

੧੮੯. ਸ਼ਾਹਜ਼ਾਦਾ ਸ਼ੇਰ ਸਿੰਘ ਕਸ਼ਮੀਰ ਦਾ ਗਵਰਨਰ ਨੀਯਤ ਹੋਇਆ
ਕਸ਼ਮੀਰ ਦੇ ਪ੍ਰਬੰਧਕਾਂ ਦੀਆਂ ਬਹੁਤ ਸਾਰੀਆਂ ਸ਼ਕਾਇਤਾਂ ਨੂੰ ਮੁੱਖ ਰੱਖ ਕੇ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਕਸ਼ਮੀਰ ਦਾ ਗਵਰਨਰ ਬਣਾ ਕੇ ਭੇਜਿਆ ਗਿਆ। ਆਪ ਥੋੜ੍ਹਾ ਜਿਹਾ ਚਿਰ ਉੱਥੇ ਠਹਿਰੇ। ਫਿਰ ਵਾਪਸ ਲਾਹੌਰ ਆ ਗਏ ਤੇ ਇਨ੍ਹਾਂ ਦੀ ਜਗ੍ਹਾ ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ਭੇਜਿਆ ਗਿਆ। ਇਹ ਸੰਮਤ ੧੮੯੦ ਦੀ ਗੱਲ ਹੈ। ਇਸ ਸਾਲ ਕਸ਼ਮੀਰ ਵਿੱਚ ਬੜਾ ਦੁਰਭਿਖ ਕਾਲ ਪਿਆ, ਜਿਸ ਤੋਂ ਪਰਜਾ ਅਤਿ ਦੁਖੀ ਸੀ। ਲੋੜ ਸੀ ਕਿ ਇਸ ਵੇਲੇ ਪ੍ਰਜਾ ਦੀ ਸਹਾਇਤਾ ਕੀਤੀ ਜਾਂਦੀ, ਕਿੰਤੂ 'ਕਾਲ ਬਾਗੜੋ ਉਪਜੇ ਬੁਰਾ ਬ੍ਰਹਮਨ ਤੇ ਹੋਏ’ ਜਮਾਂਦਾਰ ਖ਼ੁਸ਼ਹਾਲ ਸਿੰਘ ਨੇ ਪ੍ਰਜਾ ਨੂੰ ਏਨਾ ਦੁਖੀ ਕੀਤਾ ਕਿ ਲੋਕਾਂ ਦੀ ਨੱਕ ਵਿੱਚ ਜਾਨ ਲੈ ਆਂਦੀ। ਪਰਜਾ ਆਪਣਾ ਵਤਨ ਛੱਡਣ ਲਈ ਤਿਆਰ ਹੋ ਗਈ। ਕੁਝ ਕਸ਼ਮੀਰੀਆਂ ਨੇ ਲਾਹੌਰ ਆ ਕੇ ਮਹਾਰਾਜਾ ਸਾਹਿਬ ਦੇ ਅੱਗੇ ਜਮਾਂਦਾਰ ਖ਼ੁਸ਼ਹਾਲ ਸਿੰਘ ਦੀ ਸ਼ਕਾਇਤ ਕੀਤੀ। ਆਪ ਨੇ ਓਸੇ ਵੇਲੇ ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ਮੁਅੱਤਲ ਕਰ ਕੇ ਓਸ ਦੀ ਜਗਾ ਸਰਦਾਰ ਮੀਹਾਂ ਸਿੰਘ ਨੂੰ ਨੀਯਤ ਕੀਤਾ, ਜਿਸ ਨੇ ਆਪਣੇ ਨਿਆਇਕਾਰੀ ਹੋਣ ਦੇ ਕਾਰਨ ਪਰਜਾ ਦੇ ਦਿਲਾਂ ਨੂੰ ਮੋਹ ਲਿਆ। ਜਾਂਦਿਆਂ ਹੀ ਇੱਕ ਸਾਲ ਦਾ ਮਾਮਲਾ ਮਾਫ਼ ਕਰ ਦਿੱਤਾ ਤੇ ਹੋਰ ਸੰਭਵ ਤਰੀਕਾ ਮੁਲਕ ਵਸਾਣ ਦਾ ਕੀਤਾ। ਕਸ਼ਮੀਰ ਵਿੱਚ ੨੨ ਹਜ਼ਾਰ ਕਾਰਖਾਨੇ ਸ਼ਾਲ ਬਾਫਾਂ ਦੇ ਸਨ, ਜੋ ਖ਼ੁਸ਼ਹਾਲ ਸਿੰਘ ਦੀ ਹਿੰਮਤ ਨਾਲ ਸਭ ਬੰਦ ਹੋ ਗਏ ਸਨ। ਸਰਦਾਰ ਮੀਹਾਂ ਸਿੰਘ ਦੇ ਯਤਨ ਨਾਲ ਫਿਰ ਜਾਰੀ ਹੋ ਗਏ।
ਜਮਾਂਦਾਰ ਖ਼ੁਸ਼ਹਾਲ ਸਿੰਘ ਬ੍ਰਾਹਮਣ ਨੇ ਤਾਂ ਇੱਕ ਕਸ਼ਮੀਰ ਨੂੰ ਬਰਬਾਦ ਕੀਤਾ, ਤੇਜਾ ਸਿੰਘ ਤੇ ਲਾਲ ਸਿੰਘ ਬ੍ਰਾਹਮਣਾਂ ਨੇ ਤਾਂ ਸਾਰਾ ਪੰਜਾਬ ਹੀ ਤਬਾਹ ਕਰ ਦਿੱਤਾ। ਜਿਸ ਦਾ ਲੂਣ ਖਾਧਾ, ਓਸ ਦੀ ਬਾਦਸ਼ਾਹੀ ਦਾ ਚਿੰਨ੍ਹ ਤੱਕ ਵੀ ਨਾ ਛੱਡਿਆ।
ਹਾਂ! ਸਰਦਾਰ ਮੀਹਾਂ ਸਿੰਘ ਨੇ ੮) ਹਜ਼ਾਰ ਰੁਪਯੇ ਖਿਰਵਾਰ ਅਨਾਜ ਮੰਗਾ ਕੇ ੩) ਰੁਪਯੇ ਤੇ ਵੇਚਿਆ (ਇਕ ਖਿਰਵਾਰ ਦੋ ਮਨ ੧੬ ਸੇਰ ਦਾ ਹੋਂਦਾ ਹੈ) ਜਿਸ ਤੋਂ ਪ੍ਰਜਾ ਦਾ ਕਾਲ ਨਿੱਕਲ ਗਿਆ।
ਸਰਦਾਰ ਮੀਹਾਂ ਸਿੰਘ ਬੜਾ ਸਮਝਦਾਰ ਨਿਆਇਕਾਰੀ ਤੇ ਅਕਲ ਵਾਲਾ ਸੀ। ਕਸ਼ਮੀਰ ਦੇ ਇਲਾਕੇ ਵਿੱਚ ਅੱਜ ਤੱਕ ਲੋਕੀਂ ਇਨ੍ਹਾਂ ਦਾ ਨਾਮ ਇੱਜ਼ਤ ਤੇ ਅਦਬ ਨਾਲ ਲੈਂਦੇ ਹਨ ਤੇ ਹੁਣ ਵੀ ਜਦ ਕਸ਼ਮੀਰੀ ਦੋ ਚਾਰ ਮਿਲ ਕੇ ਇਕੱਠੇ ਬੈਠਦੇ ਹਨ, ਤਦ ਇਨ੍ਹਾਂ ਦੇ ਨਿਆਏ ਦੀਆਂ ਕਹਾਣੀਆਂ ਕਰਦੇ ਹਨ।
