ਚੰਨੋ ਦਾ ਸਰੀਰ ਸੂਤਵਾਂ ( ਭਾਰਾ ਨਾ ਹੌਲਾ ) ਅਤੇ ਨਕਸ਼ ਸ਼ਾਮੇ ਨਾਲੋਂ ਬਹੁਤ ਤਿੱਖੇ ਸਬ ਤੋਂ ਵੱਧ ਚਮਕੀਲੀਆਂ ਤੇ ਸੋਹਣੀਆਂ ਉਸਦੀਆਂ ਅੱਖਾਂ ਸਨ, ਜਿੰਨਾਂ ਵਿੱਚ ਸ਼ਰਮ ਤੇ ਭੋਲਾਪਣ ਹਾਲੇ ਕੰਘੀਆਂ ਪਾਈ ਸੁੱਤੇ ਪਏ ਸਨ । ਉਸ ਦਾ ਮਿੱਠਾ ਹੁਸਨ ਦਰਸ਼ਕਾਂ ਲਈ ਸ਼ੇਖ ਬੁਲਾਵੇ ਦਾ ਕਾਰਨ ਨਹੀਂ ਸੀ, ਸਗੋਂ ਸਿਆਣਪ ਵਿੱਚ ਖੀਵਾ ਅਤੇ ਖਾਮੋਸ਼ ਖਿੱਚ ਰੱਖਦਾ ਸੀ । ਪਰ ਹਰ ਕੁੜੀ ਦਾ ਖਾਮੋਸ਼ ਜੋਬਨ ਵੀ ਹਰ ਗੱਭਰੂ ਮੁੰਡੇ ਲਈ ਉੱਚਾ ਹੋਇਆ ਲਲਕਾਰਾ ਹੈ, ਜਿਸ ਨੂੰ ਉਸ ਦੇ ਸੂਹੇ ਹੋਏ ਕੰਨ ਹਉਂਕੇ ਖਿੱਚ-ਖਿੱਚ ਸੁਣਦੇ ਅਤੇ ਅਵੱਸ਼ ਵਿੱਚ ਅਸਹਾਰ ਦੇ ਭਾਰ ਹੇਠ ਪੁੰਗਰਦੇ ਅਰਮਾਨ ਦਰੜੀਂਦੇ ਜਾਂਦੇ ਸਨ ।
ਸ਼ਾਮੋ ਨੂੰ ਦਿਆਲੇ ਦੇ ਉਪਰੋਥਲੀ ਗਲੀ ਵਿੱਚ ਵੜਦੇ ਗੇੜਿਆਂ ਨੇ ਪੱਟ ਸੁੱਟਿਆ ਸੀ । ਦਿਆਲਾ ਬਾਈਆਂ ਵਰਿਆਂ ਦਾ ਭਰਿਆ ਗੱਭਰੂ ਸੀ, ਜਿਸ ਹਲ-ਵਾਹੀ ਛੱਡ ਦਿੱਤੀ ਸੀ । ਉਹ ਨਹਾ ਧੋ ਕੇ ਪਹਿਣ ਪਚਰ ਕੇ ਖੁੰਡਾਂ ਤੇ ਬਹਿ ਧੁੱਪ ਸੇਕਦਾ ਸੀ । ਤਿੱਲੇ ਵਾਲੀ ਜੁੱਤੀ, ਚਿੱਟੇ ਲੱਠੇ ਦਾ ਚਾਦਰਾ ਅਤੇ ਕਬੂਤਰ ਦੇ ਖਿੱਲਰੇ ਪਰਾਂ ਵਾਂਗ ਸੰਤਰੇ ਰੰਗੀ ਪੱਗ ਦਾ ਸ਼ਮਲਾ ਉਸ ਦੇ ਸਿਰ ਤੇ ਜਵਾਨੀ ਦੀ ਮੜਕ ਵਿੱਚ ਤੁਰਦਿਆਂ ਝੂਲਦਾ ਰਹਿੰਦਾ । ਦੇਖਣ ਵਾਲਿਆਂ ਨੂੰ ਉਹ ਹਮੇਸ਼ਾ ਸ਼ਰਾਬੀ ਜਾਪਦਾ । ਪਰ ਜਿਸ ਗੱਭਰੂ ਵਿੱਚ ਪਿਆਰ ਆ ਜਾਵੇ, ਉਸ ਵਿੱਚ ਕੁਦਰਤੀ ਜਿੰਦਗੀ ਦਾ ਸਰੂਰ ਜਾਗ ਪੈਂਦਾ ਹੈ । ਭਾਵੇਂ ਉਹ ਦਿਨ-ਦਿਨ ਵਿਗੜ ਰਿਹਾ ਸੀ, ਪਰ ਫ਼ਿਰ ਵੀ ਯਾਰਾਂ ਦਾ ਯਾਰ, ਦਿਲ ਦਾ ਖਰਾ ਤੇ ਜਿਗਰੇ ਵਾਲਾ ਮੁੰਡਾ ਸੀ । ਰੰਗ ਦਾ ਸਾਉਲਾ, ਨਕਸ਼ਾਂ ਦਾ ਤਿੱਖਾ ਤੇ ਕੱਦ ਦਾ ਥੋੜਾ ਮਧਰਾ ਸੀ । ਮੁੱਛਾ ਨੂੰ ਕੁੰਦ ਅਤੇ ਕੱਪੜੇ ਪਾ ਕੇ ਪੂਰਾ ਜਚਦਾ ਜਚਦਾ ਗੱਭਰੂ ਦਿਸਦਾ ।
