

ਮਹਾਰਾਜੇ ਦੇ ਪ੍ਰਸ਼ਨ ਇਸ ਤਰ੍ਹਾਂ ਦੇ ਸਨ:
ਹਿੰਦ ਵਿੱਚ ਸਰਕਾਰ ਅੰਗ੍ਰੇਜ਼ੀ ਦੀ ਜੰਗੀ ਤਾਕਤ ਕਿੰਨੀ ਹੈ? ਕੀ ਫਰਾਂਸ ਦੀ ਤਾਕਤ ਹਿੰਦ ਵੱਲ ਆਉਣ ਲੱਗੇ ਰੂਸ ਨੂੰ ਰੋਕਣ ਲਈ ਕਾਫੀ ਹੈ? ਕੀ ਰੂਸ ਦਾ ਫਰਾਂਸ ਨਾਲ ਮਿਲ ਜਾਣਾ ਸੱਚ ਮੁੱਚ ਅੰਗ੍ਰੇਜ਼ਾਂ ਲਈ ਹਾਨੀਕਾਰਕ ਹੈ? ਜੇ ਅਜਿਹਾ ਹੈ ਤਾਂ ਕਿਸ ਤਰ੍ਹਾਂ ਦਾ?
ਫਿਰ ਸੈਨਾਪਤੀ ਨੇ ਅੰਗ੍ਰੇਜ਼ਾਂ ਵੱਲੋਂ ਮਹਾਰਾਜਾ ਸਾਹਿਬ ਅੱਗੇ ਇਹ ਤੋਹਫਾ ਦਿੱਤਾ—ਇਕ ਹਾਥੀ ਦੀ ਜ਼ੰਜੀਰ, ੮ ਘੋੜੇ ਇੱਕ ਦੋਨਾਲੀ ਬੰਦੂਕ, ਇੱਕ ਇੱਕ ਨਾਲੀ ਪਸਤੌਲ, ੫੧ ਕਿਸ਼ਤੀਆਂ ਕਪੜਿਆਂ ਤੇ ਗਹਿਣਿਆਂ ਦੀਆਂ। ਸਭ ਰਸਮਾਂ ਹੋ ਚੁੱਕਣ ਤੇ ਮਹਾਰਾਜਾ ਸਾਹਿਬ ਹਾਥੀ ਤੇ ਸਵਾਰ ਹੋ ਕੇ ਅੰਗ੍ਰੇਜ਼ੀ ਤੋਪਖਾਨੇ ਦੀ ਕਵਾਇਦ ਵੇਖਣ ਲਈ ਗਏ। ਓਥੇ ਵੀ ਓਹਨਾਂ ਤੋਪਖਾਨੇ ਬਾਬਤ ਜ਼ਰਾ ਜ਼ਰਾ ਗੱਲ ਪੁੱਛੀ, ਘੋੜਿਆਂ ਦਾ ਸਾਮਾਨ ਕਿਸ ਕਿਸ ਮੁਲਕ ਵਿੱਚੋਂ ਆਉਂਦਾ ਹੈ? ਤੋਪਾਂ ਕਿੱਥੇ ਢਾਲਦੇ ਹਨ? ਕਿੰਨਾ ਗੋਲਾ ਇਨ੍ਹਾਂ ਵਿੱਚ ਪੈਂਦਾ ਹੈ?
