਾਲ ਇਹਨਾ ਦੀ ਚੰਗੀ ਸੇਵਾ ਨਹੀਂ ਹੋ ਰਹੀ ਸੀ । ਅਸਲ ਵਿੱਚ ਕਰਤਾਰਾ ਵੈਲੀਆਂ ਨਾਲ ਸ਼ਰਾਬ ਪੀਕੇ ਸਮਾਂ ਗਵਾ ਦਿੰਦਾ ਸੀ ਤੇ ਉਸਤੋਂ ਛੋਟੇ ਹਾਲੇ ਨਿਆਣੇ ਸਨ, ਜਿੰਨਾਂ ਨੂੰ ਕੰਮ ਨਾਲੋਂ ਖੇਡ ਪਿਆਰੀ ਸੀ । ਪਸ਼ੂਆਂ ਨੂੰ ਵੀ ਚੰਨੋ ਹੀ ਵਧੇਰੇ ਸਾਂਭਦੀ ਸੀ ।
ਚਰੀ ਦੇ ਕੁਤਰੇ ਦੇ ਦੋ ਟੋਕਰੇ ਬਲਦਾਂ ਨੂੰ ਅਤੇ ਇੱਕ ਟੈਕਰਾ ਮੱਝ ਨੂੰ ਚੰਨੋ ਨੇ ਹੀ ਪਾਇਆ ਸੀ ਅਤੇ ਬੋਤਿਆਂ ਨੂੰ ਛੋਲਿਆਂ ਦੇ ਮਿੱਸੇ ਨੀਰੇ ਦੀ ਇੱਕ ਟੋਕਰੀ ਪਾ ਦਿੱਤੀ । ਬਲਦ ਕਾਹਲੀ ਕਾਹਲੀ ਖਾਣ ਲੱਗ ਪਏ ਅਤੇ ਇੱਕ ਦੂਜੇ ਨੂੰ ਸਿੰਗ ਹਿਲਾ ਹਿਲਾ ਛੇਤੀ ਖਾਣੇਂ ਰੋਕ ਰਹੇ ਸਨ । ਪਸ਼ੂਆਂ ਨੂੰ ਭੁੱਖ ਦਾ ਅਹਿਸਾਸ ਹੈ ਅਤੇ ਬਹੁਤਾ ਖਾਣ ਦੀ ਖੁਦ ਗਰਜੀ । ਖੁਦਗਰਜ਼ੀ ਭੁੱਖ ਦਾ ਹਿੱਸਾ ਹੈ।
ਚੰਨੋ ਨੇ ਕੁਤਰੇ ਦੇ ਲਿਬੜੇ ਹੱਥ ਧੋਤੇ ਅਤੇ ਕੋਲ ਖਲੋਤੀ ਆਪਣੀ ਭਜਨ ਭਾਬੀ ਦੀਆਂ ਗੱਲਾਂ ਗਿੱਲੇ ਗਿੱਲੇ ਹੱਥੀ ਘੁੱਟ ਸੁੱਟੀਆਂ । ਥਕੇਵਾਂ ਪਿਆਰ ਵਿੱਚ ਹੱਸਲਾ ਮੰਗਦਾ ਹੈ । ਭਜਨੋ ਦੀਆਂ ਗੱਲਾਂ ਤਰੇਲ ਧੋਤੇ ਗੁਲਾਬ ਵਾਂਗ ਮੁਸਕਾ ਖਿੜ ਉੱਠੀਆਂ। ਉਸ ਚੰਨੋ ਨੂੰ ਬਾਹਾਂ ਵਿੱਚ ਲੈਂਦਿਆਂ ਕਿਹਾ:
“ਮੇਰਾ ਜੀਅ ਇਉਂ ਕਰਦਾ ਕਿ, ਕਿਵੇਂ ਤੂੰ ਮੇਰੇ ਕੋਲੋਂ ਪਰ੍ਹਾਂ ਨਾ ਹੋਵੇ ।"
“ਲੈ ਭਾਬੀ, ਮੈਂ ਤੈਥੋਂ ਲਾਉਣੇ ਈ ਕਿਵੇਂ ਹੋ ਸਕਦੀ ਹਾਂ, ਮੈਨੂੰ ਕਿਤੇ ਤੇਰਾ ਮੋਹ ਨੀ ? ਤੂੰ ਭਾਬੀ ਸੱਚ ਨਹੀਂ ਮੰਨਣਾ, ਮੈਨੂੰ ਤਾਂ ਤੇਰਾ ਬਹੁਤਾ ਈ ਪਿਆਰ ਆਉਂਦਾ ਏ", ਚੰਨੋ ਨੇ ਜੋਰ ਦੀ ਕੰਘੀ ਘੁਟਦਿਆਂ ਕਿਹਾ।
“ਪਰ ਚੰਨੋ ਜਦੋਂ ਵਿਆਹੀ ਗਈ ?"