ਕਸ਼ਮੀਰ ਵਿੱਚ ਅੱਜ ਕੱਲ੍ਹ ਗੁਲਮਰਗ ਦੇ ਨਾਮ ਤੇ ਇੱਕ ਜਗ੍ਹਾ ਮਸ਼ਹੂਰ ਹੈ। ਇੱਥੇ ਹੀ ਰੈਜ਼ੀਡੈਂਟ ਆਦਿਕ ਪੋਲੀਟੀਕਲ ਕਰਮਚਾਰੀ ਰਹਿੰਦੇ ਹਨ। ਰਵਾਇਤ ਹੈ ਇਹ ਜਗ੍ਹਾ ਪਹਿਲਾਂ ਘੋੜੀਆਂ ਦੇ ਚਾਰਾ ਚਰਨ ਦੀ ਜਗ੍ਹਾ (ਚਰਗਾਹ) ਸੀ। ਕਸ਼ਮੀਰੀ ਬੋਲੀ ਵਿੱਚ ਘੋੜੇ ਨੂੰ (ਗੋਰ) ਤੇ ਚਰਾਂਦ ਨੂੰ "ਮਰਗ" ਕਹਿੰਦੇ ਹਨ। ਇੱਥੇ ਦੋ ਆਦਮੀਆਂ ਦੀਆਂ ਦੋ ਘੋੜੀਆਂ ਚਰਦੀਆਂ ਸਨ, ਇਨ੍ਹਾਂ ਨੇ ਦੋ ਵਛੇਰੀਆਂ ਦਿੱਤੀਆਂ। ਇੱਕ ਨੂੰ ਸ਼ੇਰ ਖਾ ਗਿਆ, ਦੂਜੀ ਦੋਹਾਂ ਦਾ ਦੁੱਧ ਪੀ ਕੇ ਪਲਦੀ ਰਹੀ। ਕੁਝ ਸਮੇਂ ਪਿੱਛੋਂ ਜਦ ਦੋਨਾਂ ਘੋੜੀਆਂ ਦੇ ਮਾਲਕ ਅੱਪੜੇ ਤਦ ਵਛੇਰੀ ਬਾਬਤ ਝਗੜਾ ਪੈ ਗਿਆ। ਇੱਕ ਕਹੇ ਮੇਰੀ ਘੋੜੀ ਦੀ ਹੈ, ਦੂਜੀ ਕਹੇ ਮੇਰੀ ਘੋੜੀ ਦੀ। ਜਦ ਆਪੋ ਵਿੱਚ ਗਲ ਨਾ ਨਿਪਟ ਸਕੀ, ਤਦ ਸਰਦਾਰ ਮੀਹਾਂ ਸਿੰਘ ਪਾਸ ਨਿਪਟਾਨ ਲਈ ਗਏ। ਸਰਦਾਰ ਮੀਹਾਂ ਸਿੰਘ ਨੇ ਦਰਯਾ ਦੇ ਇੱਕ ਪਾਸੇ ਦੋਨੋਂ ਘੋੜੀਆਂ ਤੇ ਦੂਜੇ ਪਾਸੇ ਵਛੇਰੀ ਖੜੀ ਕੀਤੀ। ਜਦ ਵਛੇਰੀ ਹਿਣਕੀ, ਤਦ ਘੋੜੀ ਦੀ ਮਾਂ ਵਿਆਕੁਲ ਹੋ ਦਰਯਾ ਵਿੱਚ ਠਲ ਕੇ ਆਪਣੀ ਵਛੇਰੀ ਪਾਸ ਚਲੀ ਗਈ ਤੇ ਦੂਜੀ ਘੋੜੀ ਉਸੇ ਥਾਂ ਤੇ ਖਲੋਤੀ ਰਹੀ, ਜਿਸ ਤੋਂ ਸਰਦਾਰ ਮੀਹਾਂ ਸਿੰਘ ਨੇ ਵਛੇਰੀ ਉਸ ਘੋੜੀ ਵਾਲੇ ਨੂੰ ਦੇ ਦਿੱਤੀ।