ਦਿਆਲੇ ਦੀ ਯਾਦ ਸ਼ਾਮੋ ਦੇ ਦਿਲ ਵਿੱਚ ਕੁਤਕਤਾਰੀਆਂ ਲੈ ਲੈ ਉੱਠ ਰਹੀ ਸੀ । ਉਸਦਾ ਆਨੀ-ਬਹਾਨੀ ਚਨੋ ਨੂੰ ਸਾਰੀ ਗੱਲ ਦੱਸਣ ਨੂੰ ਜੀ ਕਰਦਾ ਸੀ । ਜਿੰਦਗੀ ਵਿੱਚ ਆਪਣੇ ਪਿਆਰ ਪਰਸੰਸਾ ਦੀ ਕਿੰਨੀ ਭੁੱਖ ਹੈ ? ਤਾਂ ਜੋ ਕੁਝ ਉਹ ਅਮਲ ਕਰਦੀ ਹੈ, ਸਾਥੀ ਤੋਂ ਉਸਦੀ ਮਿੱਠੀ ਤਾਈਦ ਮੰਗਦੀ ਹੈ । ਉਹ ਦੋਵੇਂ ਫਰਮਾਹਾਂ ਵਾਲੇ ਖੂਹ ਕੋਲ ਦੀ ਲੰਘਦੀਆਂ ਦਾਤੇ ਪਿੰਡ ਨੂੰ ਜਾਣ ਵਾਲੀ ਡੰਡੀ ਪੈ ਗਈਆਂ । ਫਰਵਾਹਾਂ ਦੇ ਬਰੀਕ ਪੱਤਿਆਂ ਦੀ ਸਰਕਦੀ ਹਵਾ ਮਿੱਠਾ ਜਿਹਾ ਸੰਗੀਤ ਛੇੜ ਰਹੀ ਸੀ । ਖੇਤਾਂ ਵਿੱਚੋਂ ਗਿੱਠ-ਗਿੱਠ ਪੁੰਗਰੀ ਕਣਕ ਨੇ ਧਰਤੀ ਨੂੰ ਢਕ ਲਿਆ ਸੀ । ਧਰਤ ਅਸਮਾਨ ਦੇ ਦੁਮੇਲੇ ਤੱਕ ਹਰਿਆਵਲ ਹੀ ਹਰਿਆਵਲ ਦਿਸਦੀ ਸੀ । ਖੇਤਾਂ ਵਿੱਚ ਕਿਤੇ-ਕਿਤੇ ਬੇਰੀ, ਕਿੱਕਰ, ਟਾਹਲੀ ਅਤੇ ਤੂਤ ਦੇ ਬਰਿਛਾਂ ਉੱਤੇ ਆਥਣ ਦੀ ਧੁੱਪ ਪੈ ਰਹੀ ਸੀ । ਅਸਮਾਨ ਵਿੱਚ ਕਿਧਰੇ ਕੋਈ ਬਾਵਰਾ ਬੱਦਲ ਉੱਡ ਰਿਹਾ ਸੀ । ਸਰੋਂ ਦੀਆਂ ਓਲੀਆਂ ਕਣਕਾਂ ਨਾਲੋਂ ਉੱਚੀਆਂ ਹੋ ਨਿਕਲੀਆਂ ਸਨ । ਵਿਰਲੇ ਵਿਰਲੇ ਖਿੜੇ ਸਰੋਂ ਦੇ ਫੁੱਲ ਉਠਦੀਆਂ ਜਵਾਨੀਆਂ ਦੇ ਦਿਲਾਂ ਦੇ ਵਲਵਲੇ ਜਾਗ ਰਹੇ ਜਾਪਦੇ ਸਨ । ਜਿੰਦਗੀ ਦੀ ਰੂਹ ਪਿੰਡਾਂ ਵਿੱਚੋਂ ਨਿਕਲ ਕੇ ਖੇਤੀ ਆ ਗਈ ਸੀ ਅਤੇ ਕੁਦਰਤ ਦੀ ਵਿਸ਼ਾਲ ਬੁੱਕਲ ਵਿੱਚ ਖੇੜਾ- ਖੇੜਾ ਹੋ ਰਹੀ ਸੀ ।
ਗੁੱਝੇ ਹਾਸੇ ਨੂੰ ਰੋਕਦਿਆਂ ਸ਼ਾਮੋ ਨੇ ਪੁੱਛਿਆ:
“ਭਲਾ ਚੰਨੋ ਦਿਆਲਾ ਕਿਹੋ ਜਿਹਾ ਹੈ ?"