"ਊਂਹ ਜਾਹ ਪਰਾਂ ।" ਚੰਨੋ ਨੇ ਜੱਫੀ ਛੱਡ ਮੂੰਹ ਫ਼ੇਰ ਲਿਆ। ਕੁਆਰੇ ਪਨ ਦੀਆਂ ਤਰਜਾਂ ਵਿੱਚ ਸ਼ਰਮ-ਛੋਹ ਨੇ ਲਰਜਾ ਛੇੜ ਦਿੱਤਾ ਅਤੇ ਜਿੰਦਗੀ ਦਾ ਸਾਜ ਇੱਕ ਵਾਰ “ਚ ਹੀ ਝੁਣਝੁਣਾ ਗਿਆ । ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਨਨਾਣ ਭਰਜਾਈ ਦੀ ਚੰਗੀ ਨਹੀਂ ਲੰਘਦੀ, ਪਰ ਚੰਨੋ ਤੇ ਭਜਨੋ ਦੇ ਘਿਉ ਸ਼ੱਕਰ ਹੋਣ ਦਾ ਖਾਸ ਕਾਰਨ ਸੀ । ਹਰ ਨਵੀਂ ਵਹੁਟੀ ਨੂੰ ਨਵੇਂ ਤੇ ਓਪਰੇ ਮਾਹੌਲ ਵਿੱਚ ਅੰਦਰ ਸਾਂਝਾ ਕਰਨ ਲਈ ਇੱਕ ਸਹੇਲੀ ਦੀ ਭੁੱਖ ਹੁੰਦੀ ਹੈ ਅਤੇ ਇਹ ਕਾਰਨ ਭਜਨ ਤੇ ਠੀਕ ਢੁਕਦਾ ਸੀ । ਚੰਨੋ ਮਾਂ ਅਤੇ ਭੈਣ ਪਿਆਰ ਤੋਂ ਸੱਖਣੀ ਸੀ। ਉਹਦੇ ਅੰਦਰ ਸੱਖਣੇ ਘਰ ਅਤੇ ਦਿਲ ਵਿੱਚ ਭਜਨ ਭਾਬੀ, ਸਹੇਲੀ, ਮਾਂ ਅਤੇ ਭੈਣ ਬਣਕੇ ਵੱਸ ਗਈ ਸੀ । ਚੰਨੋ ਦਾ ਭਜਨ ਨੂੰ ਫੁੱਲਾਂ ਵਾਂਗ ਸਾਂਭ ਰੱਖਣਾ, ਭਜਨੈ ਨੂੰ ਅਸਲੋਂ ਹੀ ਮੁੱਲ ਖਰੀਦ ਗਿਆ। ਉਹ ਦੋਵੇਂ ਇੱਕ ਦੂਜੀ ਦੀ ਹਮਦਰਦੀ ਵਿੱਚ ਪੰਘਰ ਪੰਘਰ ਜਾਂਦੀਆਂ।
ਚੰਨੋ ਨੇ ਰੋਟੀ ਵਾਲੇ ਆਲੇ ਵਿੱਚੋਂ ਪੈਣਾ ਕੱਢਿਆ ਅਤੇ ਸ਼ਾਮੇ ਨੂੰ ਦਰਾਂ ਵਿੱਚ ਖਲੈ ਕੇ ਅਵਾਜ ਮਾਰੀ ।
“ਅਨੀ ਤੈਥੋਂ ਹਾਲੇ ਤਾਂਈ ਰੋਟੀ ਨਹੀਂ ਖਾਧੀ ਗਈ ।“
“ਰੋਟੀ ਕਦੋਂ ਦੀ ਖਾਧੀ ਐ, ਮੈਂ ਤਾਂ ਤੈਨੂੰ “ਡੀਕਦੀ ਸਾਂ ।" ਸ਼ਾਮੋ ਵੀ ਬਾਹਰ ਆ ਗਈ ਸੀ । ਸ਼ਾਮੋ, ਚੰਨੋ ਨਾਲੋਂ ਇੱਕ ਸਾਲ ਵੱਡੀ ਸੀ ਤੇ ਚੰਨੋ ਨਾਲੋਂ ਸਰੀਰ ਦੀ ਵੀ ਭਾਰੀ ਸੀ ।ਸੋਲਾਂ ਸਤਾਰਾਂ ਵਿੱਚ ਧੜਕਦੀਆਂ ਅੱਲੜ ਜਵਾਨੀਆਂ ਪਿੰਡ ਦੀ ਫ਼ਿਜਾ ਨੂੰ ਖੇੜ ਬਖਸ਼ ਰਹੀਆਂ ਸਨ।