

੧੯੩. ਅਨਰੋਧ ਚੰਦ ਨੂੰ ਕਾਂਗੜੇ ਦੀ ਜਾਗੀਰ ਦਿੱਤੀ
ਇਨ੍ਹਾਂ ਹੀ ਦਿਨਾਂ ਵਿੱਚ ਮਹਾਰਾਜੇ ਅਨਰੋਧ ਚੰਦ ਨੂੰ ਜੋ ਕਿ ਸੰਸਾਰ ਚੰਦ ਦਾ ਪੋਤਰਾ ਸੀ, ਰਾਜਾ ਸੁਚੇਤ ਸਿੰਘ ਦੀ ਸਿਫਾਰਸ਼ ਤੇ ਕਾਂਗੜੇ ਦੇ ਇਲਾਕੇ ਵਿੱਚ ੫੦ ਹਜ਼ਾਰ ਦੀ ਜਾਗੀਰ ਦੇ ਦਿੱਤੀ।
੧੯੪. ਭਵਾਨੀ ਦਾਸ ਦੀ ਮੌਤ
ਸੰਮਤ ੧੮੯੧ ਬਿਕ੍ਰਮੀ ਨੂੰ ਦੀਵਾਨ ਭਵਾਨੀ ਦਾਸ ਜੋ ਕਿ ਮਾਲ ਦੇ ਮਹਿਕਮੇ ਦਾ ਵੱਡਾ ਅਫਸਰ ਸੀ, ਮਰ ਗਿਆ ਤੇ ਓਹਦੀ ਜਗ੍ਹਾ ਪੰਡਤ ਦੀਨਾਨਾਥ ਨੀਯਤ ਕੀਤਾ ਗਿਆ।
ਬਾਰਕਜ਼ੇਈ ਪਠਾਣਾਂ ਨੇ ਫਿਰ ਹਮਲਾ ਕਰ ਕੇ ਪਿਸ਼ਾਵਰ ਤੇ ਕਬਜ਼ਾ ਕਰ ਲਿਆ ਤੇ ਓਥੋਂ ਦਾ ਹਾਕਮ ਸੁਲਤਾਨ ਮੁਹੰਮਦ ਖਾਂ ਵੀ ਓਹਨਾਂ ਦੇ ਨਾਲ ਮਿਲ ਗਿਆ। ਜਦ ਇਹ ਖ਼ਬਰ ਮਹਾਰਾਜਾ ਸਾਹਿਬ ਨੇ ਸੁਣੀ, ਤਦ ਆਪ ਨੇ ਇਸ ਜਗ੍ਹਾ ਦਾ ਨਿਤਾਪ੍ਰਤੀ ਟੰਟਾ ਮੁਕਾਣ ਲਈ ਕੰਵਰ ਨੌਨਿਹਾਲ ਸਿੰਘ ਨੂੰ ਇੱਕ ਭਾਰੀ ਫੌਜ ਦੇ ਕੇ ਪਿਸ਼ਾਵਰ ਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਜਨਰਲ ਵੰਟੋਰਾ ਤੇ ਕੋਰਟ ਸਾਹਿਬ ਇਨ੍ਹਾਂ ਦੇ ਨਾਲ ਸਨ।
ਸਰਦਾਰ ਹਰੀ ਸਿੰਘ ਨਲੂਆ ਉਸ ਵੇਲੇ ਯੂਸਫਜ਼ੇਈ ਪਠਾਣਾਂ ਦੀ ਸੋਧ ਕਰ ਰਿਹਾ ਸੀ। ਮਹਾਰਾਜਾ ਵੱਲੋਂ ਸੁਨੇਹਾ ਗਿਆ ਕਿ ਓਹ ਵੀ ਕੰਵਰ ਦੇ ਨਾਲ ਹੋ ਜਾਣ। ਜਿਸ ਵੇਲੇ ਇਸ ਫੌਜ ਦੇ ਅਟਕੋਂ ਪਾਰ ਲੰਘਣ ਤੇ ਪਿਸ਼ਾਵਰ ਵਿੱਚ ਖਾਲਸਾ ਫੌਜ ਦੀ ਚੜ੍ਹਾਈ ਦੀ ਖ਼ਬਰ ਪੁੱਜੀ, ਬਾਰਕਜ਼ੇਈ ਪਠਾਣਾਂ ਨੇ ਝੱਟ ਆਪਣਾ ਅਸਬਾਬ ਲੱਦ ਕੇ ਦਰਯਾ-ਏ-ਕਾਬਲ ਤੋਂ ਪਾਰ ਮੁਕਾਮ ਮਦੀਨੇ ਤੇ ਭੇਜ ਦਿੱਤਾ ਤੇ ਆਪ ਘੋੜੀਆਂ ਤੇ ਕਾਠੀਆਂ ਪਾ ਕੇ ਨੱਸਣ ਦੀਆਂ ਤਿਆਰੀਆਂ ਵਿੱਚ ਬੈਠ ਗਏ।
੧੯੫. ਪਿਸ਼ਾਵਰ ਤੇ ਕਬਜ਼ਾ
ਬਾਰਕਜ਼ੇਈ ਪਠਾਣ ਸੁੰਨੀ ਮੁਸਲਮਾਨ ਹਨ ਤੇ ਪਿਸ਼ਾਵਰ ਦੀ ਮੁਸਲਮਾਨੀ ਵਸੋਂ ਸ਼ਈਆ। ਗੁਲਾਮ ਖਾਂ ਪਿਸ਼ਾਵਰੀਆਂ ਨੇ ਮੁਸਲਮਾਨਾਂ ਵੱਲੋਂ ਸਰਦਾਰ ਹਰੀ ਸਿੰਘ ਅੱਗੇ ਬਿਨੇ ਪੱਤ੍ਰ ਭੇਜਿਆ ਕਿ ਅਸੀਂ ਲਾਹੌਰ ਦਰਬਾਰ ਦੇ ਅਧੀਨ ਰਹਿਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਪਿਸ਼ਾਵਰ ਦੇ ਹਿੰਦੂਆਂ ਦਾ ਬੇਨਤੀ ਪੱਤਰ ਪੁੱਜਾ। ਸਰਦਾਰ ਹਰੀ ਸਿੰਘ ਨੇ ਸੁਲਤਾਨ ਮੁਹੰਮਦ ਖਾਂ ਨੂੰ ਲਿਖਿਆ ਕਿ ਫੌਰਨ ਸ਼ਹਿਰ ਛੱਡ ਕੇ ਮਰਦਾਨ ਖਾਂ ਦੇ ਬਾਗ਼ ਵਿੱਚ ਚਲੇ ਜਾਓ, ਕਿਉਂਕਿ ਕੰਵਰ ਨੌਨਿਹਾਲ ਸਿੰਘ ਸ਼ਹਿਰ ਵੇਖਣਾ ਚਾਹੁੰਦੇ ਹਨ। 'ਤਾਰ ਵਜੀ ਤੇ ਰਾਗ ਪਛਾਤਾ' ਵਾਲੀ ਗੱਲ ਇੱਥੇ ਸੀ। ਸੁਲਤਾਨ ਮੁਹੰਮਦ ਖਾਂ ਆਪਣੇ ਬਾਰਕਜ਼ੇਈ ਪਠਾਣਾਂ ਨੂੰ ਨਾਲ ਲੈ ਕੇ ਪਹਾੜੀਆਂ ਵਿੱਚ ਨੱਸ ਗਿਆ।
੧੯੬. ਲਾਹੌਰ ਦੀ ਫੌਜ ਦਾ ਪਿਸ਼ਾਵਰ ਸ਼ਹਿਰ ਤੇ ਕਬਜ਼ਾ