“ਭਲਾ ਮੈਨੂੰ ਕੀ ਪਤਾ, ਪਿਆ ਹੋਵੇ ਆਪਣੇ ਘਰ ।"
“ਅੰਨੀਏ, ਮੈਂ ਤੈਥੋਂ ਉਂਝ ਈ ਪੁੱਛਦੀ ਆਂ ।" ਸ਼ਾਮੋ ਨੇ ਬੇਮਾਲੂਮ ਜਿਹੀ ਤਿਉੜੀ ਪਾ ਕੇ ਫੇਰ ਮੱਥਾ ਢਿੱਲਾ ਛੱਡਦਿਆਂ ਕਿਹਾ।
“ਮੈ ਲੜ ਪੂੰ ਗੀ ਸ਼ਾਮੇ ਜੇ ਮੇਰੇ ਕੋਲ ਇਹੋ ਜਿਹੀ ਗੱਲ ਕੀਤੀ ਤਾਂ, ਆਹੋ ।" ਚੰਨੋ ਨੇ ਮਿੱਠੇ ਜਿਹੇ ਗੁੱਸੇ ਵਿੱਚ ਕਿਹਾ।
ਸ਼ਾਮੋ ਨੇ ਉਹਦੀ ਵੱਖੀ ਵਿੱਚ ਚੂੰਡੀ ਵੱਢੀ ।
“ਤੂੰ ਤਾਂ ਜਰੂਰ ਲੜ ਪੱਗੀ, ਬਹੁਤਿਆਂ ਹਿਰਖਾਂ ਵਾਲੀ ।"
ਚੰਨੋ ਨੇ ਪੀੜ ਤੋਂ ਕਸੀਸ ਵੰਟਦਿਆਂ ਸ਼ਾਮੇ ਦੀ ਪਿੱਠ ਵਿੱਚ ਮੁੱਕੀ ਧਰ ਦਿੱਤੀ ।
“ਤੂੰ ਫੇਰ ਕਾਹਤੋਂ ਬਿਗਾਨਿਆਂ ਦੇ ਨਾ ਲੈਂਦੀ ਏ, ਕੋਈ ਚੰਗਾ ਮਾੜਾ ਆਪਣੇ ਘਰ ਮਰੇ, ਸਾਨੂੰ ਕਿਸੇ ਨਾਲ ਕੀ ?
“ਨੀ ਉਹਦਾ ਤਾਂ ਮੂੰਹ ਸੁੱਕਦਾ ਏ ਹਰਦਮ ਨਾਂ ਲੈਂਦੇ ਦਾ ।
"ਉਹਦਾ ਨਾ ਤੂੰ ਲਈ ਜਾ, ਮੈਨੂੰ ਨਾ ਸੁਣਾ ।" ਚੰਨੋ ਵਗ ਕੇ ਥੋੜਾ ਅੱਗੇ ਹੋ ਗਈ।
"ਕੋਈ ਨਾ ਫਿਕਰ ਨਾ ਕਰ, ਤੇਰੇ ਵੀ ਗਾਹਕ ਉੱਠ ਪੈਣਗੇ ਅੱਜ ਭਲਕ ਈ ।"