੧੬ ਤਰੀਕ ਨੂੰ ਮਹਾਰਾਜਾ ਸਾਹਿਬ ਨੇ ਆਪਣੀ ੧੮ ਹਜ਼ਾਰ ਫੌਜ ਦੀ ਕਵਾਇਦ ਵਿਖਾਈ। ਇਹ ਫੌਜ ਅੰਗ੍ਰੇਜ਼ੀ ਲਿਬਾਸ ਵਿੱਚ ਯੂਰਪੀਨ ਅਫਸਰਾਂ ਪਾਸੋਂ ਯੂਰਪੀਨ ਢੰਗ ਦੀ ਕਵਾਇਦ ਸਿੱਖੀ ਸੀ। ਫੌਜ ਦੀ ਕਵਾਇਦ ਤੇ ਚੁਸਤੀ ਵੇਖ ਕੇ ਸੈਨਾਪਤੀ ਦੰਗ ਰਹਿ ਗਿਆ।
੧੭ ਤਰੀਕ ਨੂੰ ਮਹਾਰਾਜਾ ਸਾਹਿਬ ਨੇ ਅੰਗ੍ਰੇਜ਼ੀ ਫੌਜ ਦੀ ਕਵਾਇਦ ਵੇਖੀ। ਘੋੜਿਆਂ ਦੀ ਦੌੜ ਤੇ ਗੋਲਿਆਂ ਦਾ ਚਲਣਾ, ਤੋਪ ਦੇ ਅੰਗ-ਅੰਗ ਅੱਡ ਕਰ ਲੈਣੇ, ਫਿਰ ਜੋੜ ਦੇਣੇ ਆਦਿਕ ਵੇਖ ਮਹਾਰਾਜਾ ਅਚੰਭਾ ਰਹਿ ਗਿਆ। ਪਹਿਲਾਂ ਤਾਂ ਓਹਨਾਂ ਸਮਝਿਆ ਕਿ ਕਿਸੇ ਘੋੜੇ ਦੇ ਸਾਜ਼ ਦਾ ਤਸਮਾ ਟੁੱਟ ਗਿਆ ਹੈ, ਜਾਂ ਪੱਯੇ ਦਾ ਧੁਰਾ ਟੁੱਟ ਗਿਆ ਹੈ, ਕਿੰਤੂ ਜਦ ਦੂਜੀ ਵਾਰ ਫੇਰ ਓਹਨਾਂ ਇੰਜ ਹੀ ਕਰ ਕੇ ਦੱਸਿਆ ਤੇ ਇੱਕ ਲਮਹੇ ਵਿੱਚ ਤੋਪ ਦੇ ਪੁਰਜੇ ਅੱਡ ਕਰ ਕੇ ਫਿਰ ਜੋੜ ਲਏ, ਤਦ ਮਹਾਰਾਜਾ ਨੂੰ ਯਕੀਨ ਹੋਇਆ ਕਿ ਸੱਚਮੁੱਚ ਇਨ੍ਹਾਂ ਆਪਣੇ ਕਰਤੱਵ ਵਿੱਚ ਕਮਾਲ ਕਰ ਰੱਖਿਆ ਹੈ। ਸੰਧ੍ਯਾ ਨੂੰ ਮਹਾਰਾਜਾ ਸਾਹਿਬ ਦੀ ਫੌਜ ਨੇ ਆਪਣੀਆਂ ਤੋਪਾਂ ਨਾਲ ਇਸ ਤਰ੍ਹਾਂ ਨਸ਼ਾਨੇ ਮਾਰ ਕੇ ਵਿਖਾਏ ਕਿ ਸੈਨਾਪਤੀ ਦੰਗ ਰਹਿ ਗਿਆ। ਫਿਰ ਜਦ ਮਹਾਰਾਜੇ ਨੇ ਚਮੜੇ ਦੀ ਤੋਪ ਚਲਵਾ ਕੇ ਦੱਸੀ, ਜਿਸ ਦੇ ਨਾਲ ਸੱਤ ਸੱਤ ਅੱਠ ਅੱਠ ਫਾਇਰ ਬਰੰਜੀ ਆਹਨੀ ਤੋਪਾਂ ਦੇ ਬਰਾਬਰ ਹੁੰਦੇ ਸਨ, ਦੱਸ ਦੱਸ ਨੂੰ ਚੁੱਕ ਕੇ ਇੱਕ ਇੱਕ ਸਿਪਾਹੀ ਪਹਾੜ ਤੇ ਲੈ ਜਾਂਦਾ ਵੇਖ ਕੇ ਲਾਟ ਸਾਹਿਬ ਚਕ੍ਰਿਤ ਰਹਿ ਗਿਆ। ਪੁੱਛਣ ਲੱਗਾ, "ਇਹ ਕਿੱਥੋਂ ਆਂਦੀ ਹੈ?" ਮਹਾਰਾਜਾ ਨੇ ਸਰਦਾਰ ਲਹਿਣਾ ਸਿੰਘ ਮਜੀਠਾ ਨੂੰ ਅੱਗੇ ਕਰ ਕੇ ਕਿਹਾ ਕਿ ਇਹ ਇਸ ਵਲਾਇਤੋਂ ਨਿੱਕਲੀ ਹੈ। ਗਵਰਨਰ ਸਰਦਾਰ ਲਹਿਣਾ ਸਿੰਘ ਨਾਲ ਹੱਥ ਮਿਲਾ ਕੇ ਬੜਾ ਖ਼ੁਸ਼ ਹੋਇਆ ਤੇ ਓਹਨਾਂ ਦੇ ਹੁਨਰ ਦੀ ਤਾਰੀਫ਼ ਕੀਤੀ।
੧੮ ਤਰੀਕ ਨੂੰ ਮਹਾਰਾਜਾ ਨੇ ਅੰਗ੍ਰੇਜ਼ੀ ਤੋਪਖਾਨੇ ਦੀ ਫੇਰ ਕਵਾਇਦ ਵੇਖੀ, ੪੦੦ ਗਜ਼ ਦੀ ਵਿਥ ਤੇ ਇੱਕ ਛਤਰੀ ਰੱਖੀ ਗਈ, ਜਿਸ ਨੂੰ ਪੰਜ ਛੀ ਫਾਇਰਾਂ ਵਿੱਚ ਉਡਾ ਦਿੱਤਾ ਗਿਆ। ਮਹਾਰਾਜੇ ਨੇ ਖ਼ੁਸ਼ ਹੋ ਕੇ ੧੨੦੦ ਰੁਪਯਾ ਤੋਪਖਾਨੇ ਦੇ ਸਪਾਹੀਆਂ ਨੂੰ ਇਨਾਮ ਵਜੋਂ ਦਿੱਤਾ।
੨੦੧. ਲੇਡੀ ਦਾ ਰਣਵਾਸ ਵਿੱਚ ਜਾਣਾ ਤੇ ਰਾਣੀਆਂ ਨੂੰ ਮਿਲਣਾ
੧੯ ਤਰੀਕ ਨੂੰ ਸੈਨਾਪਤੀ ਦੀ ਮੇਮ ਕੁਝ ਹੋਰ ਮੇਮਾਂ ਦੇ ਨਾਲ ਸਮਨ ਬੁਰਜ ਵਿੱਚ ਰਾਣੀਆਂ ਨੂੰ ਮਿਲਣ ਗਈ। ਅੰਦਰ ਸਵਾਏ ਮਹਾਰਾਜਾ ਸਾਹਿਬ ਦੇ ਹੋਰ ਕੋਈ ਮਰਦ ਨਹੀਂ ਸੀ। ਸ਼ਾਹਜ਼ਾਦਾ ਖੜਗ ਸਿੰਘ ਦੀ ਮਾਤਾ ਨੇ ਹੋਰ ਰਾਣੀਆਂ ਸਮੇਤ ਦਰਵਾਜ਼ੇ ਤੱਕ ਸਵਾਗਤ ਕੀਤਾ ਤੇ ਬੈਠਣ ਲਈ ਸੋਨੇ ਦੀਆਂ ਕੁਰਸੀਆਂ ਦਿੱਤੀਆਂ। ਮੇਮਾਂ ਰਾਣੀਆਂ ਦੇ ਲਿਬਾਸ ਤੇ ਕੱਪੜਿਆਂ ਨੂੰ ਵੇਖ ਵੇਖ ਤੇ ਰਾਣੀਆਂ ਮੇਮਾਂ ਦੀ ਸਜ ਧਜ ਵੇਖ ਖ਼ੁਸ਼ ਹੁੰਦੀਆਂ ਰਹੀਆਂ। ਆਪਸ ਦੀਆਂ ਗੱਲਾਂ ਦਾ ਉਲਥਾ ਜਨਰਲ ਅਲਾਰਡ ਤੇ ਵੰਟੋਰਾ ਦੀਆਂ ਮੇਮਾਂ ਜੋ ਪੰਜਾਬਣਾਂ ਵਾਂਗ ਕਪੜੇ ਪਾਈ ਨਾਲ ਹੀ ਸਨ, ਸੁਣਾਂਦੀਆਂ ਰਹੀਆਂ। ਮੇਮਾਂ ਦੇ ਜਾਣ ਸਮੇਂ ਮਹਾਰਾਣੀ ਸਾਹਿਬਾਂ ਨਕਾਇਨ ਨੇ ਇਨ੍ਹਾਂ ਨੂੰ ਬਹੁਮੁੱਲੇ ਤੋਹਫੇ ਦੇ ਕੇ ਭੇਜਿਆ।