ਸਿੱਖਾਂ ਦੀ ਫੌਜ ਦੇ ਪਹਿਲੇ ਦਸਤੇ ਦੇ ਸ਼ਹਿਰ ਵਿੱਚ ਦਾਖਲ ਹੋਣ ਤੇ ਹਾਜ਼ੀ ਖਾਂ ਨੇ ਥੋੜ੍ਹਾ ਜਿਹਾ ਚਿਰ ਲੜਾਈ ਕੀਤੀ, ਕਿੰਤੂ ਅੰਤ ਨੂੰ ਓਹ ਵੀ ਨੱਸ ਗਿਆ। ੬ ਮਈ ੧੮੩੪ (ਸੰ: ੧੮੯੨) ਦੇ ਸ਼ੁਰੂ ਵਿੱਚ ਪਿਸ਼ਾਵਰ ਤੇ ਸਿੱਖਾਂ ਨੇ ਕਬਜ਼ਾ ਕੀਤਾ, ਕਿੰਤੂ ਮਹਾਰਾਜਾ ਸਾਹਿਬ ਨੂੰ ਇਸ ਪਾਸੇ ਦੀ ਪੂਰੀ ਤਰ੍ਹਾਂ ਤਸੱਲੀ ਨਹੀਂ ਹੋਈ ਸੀ। ਇਸ ਕਰ ਕੇ ਇੱਧਰ ਫੌਜ ਭੇਜਦੇ ਹੀ ਰਹੇ। ਪਹਿਲਾਂ ਸ਼ਾਹਜ਼ਾਦਾ ਕਸ਼ਮੀਰਾ ਸਿੰਘ ਨੂੰ ਫੌਜ ਦੇ ਕੇ ਭੇਜਿਆ, ਫਿਰ ਸ੍ਰ. ਤੇਜਾ ਸਿੰਘ ਨੂੰ ਫੌਜ ਦੇ ਕੇ ਖ਼ਾਸ ਪਿਸ਼ਾਵਰ ਰਵਾਨਾ ਕੀਤਾ। ਫਿਰ ਇੱਕ ਮਹੀਨਾ ਆਪ ਰੋਹਤਾਸ ਠਹਿਰ ਕੇ ਖੁਦ ਪਿਸ਼ਾਵਰ ਵੱਲ ਫੌਜ ਲੈ ਕੇ ਚਲੇ ਗਏ।
ਜਿਸ ਵੇਲੇ ਪਿਸ਼ਾਵਰ ਤੇ ਸਿੱਖਾਂ ਦੇ ਕਬਜ਼ੇ ਦੀ ਖ਼ਬਰ ਅਮੀਰ ਦੋਸਤ ਮੁਹੰਮਦ ਖਾਂ ਕਾਬਲ ਵਾਲੇ ਨੇ ਸੁਣੀ, ਉਸ ਵੇਲੇ ਓਸ ਨੇ ਝਟ ਜਹਾਦ ਦਾ ਇਸ਼ਤਿਹਾਰ ਕੱਢ ਦਿੱਤਾ ਤੇ ਫੌਜ ਲੈ ਕੇ ਚੜ੍ਹਾਈ ਕਰ ਦਿੱਤੀ। ਪਹਿਲਾਂ ਜਲਾਲਾਬਾਦ ਆਇਆ। ਕੁਰਬਾਨੀ ਦੀ ਈਦ ਵਾਲੇ ਦਿਨ ਨਸਵਾਲ ਦੇ ਮੁਕਾਮ ਤੇ ਨਿਮਾਜ਼ ਪੜ੍ਹੀ, ਜਿੱਤ ਦੀ ਦੁਆ ਮੰਗੀ। ਸਰਹੱਦੀ ਮਜ਼੍ਹਬੀ ਦੀਵਾਨੇ ਵੀ ਬਹੁਤ ਸਾਰੇ ਨਾਲ ਸਨ ਤੇ ਓਹ ਸੀਕਾਨ ਦੇ ਮੁਕਾਮ ਤੇ ਖ਼ੈਬਰ ਪਾਸ ਅੱਪੜ ਗਿਆ।